ਪੰਜਾਬ ਦੀ ਖ਼ੁਸ਼ਹਾਲੀ ਲਈ ਸਾਡੇ ਸਾਂਝੇ ਫਰਜ਼ ਕੀ ਹਨ ?

ਪੰਜਾਬ, ਸਭ ਪੰਜਾਬ ਵਾਸੀਆਂ ਦਾ ਆਪਣਾ ਪਿਆਰਾ ਘਰ ਹੈ ਜਿਸ ਘਰ ਵਿੱਚ ਸਾਨੂੰ ਸਭ ਨੂੰ ਆਤਮਿਕ ਸਕੂਨ, ਸੁਖ-ਖ਼ੁਸ਼ੀ ਕੇ ਸੱਚੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ| ਜਨਮ ਤੋਂ ਲੈ ਕੇ ਜੀਵਨ ਦੇ ਅੰਤਿਮ ਸਮੇਂ ਤੱਕ ਸਾਡੇ ਸੁਖ-ਦੁਖ, ਸਾਡੀਆਂ ਖੁਸ਼ੀਆਂ, ਰਸਮੋ-ਰਿਵਾਜ਼ ਤੇ ਸੱਭਿਆਚਾਰਿਕ ਸਾਂਝ ਇੱਕੋ ਜਿਹੀ ਹੀ ਹੈ| ਰੋਜ਼ੀ-ਰੋਟੀ ਦੀ ਭਾਲ ਵਿੱਚ ਜੋ ਪੰਜਾਬੀ ਬਾਹਰਲੇ ਵਿਕਸਿਤ ਦੇਸ਼ਾਂ ਵਿੱਚ ਵੱਸ ਗਏ ਹਨ ਉਹਨਾ ਦੀ ਵੀ ਜਿੰਦ-ਜਾਨ ਆਪਣੇ ਅਸਲ ਘਰ, ਪੰਜਾਬ ਲਈ ਧੜਕਦੀ ਹੈ| ਉਹ ਸਭ ਹਮੇਸ਼ਾਂ ਪੰਜਾਬ ਦਾ ਦਿਲੋਂ ਭਲਾ ਤੇ ਖ਼ੁਸ਼ਹਾਲੀ ਲੋਚਦੇ ਹਨ| ਉਹ ਆਪਣੇ ਸਾਕ-ਸੰਬੰਧੀਆਂ ਦੀ ਆਰਥਿਕ ਮਦਦ ਵੀ ਕਰਦੇ ਹਨ ਤੇ ਚੰਗੇ ਸਮਾਜਿਕ ਕਾਰਜਾਂ ਲਈ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਹਨ| ਪੰਜਾਬ ਦਾ ਵਿਕਾਸ ਕਿਸੇ ਹੱਦ ਤੱਕ ਪਰਵਾਸੀ ਪੰਜਾਬੀਆਂ ਦੇ ਬਲਬੂਤੇ ਤੇ ਹੀ ਅਧਾਰਤ ਹੈ|
ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦੇ ਅਮਨ-ਚੈਨ, ਸੁਖ-ਖੁਸ਼ੀਆਂ ਅਤੇ ਵਿਕਾਸ ਉਤੇ ਪਰੇਸ਼ਾਨੀਆਂ, ਮੁਸੀਬਤਾਂ ਤੇ ਦੁੱਖਾਂ ਦੇ ਬਦਲ ਮੰਡਲਾ ਰਹੇ ਹਨ| ਖ਼ੁਸ਼ਹਾਲੀ ਅਤੇ ਵਿਕਾਸ ਵਿੱਚ ਨੰਬਰ.1 ਤੇ ਰਹਿਣ ਵਾਲਾ ਪੰਜਾਬ ਪ੍ਰਦੇਸ਼ ਦਾ ਸਥਾਨ ਅੱਜ ਭਾਰਤ ਦੇ ਕਈ ਪਰਦੇਸਾਂ ਤੋਂ ਪਛੜਕੇ ਰਹਿ ਗਿਆ ਹੈ| ਖੇਤੀ ਦਾ ਕਿੱਤਾ ਮਹਿੰਗਾਈ ਦੀ ਜ਼ੱਦ ਵਿੱਚ ਆਉਣ ਕਰਕੇ ਅਤੇ ਕਦੇ ਸੋਕੇ ਤੇ ਕਦੇ ਬੇਮੌਸਮੀ ਬਰਸਾਤਾਂ ਦੀ ਅਚਾਨਕ ਮਾਰ ਹੇਠ ਆਉਣ ਨਾਲ ਅੱਜ ਘਾਟੇ ਦਾ ਕੰਮ ਲੱਗ ਰਿਹਾ ਹੈ| ਘੱਟ ਆਮਦਨ ਅਤੇ ਵੱਧ ਖ਼ਰਚਿਆਂ ਦੇ ਬੋਝ ਤੋਂ ਤੰਗ ਤੇ ਅਵਾਜ਼ਾਰ ਹੋਏ ਛੋਟੇ ਜ਼ਿਮੀਂਦਾਰਾਂ ਦੇ ਮਨਾਂ ਵਿੱਚ ਆਪਣੀ ਆਰਥਿਕ ਮੰਦਹਾਲੀ ਕਾਰਣ ਖ਼ੁਦਕੁਸ਼ੀ ਕਰਨ ਦੀ ਸੋਚ ਹਾਵੀ ਹੁੰਦੀ ਜਾ ਰਹੀ ਹੈ, ਬੇਰੋਜ਼ਗਾਰੀ ਦੀ ਰੇਸ਼ੋ ਵਧਣ ਨਾਲ ਨੌਜਵਾਨਾਂ ਵਿੱਚ ਨਸ਼ਿਆਂ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ| ਪੰਜਾਬ ਵਿੱਚ ਬਹੁਤੇ ਉਦਯੋਗ ਲੋੜੀਂਦੀਆਂ ਸਹੂਲਤਾਂ ਨਾ ਮਿਲਣ ਕਾਰਣ ਪ੍ਰਦੇਸ਼ ਤੋਂ ਬਾਹਰਲਿਆਂ ਸੂਬਿਆਂ ਵਿੱਚ ਸ਼ਿਫ਼ਟ ਹੋ ਗਏ ਹਨ ਜਿਸ ਕਰਕੇ ਬੇਰੋਜ਼ਗਾਰ ਨੌਜਵਾਨਾਂ ਦੀ ਭੀੜ ਨਿਰਾਸ਼ਾ ਦੇ ਆਲਮ ਵਿੱਚ ਵਿਹਲੀ ਘੁੰਮਦੀ ਦਿਖਾਈ ਦਿੰਦੀ ਹੈ| ਮਿਲਾਵਟ, ਭਰਿਸ਼ਟਾਚਾਰ, ਰਿਸ਼ਵਤਖ਼ੋਰੀ ਤੇ ਅਪਰਾਧੀ-ਕਰਨ ਸਿਰ ਉਠਾ ਰਿਹਾ ਹੈ| ਆਮ ਲੋਕਾਂ ਨੂੰ ਕਾਨੂੰਨੀ ਸਹੂਲਤ ਤੇ ਸਹੀ ਇਨਸਾਫ਼ ਮਿਲਣਾ ਬੇਹੱਦ ਔਖਾ  ਤੇ ਮਹਿੰਗਾ ਦਿਖਾਈ ਦਿੰਦਾ ਹੈ| ਸੱਚ, ਹੱਕ ਤੇ ਇਨਸਾਫ਼ ਲਈ ਉਠਾਈ ਗਈ ਆਵਾਜ਼ ਅਣਸੁਣੀ ਹੋ ਕੇ ਰਹਿ ਜਾਂਦੀ ਹੈ| ਪੁਲੀਸ ਸ਼ਕਤੀ ਤੇ ਕਾਨੂੰਨ ਵਿਵਸਥਾ ਸਿਆਸਤ ਦਾ ਦਮ ਭਰਦੀ ਦਿਖਾਈ ਦਿੰਦੀ ਹੈ| ਆਮ ਜਨ-ਜੀਵਨ ਉਦਾਸ,ਪਰੇਸ਼ਾਨ ਤੇ ਦੁੱਖ -ਦੁਵਿਧਾ ਵਿੱਚ ਉਲਝਿਆ ਦਿਖਾਈ ਦਿੰਦਾ ਹੈ|
ਦੇਸ਼ ਨੂੰ ਆਜ਼ਾਦ ਹੋਇਆਂ ਨੂੰ 70 ਵਰਿਆਂ ਦਾ ਲੰਬਾ ਸਮਾਂ ਹੋ ਗਿਆ ਹੈ| ਇਸ 70 ਸਾਲਾਂ ਦੇ ਲੰਬੇ ਅਰਸੇ ਵਿੱਚ ਸਾਡਾ ਦੇਸ਼ ਆਮ ਜਨ-ਜੀਵਨ ਦੀਆਂ ਮੁਢਲੀਆਂ ਲੋੜਾਂ ਹੁਣ ਤੱਕ ਪੂਰੀਆਂ ਨਹੀਂ ਕਰ ਸਕਿਆ| ਰੋਟੀ, ਕੱਪੜਾ, ਮਕਾਨ ਤੋਂ ਲੈ ਕੇ ਪਕੀਆਂ ਗਲੀਆਂ-ਨਾਲੀਆਂ, ਸਾਫ਼-ਸੁਥਰੀਆਂ ਤੇ ਮਜ਼ਬੂਤ ਸੜਕਾਂ, ਸ਼ੁੱਧ ਪਾਣੀ, ਮਿਲਾਵਟਾਂ ਰਹਿਤ ਭੋਜਨ, ਸਹੂਲਤਾਂ ਭਰੇ ਸਕੂਲ, ਚੰਗੀ ਵਿੱਦਿਆ ਤੇ ਸਿਹਤ-ਸੰਭਾਲ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ ਨਾਲ ਜਾਨ- ਮਾਲ ਦੀ ਹਿਫ਼ਾਜ਼ਤ ਕਰਨ ਵਾਲੇ ਜ਼ਰੂਰੀ ਮਨੁੱਖੀ ਮੋਲਿਕ ਅਧਿਕਾਰ ਮੁਹੱਈਆ ਕਰਵਾਉਣੇ ਕਿਸੇ ਵੀ ਸਰਕਾਰ ਦਾ ਮੁਢਲਾ ਫਰਜ਼ ਹੈ|
ਵਿਕਾਸ ਦੀ ਲੀਹੇ ਪੈਣ ਲਈ 70 ਸਾਲ ਦਾ ਲੰਬਾ ਸਮਾਂ ਲਗਭਗ ਇੱਕ ਯੁਗ ਦੇ ਬਰਾਬਰ ਹੀ ਜਾਪਦਾ ਹੈ| ਇਸ ਲੰਬੇ ਸਮੇਂ ਵਿੱਚ ਕੋਈ ਵੀ ਮੁਲਕ ਦੇਸ਼ ਪਿਆਰ ਅਤੇ ਇਮਾਨਦਾਰੀ ਦੇ ਬਲਬੂਤੇ ਤੇ ਹੁਣ ਤੱਕ ਵਿਕਸਿਤ ਹੋ ਗਿਆ ਹੁੰਦਾ ਪਰ  ਸਾਡੇ ਲੀਡਰ ਹੁਣ ਤੱਕ ਵਿਕਾਸ ਦਾ ਸ਼ੋਸ਼ਾ ਦਿਖਾਕੇ ਹਰ ਪੰਜ ਵਰਿਆਂ ਬਾਅਦ ਫਿਰ ਇਕ ਵਾਰ ਫੇਰ ਸਰਕਾਰ ਤੇ ਕਾਬਜ਼ ਹੋਣ ਦੀ ਸਕੀਮ ਸਿਰੇ ਲਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ| ਭੋਲੀ-ਭਾਲੀ ਜਨਤਾ ਹਰ ਵਾਰੀ ਦੀ ਤਰ੍ਹਾਂ ਬੁੱਧੂ ਬਣੀ ਂਅਵਾਕ ਰਹਿ ਜਾਂਦੀ ਹੈ|
ਸਿਆਸਤ ਦਾ ਅੱਜ-ਕਲ ਵਪਾਰੀ-ਕਰਨ ਹੋ ਗਿਆ  ਹੈ|ਪੁਸ਼ਤ-ਦਰ-ਪੁਸ਼ਤ ਲੀਡਰ ਬਣਕੇ ਲੋਕਾਂ ਉਤੇ ਪੰਜ ਸਾਲ ਰਾਜ ਕਰਨ ਦੀ ਸਕੀਮ ਘੜਕੇ ਪੈਸਾ ਪਾਣੀ ਦੀ ਤਰ੍ਹਾਂ ਡੋਲਿਆ ਜਾਂਦਾ ਹੈ, ਰਾਜ ਹਥਿਆ ਕੇ ਫਿਰ ਜਨਤਾ ਤੇ ਲਾਇਆ ਗਿਆ ਪੈਸਾ ਦੂਣ-ਸਵਾਇਆ ਹੋ ਕੇ ਤਿਜੌਰੀ ਦੀ ਸ਼ਾਨ ਬਣ ਜਾਂਦਾ ਹੈ| ਦੇਸ-ਪਿਆਰ ਤੇ ਲੋਕਾਈ ਦਾ ਮੋਹ ਛੱਡਕੇ ਦੇਸ਼-ਵਿਦੇਸ਼ ਦੇ ਬੈਂਕਾਂ ਨੂੰ ਭਰਨ ਦੀ ਕਾਹਲ ਸਤਾਉਣ ਲਗਦੀ ਹੈ| ਸਿਕੰਦਰ,ਸੱਦਾਮ ਤੇ ਗਦਾਫ਼ੀ ਨੂੰ ਭੁਲਾਕੇ ਦੋਵੇਂ ਹੱਥਾਂ ਨਾਲ ਬੇਖ਼ੋਫ਼ ਮਾਇਆ ਇਕੱਠੀ ਕਰਨ ਦਾ ਲਾਲਚ ਸਿਰ ਚੜ੍ਹ ਜਾਂਦਾ ਹੈ| ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੇ ਅਸਲੀ        ਦੇਸ਼-ਪਿਆਰ ਦਾ ਜਜ਼ਬਾ ਰੱਖ ਕੇ ਇਮਾਨਦਾਰੀ ਨਾਲ ਰਾਜ-ਪਾਠ ਚਲਿਆ ਹੁੰਦਾ ਤਾਂ ਭਾਰਤ ਵੀ ਅਮਰੀਕਾ ਦੇਸ਼ ਵਾਂਗ ਵਿਕਸਿਤ ਤੇ ਖੁਸ਼ਹਾਲ ਹੁੰਦਾ| ਭਾਰਤ ਗੁਲਾਮ ਸੀ ਤਾਂ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਅਕਸਰ ਕਿਹਾ ਜਾਂਦਾ ਸੀ ਕਿ ਸਾਡਾ ਦੇਸ਼ ਸੋਨੇ ਦੀ ਚਿੜੀ ਸੀ ਸਾਰਾ ਕੁਝ ਅੰਗਰੇਜ਼  ਲੁੱਟਕੇ ਇੰਗਲੈਂਡ ਲੈ ਗਏ ਹਨ, ਹੁਣ ਆਪਣੇ ਹੀ ਘਰ-ਭਾਰਤ ਨੂੰ ਆਪਣੇ ਹੱਥੀਂ ਕਿਉਂ ਲੁੱਟਿਆ ਜਾ ਰਿਹਾ ਹੈ ? ਮਜ਼ਹਬਾਂ ਦਾ ਵਾਦ-ਵਿਵਾਦ ਛੇੜਕੇ, ਦੰਗੇ-ਫ਼ਸਾਦ ਕਰਵਾਕੇ ਲੰਬੇ ਸਮੇਂ ਤੱਕ ਦੀ ਰਾਜ ਕਰਨ ਦੀ ਸੋਚ ਨੇ ਦੇਸ਼ ਨੂੰ ਖੋਖਲਾ, ਗਰੀਬ ਤੇ ਲਾਚਾਰ ਬਣਾਕੇ ਰੱਖ ਦਿੱਤਾ ਹੈ|
ਪੰਜਾਬ 1978 ਤੱਕ ਖੁਸ਼ਹਾਲ ਤੇ ਸੁਖੀ ਸੀ| ਸਿਆਸਤ ਦੇ ਗੰਦੇ ਝੱਖੜਾਂ ਤੇ ਹਨੇਰੀਆਂ ਨੇ ਹੱਸਦੇ-ਵਸਦੇ ਪੰਜਾਬ ਦੇ ਸੋਹਣੇ ਰੂਪ ਨੂੰ ਆਪਣੀ ਨਜ਼ਰ ਲਾ ਕੇ ਰੱਖ ਦਿੱਤੀ ਹੈ| ਅੱਜ ਪੰਜਾਬ ਦੇ ਗੱਭਰੂ-ਮੁਟਿਆਰਾਂ ਅਤੇ ਪੰਜਾਬ ਦੇ ਹਿਤੈਸ਼ੀਆਂ ਨੂੰ ਅੱਗੇ ਵਧਕੇ, ਸਾਰੇ ਲਾਲਚ ਤੇ ਅਹੁਦੇਦਾਰੀਆਂ ਦਾ ਤਿਆਗ ਕਰਕੇ ਆਪਣੇ ਪਿਆਰੇ ਘਰ,ਪੰਜਾਬ ਨੂੰ ਨਵੇਂ ਸਿਰੇ ਤੋਂ ਸਾਰੇ ਆਪਸੀ ਵਾਦ-ਵਿਵਾਦ ਤੇ ਝਗੜੇ-ਝੇੜੇ ਭੁਲਾਕੇ ਸੋਹਣਾ-ਸੁਨੱਖਾ ਤੇ ਖੁਸ਼ਹਾਲ ਸੂਬਾ ਬਨਾਉਣਾ ਚਾਹੀਦਾ ਹੈ| ਚਾਹੇ ਕਿਸੇ ਵੀ ਪਾਰਟੀ ਦਾ ਰਾਜ ਆਵੇ  ਉਹ ਪੂਰੀ ਤਰ੍ਹਾਂ ਇਮਾਨਦਾਰ ਹੋ ਕੇ ਲੋਕ ਪੱਖੀ ਬਣਕੇ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਖਰੀ ਉਤਰ ਸਕੇ|
ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਸਹੀ ਵਰਤੋਂ ਕਰਕੇ ਬਿਨਾ ਕਿਸੇ ਲਾਲਚ ਦੇ ਵੱਧ ਤੋਂ ਵੱਧ ਵੋਟਰ ਆਪਣੀਆਂ ਵੋਟਾਂ ਪਾਉਣ ਅਤੇ ਆਪਣੀ ਚੰਗੀ ਤੇ ਉਸਾਰੂ ਸੋਚ ਨਾਲ ਆਪਣੀ ਮਰਜ਼ੀ ਦੀ ਸਰਕਾਰ ਚੁਨਣ| ਜੇਕਰ ਵੋਟਰ ਚੁਕੰਨੇ ਹੋ ਗਏ ਤਾਂ ਬਨਣ ਵਾਲੀਆਂ ਸਰਕਾਰਾਂ ਨੂੰ ਜਨਤਾ ਲਈ ਜਵਾਬ ਦੇਹ ਹੋਣਾ ਹੀ ਪਵੇਗਾ|
ਆਸ ਹੈ ਕਿ ਇਸ ਵਾਰ 2017 ਦੀਆਂ ਚੋਣਾਂ ਵਿੱਚ ਪੰਜਾਬ ਦੇ ਸੂਝਵਾਨ ਵੋਟਰ ਪੂਰੇ ਪੰਜਾਬ ਦੀ ਸਰਬ ਹਿਤ        ਬੇਹਤਰੀ ਅਤੇ ਭਲਾ ਸੋਚ ਕੇ ਪੰਜਾਬ ਪ੍ਰਤੀ ਆਪਣੇ ਬਣਦੇ ਫਰਜ਼ਾਂ ਨੂੰ ਜ਼ਰੂਰ ਪੂਰਾ ਕਰਨਗੇ| ਆਪਣੇ ਫਰਜ਼ਾਂ ਅਤੇ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ ਵਾਲੀ ਜਨਤਾ ਨੂੰ ਕੋਈ ਵੀ ਪਾਰਟੀ ਬਹੁਤੀ ਦੇਰ ਤੱਕ ਬੇਵਕੂਫ਼ ਨਹੀਂ ਬਣਾ ਸਕਦੀ| ਜੇਕਰ ਕੋਈ ਪਾਰਟੀ ਆਪਣੇ ਚੋਣ ਮੈਨੀਫੈਸਟੋ ਵਿੱਚ ਜਨਤਾ ਨਾਲ ਜੋ ਵੀ ਵਾਦਿਆਂ ਦਾ ਇਕਰਾਰ-ਨਾਮਾ ਕਰਦੀ ਹੈ, ਉਸ ਪਾਰਟੀ ਦੀ ਸਰਕਾਰ ਬਨਣ ਤੇ ਉਹਨਾ ਵਾਦਿਆਂ ਨੂੰ ਪੂਰਾ ਕਰਨ ਲਈ ਆਪਣੀ ਬਚਨ ਬਧੱਤਾ ਤੇ 100 ਖਰੇ ਉਤਰਨ ਲਈ ਵੀ ਉਸ ਪਾਰਟੀ ਨੂੰ ਪਾਬੰਦ ਹੋਣਾ ਚਾਹੀਦਾ ਹੈ| ਜਨਤਾ ਨੂੰ ਖਾਲੀ ਸਬਜ਼ਬਾਗ ਦਿਖਾਕੇ ਭਰਮਾਉਣਾ ਗ਼ੈਰ ਕਾਨੂੰਨੀ ਮੰਨਿਆ ਜਾਣਾ ਚਾਹੀਦਾ ਹੈ| ਸਿਆਸਤ ਦੇਸ਼ ਦੇ ਹਿਤ ਵਿੱਚ ਹੋਣੀ ਚਾਹੀਦੀ ਹੈ ਨਾ ਕਿ ਝੂਠ ਬੋਲਕੇ ਆਪਣੇ ਘਰ ਭਰਨ ਲਈ|
ਗੁਰਦਰਸ਼ਨ ਬੱਲ
ਮੋ:82890-55047

Leave a Reply

Your email address will not be published. Required fields are marked *