ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ
ਇਹ ਕੋਈ ਨਵੀਂ ਗੱਲ ਨਹੀਂ ਕਿ ਪੰਜਾਬ ਤੇ ਪੰਜਾਬੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੋਵੇ| ਇਤਿਹਾਸ ਗਵਾਹ ਹੈ ਕਿ ਪੰਜਾਬੀਆਂ ਦੇ ਹਿੱਸੇ ਮੁੱਢ ਕਦੀਮੀ ਤੋਂ ਮੁਹਿੰਮਾਂ ਹੀ ਆਈਆਂ ਹਨ| ਏਵੇਂ ਨਹੀਂ ਪੂਰੀ ਦੁਨੀਆਂ ਪੰਜਾਬੀਆਂ ਦੀ ਅਣਖ ਅਤੇ ਸਾਹਸ ਦਾ ਲੋਹਾ ਮੰਨਦੀ, ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਜਦ ਵੀ ਪੰਜਾਬ ਉੱਤੇ ਭੀੜ ਬਣੀ ਹੈ, ਉਸਦਾ ਕਾਰਣ ਸਮੇਂ ਦੀਆਂ ਸਰਕਾਰਾਂ ਦੀਆਂ ਦੋਗਲੀਆ ਨੀਤੀਆਂ ਰਹੀਆਂ ਹਨ| ਪੰਜਾਬੀਆਂ ਨਾਲ ਵਧੀਕੀਆਂ ਦਾ ਸਿਲਸਿਲਾ ਕੋਈ ਨਵਾਂ ਨਹੀਂ, ਬਲਕਿ ਬਹੁਤ ਪੁਰਾਣਾ ਹੈ| ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਐਮਰਜੈਂਸੀ ਦੇ ਦੌਰ ਤੋਂ ਬਾਅਦ ਸਿੱਖਾਂ ਨੂੰ ਸਬਕ ਸਿਖਾਉਣ ਲਈ ਭਜਨ ਲਾਲ ਸਰਕਾਰ ਨੇ ਇਹ ਨੀਤੀ ਬਣਾਈ ਸੀ ਕਿ ਹੋਣ ਵਾਲੀਆਂ ਏਸ਼ੀਅਨ ਗੇਮਜ਼ ਵਿੱਚ ਪੰਜਾਬੀਆਂ ਨੂੰ ਸ਼ਾਮਿਲ ਨਹੀਂ ਹੋਣ ਦਿੱਤਾ ਜਾਵੇਗਾ| ਇਸੇ ਨੀਤੀ ਤਹਿਤ ਹਰਿਆਣੇ ਰਾਹੀ ਦਿੱਲੀ ਪਹੁੰਚ ਰਹੇ ਪੰਜਾਬੀਆਂ ਨੂੰ ਬਹੁਤ ਜਲਾਲਤ ਦਾ ਸਾਹਮਣਾ ਕਰਨਾ ਪਿਆ ਸੀ| ਬਿਲਕੁਲ ਮੌਜੂਦਾ ਸਮੇਂ ਦੀ ਤਰ੍ਹਾਂ ਹਰਿਆਣੇ ਤੋਂ ਦਿੱਲੀ ਜਾਣ ਵਾਲਾ ਜੀ. ਟੀ ਰੋਡ ਬੰਦ ਕਰ ਦਿੱਤਾ ਗਿਆ, ਨਿੱਕੀਆਂ ਮੋਟੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਸਨ| ਉਸ ਸਮੇਂ ਜਸਟਿਸ ਆਰ.ਐਸ ਸੋਢੀ ਨੇ ਹਰਿਆਣਾ ਸਰਕਾਰ ਵਿਰੁੱਧ ਇੱਕ ਪਟੀਸ਼ਨ ਦਾਇਰ ਕੀਤੀ ਕਿ ਇਹ ਜੋ ਹਾਈਵੇ ਹਨ ਇਹ ਪੂਰੇ ਰਾਸ਼ਟਰ ਲਈ ਹਨ, ਇਹ ਕਿਸੇ ਇੱਕ ਸਟੇਟ ਦੀ ਮਲਕੀਅਤ ਨਹੀ ਹਨ| ਭਜਨ ਲਾਲ ਵੱਲੋਂ ਇਹ ਵੀ ਹੁਕਮ ਦਿੱਤਾ ਗਿਆ ਕਿ ਪੰਜਾਬੀਆਂ ਨੂੰ ਜੀ. ਟੀ ਰੋਡ ਤੇ ਹੀ ਰੋਕ ਲਿਆ ਜਾਵੇ, ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਬਿਲਕੁਲ ਉਸ ਸਮੇਂ ਦੀ ਤਰ੍ਹਾਂ ਅੱਜ ਭਾਵੇਂ ਮਸਲੇ ਅਲੱਗ ਹਨ ਪਰ ਪੰਜਾਬੀਆਂ ਨਾਲ ਵਿਤਕਰੇ ਦੀ ਭਾਵਨਾ, ਈਰਖਾ ਬਾਜੀ ਦੀ ਭਾਵਨਾ ਹੂਬਹੂ ਪੁਰਾਣੀ ਹੈ| ਖੈਰ ਹੁਣ ਸਵਾਲ ਇਹ ਉਠਦਾ ਹੈ ਕਿ ਕੀ ਹਰਿਆਣਾ ਜਾਂ ਦਿੱਲੀ ਸਰਕਾਰ ਏਨੀ ਬੇਸਮਝ ਹੈ ਕਿ ਉਸ ਨੂੰ ਨੈਸ਼ਨਲ ਹਾਈਵੇ ਦੀ ਵਰਤੋਂ ਦਾ ਨਹੀਂ ਪਤਾ! ਕਿਸੇ ਕੋਲ ਇਸ ਗੱਲ ਦਾ ਜਵਾਬ ਹੈ ਕਿ ਹਰਿਆਣਾ ਸਰਕਾਰ ਨੇ ਹਾਈਵੇ ਤਾਂ ਬੰਦ ਕੀਤਾ,ਪਰ ਕਿਸ ਕਾਨੂੰਨ ਤਹਿਤ ਕੀਤਾ? ਸਾਡੇ ਸੰਵਿਧਾਨ ਦੇ ਕਿਸ ਪੰਨੇ ਉੱਪਰ ਲਿਖਿਆ ਹੈ ਕਿ ਕੋਈ ਸਰਕਾਰ ਰਾਸ਼ਟਰੀ ਸੜਕਾਂ ਉੱਪਰ ਬੈਰੀਗੇਡ ਲਗਾ ਕੇ, ਚੰਗੀਆਂ, ਭਲੀਆਂ ਪੱਕੀਆਂ ਸੜਕਾਂ ਵਿੱਚ ਟੋਏ ਪੁੱਟ ਕੇ ਕਿਸੇ ਨੂੰ ਦੂਸਰੇ ਰਾਜ ਵਿੱਚ ਜਾਣ ਤੋਂ ਰੋਕਿਆ ਜਾਵੇ| ਪਰ ਜਿਵੇਂ ਸਿਆਣੇ ਕਹਿੰਦੇ ਹਨ ਕਿ ਜੋ ਦੂਸਰਿਆਂ ਲਈ ਟੋਏ ਪੁੱਟਦੇ ਹਨ, ਆਪ ਮੂਹਾਰੇ ਮੂਧੜੇ ਮੂੰਹ ਵਿੱਚ ਡਿੱਗਦੇ ਹਨ| ਬਿਲਕੁਲ ਏਸੇ ਤਰ੍ਹਾਂ ਦੇਸ਼ ਵਿੱਚ ਅਣਸੁਖਾਵੇਂ ਹਾਲਾਤ ਪੈਦਾ ਕਰਨ ਵਾਲਿਆਂ ਦਾ ਵੀ ਹਾਲ ਇਸੇ ਤਰ੍ਹਾਂ ਹੀ ਹੋਵੇਗਾ| ਖੱਟਰ ਸਰਕਾਰ ਨੂੰ ਆਪਣੇ ਵੱਲੋਂ ਕੀਤੀ ਇਸ ਭੁੱਲ ਦਾ ਖਮਿਆਜਾ ਭਵਿੱਖ ਵਿੱਚ ਭੁਗਤਣਾ ਪਵੇਗਾ|
ਇੱਕ ਪਾਸੇ ਤਾਂ ਮਨੋਹਰ ਲਾਲ ਖੱਟਰ ਅਤੇ ਇਹਨਾਂ ਦੇ ਰਾਜਨੀਤਕ ਭਾਈਬੰਧ ਕਿਸਾਨਾਂ ਨੂੰ ਸ਼ੋਸ਼ਲ ਡਿਸਟੈਂਸ ਬਣਾ ਕੇ ਰੱਖਣ ਲਈ ਆਪਣੇ ਚੇਲੇ ਮੀਡੀਆ ਰਾਹੀਂ ਸੁਨੇਹੇ ਦੇ ਰਹੇ ਹਨ, ਦੂਸਰੇ ਪਾਸੇ ਗੁਜਰਾਤ ਵਿੱਚ ਮਿਊਸਂਪਲ ਚੋਣਾਂ ਦੇ ਪ੍ਰਚਾਰ ਵਿੱਚ ਰੈਲੀਆਂ ਕੱਢੀਆਂ ਜਾ ਰਹੀਆਂ ਹਨ| ਜੋ ਕਿਸਾਨਾਂ ਪ੍ਰਤੀ ਸੌੜੀ ਸੋਚ ਦਾ ਸਿੱਧਾ ਨਮੂਨਾ ਪੇਸ਼ ਕਰਦਾ ਹੈ|
ਕਿਸਾਨੀ ਸੰਘਰਸ਼ ਦੀ ਗੱਲ ਕਰੀਏ ਤਾਂ ਜਿਵੇਂ ਜਿਵੇਂ ਖਬਰਾਂ, ਰਿਪੋਰਟਾਂ ਦੇਖ ਰਹੇ ਹਾਂ, ਹਰ ਪੰਜਾਬੀ ਦਾ ਜੋਸ਼ ਸਿਖਰ ਉੱਪਰ ਹੈ, ਜੋਸ਼ ਉਬਾਲੇ ਖਾ ਰਿਹਾ ਹੈ | ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਕਿਤੇ ਵੀ ਪੰਜਾਬੀ ਬੈਠਾ ਹੋਇਆ ਹੈ ਤਾਂ ਉਸਦੀ ਟਿਕਟਿਕੀ ਲੱਗੀ ਹੋਈ ਹੈ ਕਿ ਸਾਡੇ ਕਿਸਾਨ ਭੈਣਾਂ, ਵੀਰ ਕੀ ਕਰ ਰਹੇ ਹਨ? ਕਾਫਲੇ ਕਿੱਥੋ ਕਿੱਥੇ ਪਹੁੰਚੇ ਹਨ? ਦਿੱਲੀ ਵਾਲਿਆਂ ਦਾ ਕੀ ਹਾਲ ਹੋ ਰਿਹਾ ਹੈ ਅਤੇ ਪੂਰੇ ਭਾਰਤ ਦੇ ਕਿਸਾਨ ਮਿਲ ਕੇ ਕਿਹੜਾ ਨਵਾਂ ਹੰਭਲਾ ਮਾਰ ਰਹੇ ਹਨ? ਅਸਲ ਵਿੱਚ ਇਸਨੂੰ ਹੀ ਕਹਿੰਦੇ ਹਨ, ਮਿੱਟੀ ਦੀ ਸਾਂਝ, ਖੂਨ ਦਾ ਰਿਸ਼ਤਾ| ਇਸ ਗੱਲ ਦਾ ਦੁੱਖ ਜਰੂਰ ਹੈ ਕਿ ਸਾਡੇ ਬਹੁਤ ਸਾਰੇ ਬਜ਼ੁਰਗਾਂ, ਜਵਾਨਾਂ ਨੂੰ ਆਪਣੀ ਮਿੱਟੀ ਲਈ ਸਰੀਰ ਤੇ ਜਖਮ ਸਹਿਣੇ ਪੈ ਰਹੇ ਹਨ| ਪਰ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੇ ਪੰਜਾਬੀਆਂ ਵਿੱਚ ਅਣਖ, ਜੋਸ਼ ਤੇ ਜਜਬਾ ਜਿਊਂਦਾ ਹੈ| ਇਤਿਹਾਸ ਗਵਾਹ ਹੈ ਕਿ ਜੰਗਜੂ ਕੌਮਾਂ ਕਦੇ ਵੀ ਟਿਕ ਕੇ ਨਹੀਂ ਬੈਠਦੀਆਂ ਹੁੰਦੀਆਂ| ਫਿਰ ਪੰਜਾਬ ਦੀ ਧਰਤੀ ਤਾਂ ਹੋਈ ਹੀ ਸੂਰਬੀਰਾਂ ਅਤੇ ਯੋਧਿਆਂ ਦੀ ਧਰਤੀ | ਸਾਨੂੰ ਮਾਣ ਹੈ ਆਪਣੇ ਪੰਜਾਬੀ ਕਿਸਾਨ ਭਰਾਵਾਂ ਉੱਤੇ ਜੋ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਹਨ ਅਤੇ ਪੰਜਾਬ ਦੀ ਇੱਜ਼ਤ ਅਤੇ ਹੋਂਦ ਨੂੰ ਬਰਕਰਾਰ ਰੱਖਣ ਲਈ ਜੱਦੋਜਹਿਦ ਕਰ ਰਹੇ ਹਨ| ਅਸਲ ਵਿੱਚ ਪੰਜਾਬੀਆਂ ਦੇ ਹਿੱਸੇ ਆਈਆਂ ਹੀ ਮੁਹਿੰਮਾਂ ਅਤੇ ਚਣੌਤੀਆਂ ਹਨ, ਪਰ ਸਿਆਣੇ ਕਹਿੰਦੇ ਹਨ ਕਿ ਚੁਣੌਤੀਆਂ ਵੀ ਉਹਨਾਂ ਦੇ ਹਿੱਸੇ ਆਉਦੀਆਂ ਹਨ ਜੋ ਉਹਨਾਂ ਨੂੰ ਸਵੀਕਾਰ ਕਰਨ ਅਤੇ ਉਹਨਾਂ ਨਾਲ ਟਾਕਰਾ ਕਰਨ ਦੀ ਹਿੰਮਤ ਰੱਖਦਾ ਹੈ| ਸੋ ਆਸ ਕਰਦੇ ਹਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਪੰਜਾਬ ਇਹ ਮੈਦਾਨ ਫਤਿਹ ਕਰੇਗਾ|
ਹਰਕੀਰਤ ਕੌਰ ਸਭਰਾ
9779118066