ਪੰਜਾਬ ਦੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਲੋੜ : ਰਾਜਪਾਲ ਪੰਜਾਬ

ਪੰਜਾਬ ਦੇ ਅਮੀਰ ਵਿਰਸੇ ਨੂੰ ਸੰਭਾਲਣ ਦੀ ਲੋੜ : ਰਾਜਪਾਲ ਪੰਜਾਬ
ਪੰਜਾਬ ਵਿੱਚ ਵਿਰਾਸਤੀ ਇਮਾਰਤਾਂ ਅਤੇ ਥਾਵਾਂ ਨੂੰ ਟੂਰਿਸਟ ਥਾਵਾਂ ਵਜੋਂ ਵਿਕਸਿਤ ਕੀਤਾ ਜਾਵੇਗਾ : ਨਵਜੋਤ ਸਿੱਧੂ
ਐਸ. ਏ. ਐਸ. ਨਗਰ, 18 ਜੁਲਾਈ (ਸ.ਬ.) ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ ਅਤੇ ਇਸ ਨੂੰ ਬਿਹਤਰ ਢੰਗ ਨਾਲ ਸਾਂਭੇ ਜਾਣ ਦੀ ਲੋੜ ਹੈ| ਇਹ ਗੱਲ ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ ਬਦਨੌਰ ਨੇ ਅੱਜ ਇੱਥੇ ਪੰਜਾਬ ਸਰਕਾਰ ਵਲੋਂ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਪੰਜਾਬ ਵਿੱਚ ਹੈਰੀਟੇਜ ਟੂਰਿਜਮ ਅਤੇ ਹੋਟਲ ਇੰਡਸਟਰੀ ਸਬੰਧੀ ਕਰਵਾਏ ਗਏ ਇੱਕ ਪ੍ਰੋਗਰਾਮ ਮੌਕੇ ਸੰਬੋਧਨ ਕਰਦਿਆਂ ਆਖੀ| ਉਹ ਇੱਥੇ ਮੁੱਖ ਮਹਿਮਾਨ ਵਜੋਂ ਆਏ ਹੋਏ ਸਨ| ਉਹਨਾਂ ਕਿਹਾ ਕਿ ਹੋਟਲ ਹੈਰੀਟੇਜ  ਐਸੋਸੀਏਸ਼ਨ ਵਲੋਂ ਦੇਸ਼ ਭਰ ਵਿੱਚ ਵਿਰਾਸਤੀ ਥਾਵਾਂ ਤੇ ਰੁਜਗਾਰਾਂ ਦੀ ਸਿਰਜਨਾ ਕੀਤੀ ਹੈ ਉਥੇ ਇਸ ਨਾਲ ਟੂਰਿਜਮ ਨੂੰ ਵੀ ਹੁਲਾਰਾ ਮਿਲਿਆ ਹੈ|
ਇਸ ਮੌਕੇ ਬੋਲਦਿਆਂ ਪੰਜਾਬ ਦੇ ਸਥਾਨਕ ਸਰਕਾਰ, ਟੂਰਿਜਮ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਸ੍ਰ. ਨਵਜੋਤ ਸਿੰਘ ਸੂੱਧ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਈ ਜਾ ਰਹੀ ਨਵੀਂ ਟੂਰਿਜਮ ਪਾਲਸੀ ਵਿੱਚ ਵਿਰਾਸਤੀ ਇਮਾਰਤਾਂ  ਅਤੇ ਥਾਵਾਂ ਦੀ ਸਾਂਭ ਸੰਭਾਲ ਕਰਨ ਅਤੇ ਇਹਨਾਂ ਥਾਵਾਂ ਨੂੰ ਸੈਲਾਨੀਆਂ ਦੇ ਘੁੰਮਣ ਲਈ ਤਿਆਰ ਕਰਨ ਦੀ ਗੱਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਪੰਜਾਬ ਵਿੱਚ ਵਿਰਾਸਤੀ ਟੂਰਿਜਮ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਇਸ ਨਾਲ ਨਾ ਸਿਰਫ ਵੱਡੀ ਗਿਣਤੀ ਰੁਜਗਾਰਾਂ ਦੀ ਸਿਰਜਨਾ ਕੀਤੀ ਜਾ ਸਕਦੀ ਹੈ ਬਲਕਿ ਇਸ ਨਾਲ ਸੂਬੇ ਦੀ ਕਮਾਈ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ| ਉਹਨਾਂ ਕਿਹਾ ਤਾਜਮਹਿਲ ਨੂੰ ਦੇਖਣ ਲਈ ਪ੍ਰਤੀਦਿਨ 11 ਹਜਾਰ ਵਿਅਕਤੀ ਆਗਰਾ ਜਾਂਦੇ ਹਨ|  ਜਦੋਂ ਕਿ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਇੱਕ ਲੱਖ ਦਸ ਹਜਾਰ ਤੋਂ ਵੀ ਵੱਧ ਵਿਅਕਤੀ ਰੋਜਾਨਾ ਅੰਮ੍ਰਿਤਸਰ ਪਹੁੰਚਦੇ ਹਨ| ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਦੇ ਤਜਰਬੇ ਦਾ ਫਾਇਦਾ ਲਿਆ ਜਾਵੇਗਾ ਅਤੇ ਸੰਸਥਾ ਦੇ ਸਹਿਯੋਗ ਨਾਲ ਪੰਜਾਬ ਵਿੱਚ ਵੱਖੋ ਵੱਖਰੇ ਕਲਾਸਟਰ ਕਾਇਮ ਕਰਕੇ ਹੈਰੀਟੇਜ ਹੋਟਲ ਬਣਾਉਣ ਲਈ ਰੂਪ ਰੇਖਾ ਤਿਆਰ ਕੀਤੀ ਜਾਵੇਗੀ| ਉਹਨਾਂ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਬਦਨੌਰ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਜਿਹਨਾਂ ਦੀ ਪ੍ਰੇਰਨਾ ਸਦਕਾ ਅੱਜ ਦਾ ਇਹ ਪ੍ਰੋਗਰਾਮ ਸੰਭਵ ਹੋਇਆ|
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਇੱਕ ਦੋ ਸਾਲਾਂ ਵਿੱਚ ਮੁਕੰਮਲ ਹੋਣ ਵਾਲਾ ਪ੍ਰੋਜੈਕਟ ਨਹੀਂ ਹੈ ਅਤੇ ਸਰਕਾਰ ਵੱਲੋਂ ਲੰਬੇ ਸਮੇਂ ਦੀ ਯੋਜਨਾ ਦੇ ਆਧਾਰ ਤੇ ਇਹ ਕੰਮ ਕੀਤਾ ਜਾਣਾ ਹੈ| ਉਹਨਾਂ ਕਿਹਾ ਕਿ ਪੰਜਾਬ ਵਿਚ ਸਮਰਥਾ ਹੈ ਅਤੇ ਸਾਡੀ ਨੀਅਤ ਵੀ ਸਾਫ ਹੈ ਇਸ ਲਈ ਪੰਜਾਬ ਦੀ ਭਲਾਈ ਵਾਲਾ ਹਰ ਕੰਮ ਸਿਰੇ ਚੜਾਇਆ ਜਾਵੇਗਾ| ਉਹਨਾਂ ਬਾਦਲਾਂ ਦਾ ਨਾਮ ਲਏ ਬਿਨਾਂ ਕਿਹਾ ਕਿ ਜਿਹੜੇ ਹੁਕਮਰਾਨ ਜਨਤਾ ਨੂੰ ਸਹੂਲਤਾਂ   ਦੇਣ ਦੇ ਵਾਇਦੇ ਕਰਦੇ ਰਹੇ ਅਤੇ ਆਪਣੇ ਲਈ ਸੁੱਖ ਵਿਲਾ ਬਣਾ ਲਏ ਉਹਨਾਂ ਤੋਂ ਗਿਣ ਗਿਣ ਕੇ ਹਿਸਾਬ ਲਿਆ ਜਾਵੇਗਾ ਅਤੇ ਜਨਤਾ ਤੋਂ ਲਈ ਗਈ ਪਾਈ ਪਾਈ ਦੀ ਵਸੂਲੀ ਕੀਤੀ ਜਾਵੇਗੀ| ਪੰਜਾਬ ਦੀ ਮਾੜੀ ਵਿੱਤੀ ਹਾਲਤ ਦੌਰਾਨ ਨਵੇਂ ਪ੍ਰੋਜੈਕਟਾਂ ਲਈ ਪੈਸੇ ਦਾ ਪ੍ਰਬੰਧ ਕਰਨ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ  ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈ ਅਤੇ ਪੰਜਾਬ ਆਪਣੇ ਸਰੋਤਾਂ ਤੋਂ ਆਪਣੀ ਹਰ ਲੋੜ ਪੂਰੀ ਕਰਨ ਦਾ ਸਮਰਥ ਹੈ|
ਇਸ ਤੋਂ ਪਹਿਲਾਂ ਇੰਡੀਅਨ   ਹੈਰੀਟੇਜ ਹੋਟਲ ਐਸੋਸੀਏਸ਼ਨ ਨਾਲ ਸੰਬੰਧਿਤ ਮਾਹਿਰਾਂ ਵੱਲੋਂ ਪੰਜਾਬ ਵਿੱਚ ਹੈਰੀਟੇਜ ਬਣਾਉਣ ਦੀਆਂ ਸੰਭਾਵਨਾਵਾਂ ਬਾਰੇ ਪੇਸ਼ਕਾਰੀ ਦਿਤੀ ਗਈ| ਜਿਸ ਦੌਰਾਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚਲੀਆਂ ਵਿਰਾਸਤੀ ਇਮਾਰਤਾਂ ਅਤੇ ਥਾਵਾਂ ਜਿਹਨਾਂ ਵਿੱਚ ਮੁਗਲ ਰਾਜ ਸਮੇਂ ਦੀਆਂ ਸਰਾਵਾਂ ਅਤੇ ਵੱਖ ਵੱਖ ਰਾਜਿਆਂ ਦੇ ਕਿਲੇ ਅਤੇ ਮਹਿਲ ਸ਼ਾਮਿਲ ਹਨ, ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ| ਇਹਨਾਂ ਮਾਹਿਰਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਵਲੋਂ ਸੁਹਿਰਦ ਯਤਨ ਕੀਤੇ ਜਾਣ ਅਤੇ ਸੈਲਾਨੀਆਂ ਨੂੰ ਪੰਜਾਬ ਦੇ ਵਿਰਸੇ ਨਾਲ ਜੁੜੀਆਂ ਥਾਵਾਂ ਨਾਲ ਜੁੜਣ ਦਾ ਮੌਕਾ ਦਿੱਤਾ ਜਾਵੇ ਤਾਂ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਬਹੁਤ ਵੱਧ ਸਕਦੀ ਹੈ| ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਡੀਅਨ ਹੈਰੀਟੇਜ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਮਹਾਰਾਜਾ ਗੱਜ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *