ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਦ੍ਰਿੜ ਇਰਾਦਿਆਂ ਦੀ ਲੋੜ : ਧਨੋਆ

ਐਸ ਏ ਐਸ ਨਗਰ, 26 ਜੂਨ (ਸ.ਬ.) ਪੰਜਾਬ ਵਿੱਚ ਨਸ਼ੇ ਕਰਕੇ ਮਰਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| ਪਿੰਡਾਂ ਵਿੱਚ ਜਵਾਨੀ ਭਿਆਨਕ ਰੂਪ ਨਾਲ ਕੈਮੀਕਲ ਨਸ਼ਿਆਂ ਦਾ ਸ਼ਿਕਾਰ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੌਂਸਲਰ ਅਤੇ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਕੀਤਾ|
ਉਨ੍ਹਾਂ ਕਿਹਾ ਕਿ ਇੰਨਾ ਭਾਰੀ ਸਰਕਾਰੀ ਤੰਤਰ, ਪੁਲੀਸ, ਸਰਕਾਰ ਦਾ ਸਾਰਾ ਜੋਰ ਨਸ਼ਿਆਂ ਨੂੰ ਰੋਕਣ ਤੇ ਲੱਗਿਆ ਪਿਆ ਹੈ| ਅਪਰਾਧੀ ਲੋਕ ਚੋਰ ਮੋਰੀਆਂ ਦਾ ਫਾਇਦਾ ਉਠਾ ਕੇ ਨੌਜਵਾਨੀ ਨੂੰ ਕੁਰਾਹੇ ਪਾ ਰਹੇ ਹਨ| ਨਸ਼ਾ ਕਰਨ ਵਾਲੇ ਅੱਗੇ ਲਗਾਤਾਰ ਕੋਹੜ ਵਾਂਗ ਇਸ ਨੂੰ ਫੈਲਾ ਰਹੇ ਹਨ ਅਤੇ ਇਹ ਲਗਾਤਾਰ ਸਾਡੀ ਜਵਾਨੀ ਨੂੰ ਖੋਖਲਾ ਕਰਦਾ ਜਾ ਰਿਹਾ ਹੈ ਅਤੇ ਜਿਹੜੇ ਇਹ ਘੁਣ ਸਮਾਜ ਵਿੱਚ ਫੈਲਾ ਰਹੇ ਹਨ ਉਨ੍ਹਾਂ ਦੇ ਆਪਣੇ ਬੱਚੇ ਵੀ ਇਸ ਨਸ਼ੇ ਦੇ ਕੋਹੜ ਦਾ ਸ਼ਿਕਾਰ ਹਨ|
ਉਨ੍ਹਾਂ ਕਿਹਾ ਕਿ ਸਮਾਜ ਵਿੱਚ ਰੋਜ਼ਾਨਾ ਕਿੰਨੇ ਹੀ ਸੈਮੀਨਾਰ ਨਸ਼ਿਆਂ ਦੇ ਖਿਲਾਫ ਹੁੰਦੇ ਹਨ| ਪੁਲੀਸ ਆਪਣਾ ਕੰਮ ਕਰ ਰਹੀ ਹੈ| ਸਰਕਾਰਾਂ ਵੀ ਪੱਬਾਂ ਭਾਰ ਹੋਈਆਂ ਪਈਆਂ ਹਨ| ਤਾਂ ਫਿਰ ਵੀ ਲਗਾਤਾਰ ਨਸ਼ਾ ਸਮਾਜ ਵਿੱਚ ਨੌਜਵਾਨਾਂ ਵਿੱਚ ਵੱਧ ਰਿਹਾ ਹੈ| ਇਸ ਦੇ ਕੀ ਕਾਰਨ ਹਨ|
ਸਰਕਾਰੀ ਤੰਤਰ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਨੁਮਾਇੰਦਿਆਂ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ| ਉਨ੍ਹਾਂ ਦੀ ਜਵਾਬਦੇਹੀ ਇਸ ਮਾਮਲੇ ਵਿੱਚ ਤਹਿ ਕੀਤੀ ਜਾਵੇ| ਕਿਸੇ ਵੀ ਸਰਕਾਰੀ ਨੁਮਾਇੰਦੇ ਨੂੰ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੇ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਆਮ ਨਾਗਰਿਕਾਂ ਤੋਂ ਜਿਆਦਾ ਸਖਤ ਸਜਾ ਦਾ ਇੰਤਜਾਮ ਕੀਤਾ ਜਾਵੇ|
ਆਬਕਾਰੀ ਵਿਭਾਗ ਨੂੰ ਚਾਹੀਦਾ ਹੈ ਕਿ ਆਪਣੀ ਆਮਦਨ ਨੂੰ ਸ਼ਰਾਬ ਠੇਕੇ ਖੋਲ੍ਹ ਖੋਲ੍ਹ ਕੇ ਨਾ ਵਧਾਇਆ ਜਾਵੇ| ਲੋਕਾਂ ਦੀ ਸਿਹਤ ਦਾ ਵੀ ਧਿਆਨ ਦਿੱਤਾ ਜਾਵੇ! ਇਸ ਲਈ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਘਟਾਈ ਜਾਵੇ ਅਤੇ ਆਬਕਾਰੀ ਵਿਭਾਗ ਨੂੰ ਚਾਹੀਦਾ ਹੈ ਕਿ ਆਪਣੀ ਆਮਦਨ ਕਿਸੇ ਹੋਰ ਸਾਧਨਾ ਨਾਲ ਵਧਾਏ ਜਾਣ|
ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਇਹ ਚਾਹੀਦਾ ਹੈ ਕਿ ਬੱਚੇ ਦਾ ਧਿਆਨ ਸਕੂਲ ਪੱਧਰ ਤੋਂ ਹੀ ਰੱਖਿਆ ਜਾਵੇ| ਜਿਹੜੇ ਮਾਪੇ ਦੋਵੇਂ ਹੀ ਨੌਕਰੀ ਕਰਦੇ ਹਨ| ਉਹ ਆਪਣੇ ਬੱਚਿਆਂ ਨੂੰ ਇਕੱਲਤਾ ਮਹਿਸੂਸ ਨਾ ਕਰਨ ਦੇਣ| ਬੱਚਿਆਂ ਨੂੰ ਵਿਅਸਤ ਰੱਖਣ ਲਈ ਉਨ੍ਹਾਂ ਦੀ ਰੁਚੀ ਉਸਾਰੂ ਕੰਮਾਂ ਵੱਲ ਜਿਵੇਂ ਖੇਡਾਂ, ਸਮਾਜਿਕ ਗਤੀਵਿਧੀਆਂ ਵਿੱਚ ਸ਼ੁਰੂ ਤੋਂ ਹੀ ਭਾਗੀਦਾਰ ਬਣਾਉਣਾ ਚਾਹੀਦਾ ਹੈ| ਮਾਪੇ ਬੱਚਿਆਂ ਨੂੰ ਬੱਚੇ ਨਾ ਸਮਝ ਕੇ ਆਪਣੇ ਦੋਸਤਾਂ ਦੀ ਤਰ੍ਹਾਂ ਵਿਹਾਰ ਕਰਨ ਤਾਂ ਜੋ ਬੱਚਾ ਆਪਣੇ ਮਨ ਦੀ ਗੱਲ ਮਾਪਿਆਂ ਨਾਲ ਸਾਂਝੀ ਕਰ ਸਕੇ|
ਇੱਥੇ ਸਕੂਲੀ ਅਧਿਆਪਕਾਂ ਦੀ ਵੀ ਭੂਮਿਕਾ ਉਸਾਰੂ ਹੋਣੀ ਚਾਹੀਦੀ ਹੈ| ਜੇਕਰ ਕੋਈ ਨਸ਼ੇ ਸਬੰਧੀ ਗਤੀਵਿਧੀ ਸਕੂਲ ਵਿੱਚ ਜਾਂ ਸਕੂਲ ਦੇ ਆਸਪਾਸ ਵੀ ਹੋ ਰਹੀ ਹੈ ਤਾਂ ਉਸ ਦਾ ਸਖਤੀ ਨਾਲ ਵਿਰੋਧ ਕੀਤਾ ਜਾਵੇ| ਅਧਿਆਪਕਾਂ ਵੱਲੋਂ ਬੱਚਿਆਂ ਦੇ ਵਿਹਾਰ ਤੇ ਨਿਗਾ ਰੱਖੀ ਜਾਵੇ| ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ ਜਾਵੇ| ਬੱਚਿਆਂ ਨੂੰ ਨਸ਼ੇ ਵੇਚਣ ਵਾਲਿਆਂ ਦੇ ਢੰਗ ਤਰੀਕਿਆਂ ਤੋਂ ਜਾਣੂੰ ਕਰਵਾਇਆ ਜਾਵੇ ਤਾਂ ਕਿ ਬੱਚੇ ਸਮੇਂ ਸਿਰ ਸਮਝ ਸਕਣ ਅਤੇ ਨਸ਼ਿਆਂ ਦੇ ਝਾਂਸੇ ਵਿੱਚ ਨਾ ਆਉਣ|
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਲਾਕੇ ਵਿੱਚ ਨਸ਼ੇ ਵੇਚਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਖਤੀ ਨਾਲ ਦਬਾਇਆ ਜਾਵੇ| ਪੁਲੀਸ ਵਿਭਾਗ ਵੱਲੋਂ ਆਪਣੇ ਥਾਣਿਆਂ ਵਿੱਚ ਡੀ ਐਡੀਕਸ਼ਨ ਅਤੇ ਕੌਸਲਿੰਗ ਦਾ ਇੰਤਜਾਮ ਕੀਤਾ ਜਾਵੇ| ਜਿੱਥੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੀ ਵਿਵਸਥਾ ਹੋਵੇ|

Leave a Reply

Your email address will not be published. Required fields are marked *