ਪੰਜਾਬ ਦੀ ਰਾਜਨੀਤੀ ਨੂੰ ਕਿੰਨਾ ਕੁ ਪ੍ਰਭਾਵਿਤ ਕਰਨਗੀਆਂ ਨਵੀਆਂ ਪਾਰਟੀਆਂ

ਪੰਜਾਬ ਦੀ ਰਾਜਨੀਤੀ ਨੂੰ ਕਿੰਨਾ ਕੁ ਪ੍ਰਭਾਵਿਤ ਕਰਨਗੀਆਂ ਨਵੀਆਂ ਪਾਰਟੀਆਂ
ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਮਾਤ ਦੇਣ ਦੀਆਂ ਸਮਰਥ ਹੋਣਗੀਆਂ ਨਵੀਆਂ ਪਾਰਟੀਆਂ?
ਐਸ ਏ ਐਸ ਨਗਰ, 28 ਜਨਵਰੀ (ਸ.ਬ.) ਲੋਕਸਭਾ ਚੋਣਾਂ ਨੇੜੇ ਆ ਗਈਆਂ ਹਨ ਅਤੇ ਇਸ ਸੰਬੰਧੀ ਜਿੱਥੇ ਰਵਾਇਤੀ ਪਾਰਟੀਆਂ ਵਲੋਂ ਆਪਣੀਆਂ ਚੋਣ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ ਉੱਥੇ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਹੋਈਆਂ ਨਵੀਆਂ ਪਾਰਟੀਆਂ ਵਲੋਂ ਵੀ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕਰ ਦਿੱਤਾ ਗਿਆ ਹੈ|
ਪਿਛਲੇ ਮਹੀਨੇ ਸੂਬੇ ਵਿੱਚ ਦੋ ਨਵੀਆਂ ਸਿਆਸੀ ਪਾਰਟੀਆਂ (ਪੰਜਾਬੀ ਏਕਤਾ ਪਾਰਟੀ ਅਤੇ ਅਕਾਲੀ ਦਲ ਟਕਸਾਲੀ) ਹੋਂਦ ਵਿੱਚ ਆਈਆਂ ਹਨ| ਮੂਲ ਰੂਪ ਵਿੱਚ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਆਗੂਆਂ ਵਲੋਂ ਜਿੱਥੇ ਅਕਾਲੀ ਦਲ ਟਕਸਾਲੀ ਬਣਾਇਆ ਗਿਆ ਹੈ ਜਿਸਦੀ ਕਮਾਨ ਸੰਸਦ ਮੈਂਬਰ ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ ਸੰਭਾਲ ਰਹੇ ਹਨ ਉੱਥੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸ੍ਰ. ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਪਾਰਟੀ ਦੇ ਬਾਗੀ ਵਿਧਾਇਕਾਂ ਅਤੇ ਹੋਰਨਾਂ ਆਗੂਆਂ ਵਲੋਂ ਪੰਜਾਬੀ ਏਕਤਾ ਪਾਰਟੀ ਦਾ ਗਠਨ ਕੀਤਾ ਗਿਆ ਹੈ|
ਮੋਟੇ ਤੌਰ ਤੇ ਵੇਖਿਆ ਜਾਵੇ ਤਾਂ ਨਵੀਂਆਂ ਬਣੀਆਂ ਇਹ ਦੋਵੇਂ ਪਾਰਟੀਆਂ ਭਾਵੇਂ ਆਪਣੇ ਪੱਧਰ ਤੇ ਲੋਕਸਭਾ ਚੋਣਾਂ ਦੌਰਾਨ ਕੋਈ ਸੀਟ ਜਿੱਤਣ ਦੀਆਂ ਸਮਰਥ ਨਾ ਹੋਣ ਪਰੰਤੂ ਇਹਨਾਂ ਦੀ ਮੌਜੂਦਗੀ ਨਾਲ ਚੋਣਾਂ ਦਾ ਪੂਰਾ ਹਿਸਾਬ ਕਿਤਾਬ ਜਰੂਰ ਬਦਲ ਸਕਦਾ ਹੈ| ਜਾਹਿਰ ਤੌਰ ਤੇ ਇਹਨਾਂ ਦੋਵਾਂ ਪਾਰਟੀਆਂ ਵਲੋਂ ਖੜ੍ਹਾਏ ਜਾਣ ਵਾਲੇ ਉਮੀਦਵਾਰਾਂ ਨੇ ਆਪੋ ਆਪਣੀਆਂ ਮੂਲ ਪਾਰਟੀਆਂ ਦੇ ਉਮੀਦਵਾਰਾਂ ਦਾ ਹੀ ਨੁਕਸਾਨ ਕਰਨਾ ਹੈ ਅਤੇ ਇਹਨਾਂ ਦੀਆਂ ਵੋਟਾਂ ਵੰਡੀਆਂ ਜਾਣੀਆਂ ਹਨ ਜਿਸਦਾ ਸਿੱਧਾ ਫਾਇਦਾ ਰਾਜ ਦੀ ਸੱਤਾਧਾਰੀ ਪਾਰਟੀ (ਕਾਂਗਰਸ) ਦੇ ਉਮੀਦਵਾਰਾਂ ਨੂੰ ਮਿਲਣਾ ਹੈ|
ਇਹਨਾਂ ਦੋਵਾਂ (ਨਵੀਆਂ ਬਣੀਆਂ) ਸਿਆਸੀ ਪਾਰਟੀਆਂ ਵਲੋਂ ਆਪਣੀਆਂ ਸਰਗਰਮੀਆਂ ਆਰੰਭ ਕਰਨ ਦੇ ਨਾਲ ਹੀ ਪੰਜਾਬ ਦੀ ਸਿਆਸਤ ਵਿੱਚ ਵੀ ਗਰਮੀ ਆ ਗਈ ਹੈ| ਹਾਲਾਂਕਿ ਇਹ ਵੀ ਜਿਕਰਯੋਗ ਹੈ ਕਿ ਪੰਜਾਬ ਵਿੱਚ ਪਹਿਲਾਂ ਵੀ ਕਈ ਵਾਰ ਅਕਾਲੀ ਦਲ ਅਤੇ ਕਾਂਗਰਸ ਵਿਰੁੱਧ ਨਵੀਆਂ ਪਾਰਟੀਆਂ ਹੋਂਦ ਵਿਚ ਆ ਚੁੱਕੀਆਂ ਹਨ, ਜੋ ਕਿ ਬਹੁਤੀਆਂ ਕਾਮਯਾਬ ਨਹੀਂ ਹੋ ਪਾਈਆਂ| ਅਕਾਲੀ ਦਲ ਵਿੱਚੋਂ ਤਾਂ ਹੁਣ ਤਕ ਦਰਜਨ ਦੇ ਕਰੀਬ ਵੱਖ ਵੱਖ ਅਕਾਲੀ ਦਲ ਨਿਕਲ ਚੁੱਕੇ ਹਨ ਜਿਹਨਾਂ ਵਿੱਚੋਂ ਕਈਆਂ ਦਾ ਤਾਂ ਹੁਣ ਲੋਕਾਂ ਨੂੰ ਨਾਮ ਤਕ ਯਾਦ ਨਹੀਂ ਰਿਹਾ ਅਤੇ ਜਿਹੜੇ ਬਚੇ ਹਨ ਉਹ ਹੁਣੇ ਵੀ ਆਪਣੀ ਵੱਖਰੀ ਸੁਰ ਅਲਾਪਦੇ ਦਿਖਦੇ ਹਨ|
ਪਿਛਲੀ ਵਾਰ ਹੋਈਆਂ ਲੋਕ ਸਭਾ ਚੋਣਾ ਮੌਕੇ ਦੇਸ਼ ਦੀ ਰਾਜਨੀਤੀ ਬਦਲਣ ਦੇ ਵਾਇਦੇ ਨਾਲ ਲੋਕਾਂ ਦੀਆਂ ਵੋਟਾਂ ਮੰਗਣ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਦੇ ਪੈਰਾਂ ਦੀ ਜਮੀਨ ਜਰੂਰ ਖਿਸਕਾ ਦਿੱਤੀ ਸੀ| ਬਾਅਦ ਵਿੱਚ ਵਿਧਾਨਸਭਾ ਚੋਣਾਂ ਮੌਕੇ ਕਾਂਗਰਸ ਨੇ ਤਾਂ ਆਪਣੀ ਸਿਆਸੀ ਜਮੀਨ ਮੁੜ ਹਾਸਿਲ ਕਰਕੇ ਸੂਬੇ ਦੀ ਸੱਤਾ ਹਾਸਿਲ ਕਰ ਲਈ ਪਰੰਤੂ ਅਕਾਲੀ ਦਲ ਇਸ ਵੇਲੇ ਆਪਣੇ ਹੁਣ ਤਕ ਦੇ ਸਭ ਤੋਂ ਬੁਰੇ ਦੌਰ ਤੋਂ ਲੰਘ ਰਿਹਾ ਹੈ ਅਤੇ ਅਜਿਹੇ ਵਿੱਚ ਇਸ ਤੋਂ ਬਾਗੀ ਹੋ ਕੇ ਅਕਾਲੀ ਦਲ ਟਕਸਾਲੀ ਬਣਾਉਣ ਵਾਲਿਆਂ ਨੇ ਉਸਦਾ ਹੋਰ ਵੀ ਨੁਕਸਾਨ ਕਰਨਾ ਹੈ| ਦੂਜੇ ਪਾਸੇ ਪਿਛਲੀ ਵਾਰ ਸੂਬੇ ਦੀ ਜਨਤਾ ਵਿਚ ਆਪਣੀ ਮਜਬੂਤ ਪਕੜ ਬਣਾਉਣ ਵਾਲੀ ਆਮ ਆਦਮੀ ਪਾਰਟੀ ਹੁਣ ਬੁਰੀ ਤਰ੍ਹਾਂ ਦੁਫਾੜ ਹੋ ਗਈ ਹੈ ਅਤੇ ਇਸਦੇ ਆਗੂਆਂ ਵਲੋਂ ਬਾਗੀ ਹੋ ਕੇ ਬਣਾਈ ਗਈ ਪੰਜਾਬੀ ਏਕਤਾ ਪਾਰਟੀ ਨੇ ਸਭ ਤੋਂ ਵੱਧ ਨੁਕਸਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਹੀ ਕਰਨਾ ਹੈ| ਇਹਨਾਂ ਹਾਲਾਤਾਂ ਵਿੱਚ ਕਾਂਗਰਸ ਥੋੜ੍ਹੀ ਬਿਹਤਰ ਹਾਲਤ ਵਿੱਚ ਦਿਖ ਰਹੀ ਹੈ ਜਿਸਦੇ ਵਿਰੋਧੀਆਂ ਦੇ ਬੁਰੀ ਤਰ੍ਹਾਂ ਵੰਡੇ ਜਾਣ ਕਾਰਨ ਉਸਦਾ ਫਾਇਦਾ ਹੋਣਾ ਤੈਅ ਹੈ ਅਤੇ ਵੇਖਣਾ ਇਹ ਹੈ ਕਿ ਇਹ ਨਵੀਆਂ ਪਾਰਟੀਆਂ ਲੋਕਸਭਾ ਚੋਣਾਂ ਦੇ ਨਤੀਜਿਆਂ ਤੇ ਕਿੰਨਾ ਕੁ ਅਸਰ ਪਾਉਣ ਦੀਆਂ ਸਮਰਥ ਹੁੰਦੀਆਂ ਹਨ|

Leave a Reply

Your email address will not be published. Required fields are marked *