ਪੰਜਾਬ ਦੀ ਕਿਸਾਨੀ ਦੀਆਂ ਵਿਦੇਸ਼ਾਂ ਵੱਲ ਵਹੀਰਾਂ ਪਰ ਏਜੰਟਾਂ ਤੋਂ ਬਚੋ!


ਪੰਜਾਬ ਦੀ ਬਹੁਤੀ ਜਵਾਨੀ ਪੰਜਾਬ ਵਿੱਚ ਆਪਣੇ ਭਵਿੱਖ ਤੋਂ ਚਿੰਤਾਤੁਰ ਹੋਕੇ ਪੜਾਈ ਨੂੰ ਅਧਾਰ ਬਣਾ ਕੇ ਵਿਦੇਸ਼ਾਂ ਵਿੱਚ ਆਪਣੇ ਪੈਰ ਜਮਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਜਾ ਚੁੱਕੀ ਹੈ| ਜਿਸ ਵਿੱਚ ਆਸਟ੍ਰੇਲੀਆ, ਕੈਨੇਡਾ, ਯੂ ਕੇ, ਅਮਰੀਕਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਛੋਟੇ ਮੋਟੇ ਦੇਸ਼ ਸ਼ਾਮਿਲ ਹਨ| ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਲਗਭਗ ਬੰਦ ਹੋ ਗਏ ਹਨ| ਕੇਂਦਰ ਦੇ ਮਹਿਕਮਿਆਂ ਵਿਚੋਂ ਡੀਫੈਂਸ ਦਾ ਮਹਿਕਮਾ ਹੀ ਪੰਜਾਬੀਆਂ ਲਈ ਨੌਕਰੀ ਦੇ ਮੌਕੇ ਪੈਦਾ ਕਰਦਾ ਸੀ ਪਰ ਹੁਣ ਪਿਛਲੇ ਸਮੇਂ ਤੋਂ ਪੰਜਾਬੀਆਂ ਦੀ ਫ਼ੌਜ ਵਿੱਚ ਭਰਤੀ 15 ਤੋਂ ਘਟਾ ਕੇ 1-2 ਫੀਸਦੀ ਕਰ ਦਿੱਤੀ ਗਈ ਹੈ ਅਤੇ ਇਸ ਚੋਣ ਵਿੱਚ ਵੀ ਹੁਣ ਪੰਜਾਬ ਦੀ ਜਵਾਨੀ ਖਰੀ ਨਹੀਂ ਉਤਰਦੀ| ਵਿਦੇਸ਼ਾਂ ਵਿੱਚ ਜਾਣ ਵਾਲੀ ਜਵਾਨੀ ਵਿੱਚ ਬਹੁਤੇ ਬੱਚੇ ਕਿਸਾਨ ਪਰਿਵਾਰਾਂ ਨਾਲ ਹੀ ਸੰਬੰਧ ਰੱਖਦੇ ਹਨ| ਚਲੋ ਮੰਨਿਆ ਕਿ ਨੌਜਵਾਨਾਂ ਦਾ ਬਹੁਤਾਂਤ ਵਿੱਚ           ਵਿਦੇਸ਼ ਜਾਣ ਦਾ ਕਾਰਣ ਪੜਾਈ ਕਰਨ ਜਾਣਾ ਹੈ, ਪਰ ਜਵਾਨੀ ਤੋਂ ਬਾਅਦ ਹੁਣ ਪੰਜਾਬ ਦੀ ਕਿਸਾਨੀ ਨੂੰ ਵੀ ਆਪਣਾ ਭਵਿੱਖ ਵਿਦੇਸ਼ ਵਿੱਚ ਹੀ ਨਜ਼ਰ ਆ ਰਿਹਾ ਹੈ| ਖੇਤੀ ਆਰਡੀਨੈਂਸ ਨੇ ਤਾਂ ਕਿਸਾਨਾਂ ਦੀਆਂ ਧਾਹਾਂ ਕਢਵਾ ਦਿੱਤੀਆਂ ਹਨ| ਡੀਜਲ, ਖਾਦਾਂ, ਕੀਟਨਾਸ਼ਕ ਖਰੀਦਣੇ ਪਹੁੰਚ ਤੋਂ ਬਾਹਰ ਹੋ ਰਹੇ ਹਨ| ਖਰਚੇ ਵੱਧ ਰਹੇ ਹਨ ਤੇ ਆਮਦਨ ਘੱਟ ਰਹੀ ਹੈ| ਹਰ ਸਾਲ ਕਰਜ਼ੇ ਦੀ ਪੰਡ ਦਾ ਬੋਝ ਵੱਧਦਾ ਜਾ ਰਿਹਾ ਹੈ| ਪੰਜਾਬ ਵਿੱਚ ਪੰਜ ਕਿਸਮ ਦੇ ਲੋਕ ਹੀ ਸੁਖਾਲੇ ਹਨ ਲੀਡਰ, ਸਾਧ, ਅਫਸਰ, ਮੁਲਾਜ਼ਮ ਤੇ ਵਪਾਰੀ| ਬਾਕੀ ਮੱਧ ਵਰਗ ਨਾਲ ਸੰਬੰਧਿਤ ਲੋਕ ਤੋਰੀ ਵਾਂਗ ਅੱਧ ਵਿਚਾਲੇ ਲਟਕ ਰਹੇ ਹਨ ਅਤੇ ”ਅੱਛੇ ਦਿਨ ਆਏਗੇਂ” ਦੀ ਉਡੀਕ ਵਿੱਚ ਜਿੰਦਗੀ ਬਤੀਤ ਕਰ ਰਹੇ ਹਨ| ਪਿਛਲੇ ਕੁਝ ਸਮੇਂ ਵਿੱਚ ਜਿੱਥੇ ਪੜਾਈ ਦੇ ਅਧਾਰ ਤੇ ਨੌਜਵਾਨ ਵਰਗ ਪੰਜਾਬ ਨੂੰ ਅਲਵਿਦਾ ਕਹਿ ਗਿਆ ਉੱਥੇ ਖੇਤੀ ਦੇ ਅਧਾਰ ਤੇ ਬਹੁਤ ਸਾਰੇ ਅੱਧਖੜ ਜਾਂ 35 ਤੋਂ 45 ਸਾਲ ਦੇ ਲੋਕਾਂ ਨੇ ਵਿਦੇਸ਼ਾਂ ਵੱਲ ਨੂੰ ਮੁਹਾਣਾ ਕਰ ਲਿਆ| ਪੰਜਾਬੀਆਂ ਦੇ ਸਿਰ ਤੇ ਵਿਦੇਸ਼ ਜਾਣ ਦਾ ਐਸਾ ਭੂਤ ਸਵਾਰ ਹੋਇਆ ਕਿ ਉਹ ਪੰਜਾਬ ਜਿਸ ਨੂੰ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ, ਨੂੰ ਛੱਡ ਕੇ ਹੋਰ ਨਿੱਕੇ ਮੋਟੇ ਦੇਸ਼ਾਂ ਵਿੱਚ ਖੇਤੀ ਕਰਨ ਜਾ ਰਹੇ ਹਨ|
ਕੁਝ ਦਿਨ ਪਹਿਲਾਂ ਇੱਕ ਟੀ. ਵੀ ਚੈਨਲ ਉੱਤੇ ਜੋਰਜੀਆ ਦੇਸ਼ ਵਿੱਚ ਜਾਣ ਦੇ ਅਸਾਨ ਤਰੀਕਿਆਂ ਉੱਤੇ ਚੱਲ ਰਹੇ ਪ੍ਰੋਗਰਾਮ ਨੂੰ ਦੇਖਿਆ| ਉਸ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਜੋਰਜੀਆ ਦੇਸ਼ ਬਾਰੇ ਇੰਟਰਨੈਟ ਤੇ ਚੰਗੀ ਤਰ੍ਹਾਂ ਜਾਣਕਾਰੀ ਇਕੱਠੀ ਕੀਤੀ ਅਤੇ ਪਤਾ ਲੱਗਿਆ ਕਿ ਜੌਰਜੀਆ ਦੇਸ਼ ਨੇ ਕਿਸਾਨਾਂ ਨੂੰ ਆਪਣੇ ਦੇਸ਼ ਵਿੱਚ ਜਮੀਨਾਂ ਖਰੀਦਣ ਲਈ ਖੁੱਲ੍ਹ ਦਿੱਤੀ ਹੈ ਅਤੇ ਘੱਟੋ ਘੱਟ 5  ਲੱਖ 50 ਹਜ਼ਾਰ ਰੁਪਏ ਨਿਵੇਸ਼ ਕਰਨ ਦੀ ਸ਼ਰਤ ਰੱਖੀ ਹੈ| ਪਰ ਜਦੋਂ ਅਜਿਹਾ ਕੋਈ ਮੌਕਾ ਆਉਦਾ ਹੈ ਤਾਂ ਸਾਡੇ ਪੰਜਾਬ ਵਿੱਚ ਬੈਠੇ ਦਲਾਲ ਸਰਗਰਮ ਹੋ ਜਾਂਦੇ ਹਨ| ਇਹਨਾਂ ਏਜੰਟਾਂ ਵੱਲੋਂ ਵੱਖ ਵੱਖ ਅਖਬਾਰਾਂ ਜਾਂ ਟੀ. ਵੀ ਚੈਨਲਾ ਵਿੱਚ ਇਸ਼ਤਿਹਾਰ ਦੇਕੇ ਕਿਸਾਨਾਂ ਨੂੰ ਜੌਰਜੀਆ ਦੇ ਸਬਜ਼ਬਾਗ ਵਿਖਾਏ ਜਾਂਦੇ ਹਨ| ਉਨ੍ਹਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉੱਥੇ ਜਮੀਨਾਂ ਦੇ ਭਾਅ ਬਹੁਤ ਘੱਟ ਹਨ, ਬਿਜਲੀ  24 ਘੰਟੇ  ਹੈ, ਜਮੀਨ ਬਹੁਤ ਉਪਜਾਊ ਹੈ, ਆਦਿ| ਸਿਆਣਿਆਂ ਦਾ ਕਥਨ ਹੈ ਕਿ ”ਮਰਦਾ ਕੀ ਨਹੀਂ ਕਰਦਾ” ਏਜੰਟਾਂ ਦੀਆਂ ਗੱਲਾਂ ਵਿੱਚ ਆ ਕੇ ਪੰਜਾਬ ਦੇ ਕਿਸਾਨਾਂ ਨੇ ਜੌਰਜੀਆ ਵਰਗੇ ਹੋਰ ਛੋਟੇ ਮੋਟੇ ਦੇਸ਼ਾਂ ਵੱਲ ਵਹੀਰਾਂ ਘੱਤ ਲਈਆਂ| ਲੱਖਾਂ ਰੁਪਏ ਖਰਚ ਕਰ ਕੇ ਜਦ ਉੱਥੇ ਪਹੁੰਚਦੇ ਹਨ ਤਾਂ ਅੱਗੇ ਇਹਨਾਂ ਏਜੰਟਾਂ ਨੇ ਜਾਲ ਵਿਛਾਇਆ ਹੁੰਦਾ ਹੈ| ਖੁਦ ਹੀ ਜਮੀਨਾਂ ਦੇ ਸੌਦੇ ਕਰਵਾਉੱਦੇ ਹਨ ਅਤੇ ਘੱਟ ਭਾਅ ਵਾਲੀਆਂ ਜਮੀਨਾਂ ਵੱਧ ਭਾਅ ਵਿੱਚ ਦੇ ਕੇ ਕਿਸਾਨਾਂ ਨੂੰ ਚੂਨਾ ਲਗਾ ਰਹੇ ਹਨ| ਇਹ ਏਜੰਟ ਉੱਥੋਂ ਦੀ ਪ੍ਰਤੀ                 ਏਕੜ ਖਰਚਾ ਕੱਢ ਕੇ ਆਮਦਨ 50 ਹਜ਼ਾਰ ਦੱਸਦੇ ਹਨ ਪਰ ਸੱਚ ਤਾਂ ਇਹ ਹੈ ਕਿ ਉਥੋਂ ਦੀ ਜਿਆਦਾਤਰ ਜਮੀਨ ਬੇ ਅਬਾਦ ਹੈ ਅਤੇ ਖੇਤਾਂ ਵਿੱਚ ਬਿਜਲੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ| ਇਸ           ਦੇਸ਼ ਨੂੰ ਯੂਰਪੀਅਨ ਦੇਸ਼ ਦੱਸਦੇ ਹਨ ਪਰ ਹਾਲੇ ਤੱਕ ਇਸਨੂੰ ਯੂਰਪ ਮਹਾਂਦੀਪ ਵਿੱਚ ਸ਼ਾਮਿਲ ਨਹੀ ਕੀਤਾ ਗਿਆ| ਦੇਸ਼ ਕਾਫੀ ਗਰੀਬ ਅਤੇ ਪੱਛੜਿਆ ਹੈ, ਬਹੁਤਾਂਤ ਰਸਤੇ ਵੀ ਕੱਚੇ ਹਨ| ਕਿਸਾਨ ਦੀ ਕਿਸੇ ਵੀ ਫਸਲ ਦੀ ਸਰਕਾਰੀ ਖਰੀਦ ਨਹੀਂ ਹੈ, ਫਸਲ ਨਿੱਜੀ ਕੰਪਨੀਆਂ ਦੁਆਰਾ ਖਰੀਦੀ ਜਾਂਦੀ ਹੈ| ਖੇਤਾਂ ਵਿੱਚ ਆਰਜ਼ੀ ਘਰ ਬਣਾ ਕੇ ਰਹਿਣਾ ਪੈਂਦਾ ਹੈ| ਉੱਥੋਂ ਦੀ ਮੁੱਖ ਭਾਸ਼ਾ ਜੌਰਜੀਅਨ ਹੈ ਜਿਸ ਕਰਕੇ ਪੜੇ ਲਿਖੇ ਕਿਸਾਨਾਂ ਨੂੰ ਵੀ ਮੁਸ਼ਕਿਲ ਪੇਸ਼ ਆਉਂਦੀ ਹੈ| ਇਹ ਗੱਲ ਠੀਕ ਹੈ ਕਿ ਜੇਕਰ ਸਾਨੂੰ ਆਪਣੇ ਦੇਸ਼ ਵਿਚ ਰੋਟੀ ਸੁਖਾਲੀ ਮਿਲੇ ਤਾਂ ਪ੍ਰਦੇਸ਼ ਜਾਣ ਦੀ ਕੀ ਜਰੂਰਤ ਹੈ| ਪਰ ਸੋਚਣ ਵਾਲੀ ਗੱਲ ਇਹ ਹੈ ਕਿ            ਜੇਕਰ ਅਸੀਂ ਜੌਰਜੀਆ ਵਰਗੇ ਛੋਟੇ ਮੋਟੇ ਦੇਸ਼ਾਂ ਦੇ ਉਜਾੜ ਬੀਆਬਾਨ ਵਿੱਚ ਜਾ ਕੇ ਖੋਰੀ ਖੋਦਣੀ ਹੈ ਤਾਂ ਕੀ ਅਸੀਂ ਪੰਜਾਬ ਵਰਗੀ ਉਪਜਾਊ ਧਰਤੀ ਉੱਤੇ ਉਹੀ ਕੰਮ ਨਹੀਂ ਕਰ ਸਕਦੇ| ਪਰ ਅਸਲ ਵਿੱਚ ਗੱਲ ਇਹ ਹੈ ਕਿ ਅਸੀਂ ਇਹ ਦੇਸ਼, ਇਹ ਸੂਬਾ ਗਲਤ ਹੱਥਾਂ ਵਿੱਚ ਦੇ ਚੁੱਕੇ ਹਾਂ| ਪੰਜਾਬ ਦੀ ਬਣ ਰਹੀ ਤਰਸਯੋਗ ਹਾਲਤ ਦੇ ਜਿੰਮੇਵਾਰ ਪੰਜਾਬ ਦੀ ਸਿਆਸਤ ਅਤੇ ਏਜੰਟ ਹਨ ਜੋ ਦੋਵੇਂ ਮਿਲ ਕੇ ਪੰਜਾਬ ਨੂੰ ਹਰ ਪਾਸੇ ਤੋਂ ਢਾਹ ਲਾ ਰਹੇ ਹਨ| ਜਰੂਰਤ ਹੈ ਸਾਨੂੰ ਜਾਗਰੂਕ ਹੋਣ ਦੀ ਅਤੇ ਅਜਿਹੇ ਏਜੰਟਾਂ ਤੋਂ ਬਚਣ ਦੀ ਜੋ ਭੋਲੇ ਭਾਲੇ ਲੋਕਾਂ ਦੀਆਂ ਭਾਵਨਾਵਾਂ ਅਤੇ ਆਸ਼ਾਵਾਂ  ਨਾਲ ਖਿਲਵਾੜ ਕਰ ਰਹੇ ਹਨ|
ਹਰਕੀਰਤ ਕੌਰ ਸਭਰਾ
9779118066

Leave a Reply

Your email address will not be published. Required fields are marked *