ਪੰਜਾਬ ਦੀ ਨਵੀਂ ਸਰਕਾਰ ਸਬੰਧੀ ਕਿਆਸ ਅਰਾਈਆਂ ਦਾ ਦੌਰ ਜਾਰੀ

ਐਸ ਏ ਐਸ ਨਗਰ,7 ਫਰਵਰੀ (ਸ.ਬ.) ਪੰਜਾਬ ਵਿਚ 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਈਆਂ ਵੋਟਾਂ ਤੋਂ ਬਾਅਦ ਹੁਣ ਪੰਜਾਬ ਦੇ ਸਾਰੇ ਹੀ ਹਲਕਿਆਂ ਵਿਚ ਪੰਜਾਬ ਦੀ ਨਵੀਂ ਬਣਨ ਵਾਲੀ ਸਰਕਾਰ ਸਬੰਧੀ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਚੁਕਿਆ ਹੈ| ਜਿਹੜੇ ਲੋਕ ਵੱਖ ਵੱਖ ਪਾਰਟੀਆਂ ਨਾਲ ਜੁੜੇ ਹੋਏ ਹਨ ਉਹ ਤਾਂ ਆਪੋ ਆਪਣੀ ਪਾਰਟੀ ਦੀ ਜਿੱਤ ਦੇ ਦਾਅਵੇ ਕਰ ਰਹੇ ਹਨ| ਇਸਦੇ ਨਾਲ ਹੀ ਵੱਖੋ-ਵੱਖ ਪਾਰਟੀ ਦੇ ਸਮਰਥਕਾਂ ਵਲੋਂ ਆਪੋ ਆਪਣੀ ਪਾਰਟੀ ਦੀ ਜਿੱਤ ਲਈ ਧਾਰਮਿਕ ਸਥਾਨਾਂ ਉਪਰ ਜਾ ਕੇ ਪੂਜਾ ਅਰਚਨਾ ਵੀ ਕੀਤੀ ਜਾ ਰਹੀ ਹੈ| ਇਸਦੇ ਨਾਲ ਹੀ ਆਮ ਲੋਕਾਂ ਵਿਚ ਇਹ ਚਰਚਾ ਹੋ ਰਹੀ ਹੈ ਕਿ ਇਸ ਵਾਰ ਪੰਜਾਬ ਦੀ ਸੱਤਾ ਉਪਰ ਕਿਹੜੀ ਪਾਰਟੀ ਬੈਠੇਗੀ ਅਤੇ ਚੋਣ ਨਤੀਜੇ ਕਿਸ ਪਾਰਟੀ ਦੇ ਹੱਕ ਵਿਚ ਆਉਣਗੇ|
ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚ ਖੁੰਢ ਚਰਚਾ ਕਰ ਰਹੇ ਲੋਕ ਕਦੇ ਇਸ ਵਾਰੀ ਕਾਂਗਰਸ ਦੀ ਸਰਕਾਰ ਆਉਣ ਦੀ ਭਵਿੱਖਬਾਣੀ ਕਰਦੇ ਹਨ ਅਤੇ ਕਦੇ ਕਹਿੰਦੇ ਹਨ ਕਿ ਪੰਜਾਬ ਵਿਚ ਤਾਂ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ| ਬਹੁਤ ਘਟ ਲੋਕ ਅਜਿਹੇ ਹਨ ਜੋ ਕਿ ਇਹ ਕਹਿੰਦੇ ਹਨ ਕਿ ਪੰਜਾਬ ਵਿਚ ਮੁੜ ਅਕਾਲੀ ਭਾਜਪਾ ਗਠਜੋੜ ਦੀ ਹੀ ਸਰਕਾਰ  ਬਣੇਗੀ| ਅਸਲ ਵਿਚ ਇਸ ਵਾਰੀ ਸਰਕਾਰ ਵਿਰੁੱਧੀ ਵੋਟਾਂ ਦਾ ਭੁਗਤਾਨ ਬਹੁਤ ਜਿਆਦਾ ਹੋਇਆ ਹੈ| ਇਹ ਸਰਕਾਰ ਵਿਰੋਧੀ ਵੋਟਾਂ ਆਮ ਤੌਰ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੁੰ ਹੀ ਪਈਆਂ ਹਨ| ਇਸ ਲਈ ਹੁਣ ਇਹ ਅੰਦਾਜੇ ਲਾਏ ਜਾ ਰਹੇ ਹਨ ਕਿ ਚੋਣ ਨਤੀਜਿਆਂ ਵਿਚ ਕਿਸ ਪਾਰਟੀ ਦਾ ਪਲੜਾ ਭਾਰੀ ਰਹੇਗਾ|
ਇਥੇ ਇਹ ਜਿਕਰਯੋਗ ਹੈ ਕਿ ਇਸ ਵਾਰੀ ਚੋਣਾਂ ਦੌਰਾਨ ਪੂਰੇ ਪੰਜਾਬ ਦੇ ਵਸਨੀਕਾਂ ਨੇ ਹੀ ਉਤਸ਼ਾਹ ਨਾਲ ਹਿਸਾ ਲਿਆ| ਹਾਲ ਤਾਂ ਇਹ ਸੀ ਕਿ ਸਵੇਰੇ ਅੱਠ ਵਜੇ ੇਹੀ ਪੋਲਿੰਗ ਬੂਥਾਂ ਦੇ ਬਾਹਰ ਵੋਟਾਂ ਪਾਉਣ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ ਸਨ ਅਤੇ 9 ਵਜੇ ਤੱਕ ਤਾਂ ਵੱਡੀ ਗਿਣਤੀ ਲੋਕ ਆਪੋ ਆਪਣੀ ਵੋਟ ਵੀ ਪਾ ਚੁਕੇ ਸਨ ਜਿਸਤੋਂ ਪੰਜਾਬੀਆਂ ਦੇ ਵੋਟਾਂ ਪ੍ਰਤੀ ਉਤਸ਼ਾਹ ਦਾ ਪਤਾ ਚਲਦਾ ਹੈ| ਇਸ ਵਾਰੀ ਵੋਟਾਂ ਤੋਂ ਹਰ ਪਾਰਟੀ ਹੀ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੀਆਂ ਹਨ|
ਵੱਡੀ ਗਿਣਤੀ ਲੋਕ ਇਹ ਕਹਿੰਦੇ ਹਨ ਕਿ ਇਸ ਵਾਰੀ ਸਰਕਾਰ ਜੋ ਵੀ ਆਵੇ ਉਹ ਲੋਕਾਂ ਦੇ ਮਸਲੇ ਹੱਲ ਕਰਨ ਵਾਲੀ ਆਵੇ ਅਤੇ ਇਸ ਸਰਕਾਰ ਵਲੋਂ ਪੰਜਾਬ ਵਿਚ ਲੱਗੇ ਪਹਿਲਾਂ ਹੀ ਕਾਫੀ ਟੈਕਸਾਂ ਵਿਚ ਪੰਜਾਬ ਵਾਸੀਆਂ ਨੂੰ ਰਾਹਤ ਦਿਤੀ ਜਾਵੇ| ਦੂਜੇ ਪਾਸੇ ਵੱਡੀ ਗਿਣਤੀ ਲੋਕ ਅਜਿਹੇ ਵੀ ਹਨ ਜੋ ਕਿ ਇਹ ਕਹਿੰਦੇ ਹਨ ਕਿ ਪੰਜਾਬ ਵਿਚ ਕਿਸੇ ਵੀ ਪਾਰਟੀ ਦੀ ਸਰਕਾਰ ਆ ਜਾਵੇ ਪਰ ਅਫਸਰਸ਼ਾਹੀ ਤਾਂ ਉਹ ਹੀ ਰਹਿੰਦੀ ਹੈ| ਇਸ ਕਰਕੇ ਪੰਜਾਬ ਵਿਚ ਸੱਤਾ ਤਬਦੀਲੀ ਦਾਆਮ ਲੋਕਾਂ ਨੁੰ ਕੋਈ ਫਰਕ ਨਹੀਂ ਪੈਣਾ ਅਤੇ ਆਮ ਲੋਕਾਂ ਨੇ ਤਾਂ ਆਪਣੀ ਰੋਜੀ ਰੋਟੀ ਕਮਾ ਕੇ ਹੀ ਖਾਣੀ ਹੈ|
ਇਸ ਸਮੇਂ ਚੋਣ ਲੜ ਚੁਕੇ ਵੱਡੀ ਗਿਣਤੀ ਉਮੀਦਵਾਰ ਆਰਾਮ ਵੀ ਫਰਮਾ ਰਹੇ ਹਨ ਅਤੇ ਕਈ ਉਮੀਦਵਾਰ ਤਾਂ ਪਹਾੜਾਂ ਉਪਰ ਪੈਂਦੀ ਬਰਫਵਾਰੀ ਵੇਖਣ ਚਲੇ ਗਏ ਹਨ ਤਾਂ ਕਿ ਚੋਣਾਂ ਦੌਰਾਨ ਹੋਈ ਥਕਾਵਟ ਨੁੰ ਉਤਾਰਿਆ ਜਾ ਸਕੇ|  ਇਸ ਦੇ ਨਾਲ ਹੀ ਕਈ ਉਮੀਦਵਾਰ ਅਤੇ ਉਹਨਾਂ ਦੇ ਸਮਰਥਕ ਵੱਖ ਵੱਖ ਧਾਰਮਿਕ ਥਾਵਾਂ ਉਪਰ ਜਾ ਕੇ ਮੱਥੇ ਰਗੜ ਰਹੇ ਹਨ ਅਤੇ ਧਾਰਮਿਕ ਪੂਜਾ ਪਾਠ ਕਰਵਾ ਰਹੇ ਹਨ ਤਾਂ ਕਿ ਉਹਨਾ ਦੀ ਜਿੱਤ ਪੱਕੀ ਹੋ ਸਕੇ|   ਇਸ ਦੇ ਨਾਲ ਹੀ ਰਾਜਸੀ ਆਗੂਆਂ ਅਤੇ ਵਰਕਰਾਂ ਵਿਚ ਵੀ ਇਸ ਸਮੇਂ ਪੰਜਾਬ ਦੀ ਆਉਣ ਵਾਲੀ ਨਵੀਂ ਸਰਕਾਰ ਬਾਰੇ ਹੀ ਚਰਚਾ ਹੋ ਰਹੀ ਹੈ ਅਤੇ ਹਰ ਵਰਕਰ ਤੇ ਆਗੂ ਆਪੋ ਆਪਣੀ ਸਮਝ ਅਨੁਸਾਰ ਅਗਲੀ ਸਰਕਾਰ ਬਾਰੇ ਆਪਣੇ ਵਿਚਾਰ ਪੇਸ਼ ਕਰ ਰਿਹਾ ਹੈ|
ਪੰਜਾਬ ਵਿਚ ਨਵੀਂ ਸਰਕਾਰ ਦੇ ਗਠਨ ਸਬੰਧੀ ਔਰਤਾਂ ਵੀ ਪੂਰੀ ਚਰਚਾ ਕਰ ਰਹੀਆਂ ਹਨ | ਅਕਸਰ ਹੀ ਆਪਸ ਵਿਚ ਮਿਲਦੀਆਂ ਔਰਤਾਂ ਵੀ ਪੰਜਾਬ ਦੇ ਚੋਣ ਨਤੀਜਿਆਂ ਬਾਰੇ ਗਲਾਂ ਕਰਦੀਆਂ ਨਜਰ ਆਉਂਦੀਆਂ ਹਨ| ਔਰਤਾਂ ਨੂੰ ਵੀ ਆਸ ਹੈ ਕਿ ਸ਼ਾਇਦ ਨਵੀਂ ਸਰਕਾਰ ਹੀ ਔਰਤਾਂ ਦੇ ਮਸਲੇ ਸਮਝ ਸਕੇ ਅਤੇ ਔਰਤਾਂ ਦੀ ਭਲਾਈ ਲਈ ਨਵੀਆਂ ਸਕੀਮਾਂ ਚਲਾ ਦੇਵੇ|
ਕਹਿਣ ਦਾ ਭਾਵ ਇਹੀ  ਹੈ ਕਿ ਇਸ ਸਮੇਂ ਪੰਜਾਬ ਵਿਚ ਹਰ ਵਰਗ ਦੇ ਵਿਅਕਤੀ ਹੀ ਚੋਣ ਨਤੀਜਿਆਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ| ਪੰਜਾਬ ਵਿਚ ਅਗਲੀ ਸਰਕਾਰ ਕਿਸ ਪਾਰਟੀ ਦੀ ਬਣੇਗੀ, ਇਸ ਦਾ ਪਤਾ ਤਾਂ ਚੋਣ ਨਤੀਜਿਅੰਾਂ ਤੋਂ ਬਾਅਦ ਹੀ ਚਲੇਗਾ|

Leave a Reply

Your email address will not be published. Required fields are marked *