ਪੰਜਾਬ ਦੇ ਪਾਣੀਆਂ ਨੂੰ ਜਹਿਰੀਲਾ ਬਣਾਉਣ ਵਾਲਿਆਂ ਵਿਰੁੱਧ ਹੋਵੇ ਕਾਰਵਾਈ

ਪੰਜਾਬ ਵਿੱਚ ਇੱਕ ਪਾਸੇ ਪੀਣ ਵਾਲੇ ਪਾਣੀ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਵਿੱਚ ਕੁਦਰਤੀ ਤੌਰ ਤੇ ਮਿਲ ਰਹੇ ਪਾਣੀ ਵਿੱਚ ਖੁਦ ਪੰਜਾਬੀਆਂ ਵਲੋਂ ਹੀ ਬਹੁਤ ਵੱਡੇ ਪੱਧਰ ਉਪਰ ਪ੍ਰਦੂਸ਼ਣ ਫੈਲਾ ਕੇ ਉਸਨੂੰ ਜਹਿਰੀਲਾ ਬਣਾਇਆ ਜਾ ਰਿਹਾ ਹੈ| ਪੰਜਾਬ ਸਰਕਾਰ ਵਲੋਂ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਜਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਥਾਂ ਇਸਨੂੰ ਕਾਫੀ ਹੱਦ ਤਕ ਅਣਦੇਖਿਆ ਕੀਤੇ ਜਾਣ ਕਾਰਨ ਉਦਯੋਗਪਤੀਆਂ ਦੇ ਨਾਲ ਨਾਲ ਕਿਸਾਨਾਂ ਵਲੋਂ ਵੀ ਕੁਦਰਤੀ ਜਲ ਸੋਮਿਆਂ, ਦਰਿਆਵਾਂ, ਨਹਿਰਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਵੱਡੇ ਪੱਧਰ ਤੇ ਦੂਸ਼ਿਤ ਅਤੇ ਜਹਿਰੀਲਾ ਬਣਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ|
ਸੂਬੇ ਵਿੱਚ ਦੋ ਮੁੱਖ ਦਰਿਆ ਸਤਲੁਜ ਅਤੇ ਬਿਆਸ ਹਨ, ਇਸ ਤੋਂ ਇਲਾਵਾ ਕਾਲੀ ਅਤੇ ਚਿੱਟੀ ਵੇਈਂ, ਘੱਗਰ, ਪਟਿਆਲਾ ਕੀ ਰਾਓ ਨਦੀਆਂ ਸਮੇਤ ਹੋਰ ਵੀ ਕਈ ਛੋਟੀਆਂ ਨਦੀਆਂ ਅਤੇ ਚੋਅ ਕੁਦਰਤੀ ਪਾਣੀ ਦੇ ਚੰਗੇ ਸਰੋਤ ਹਨ| ਕਿਸੇ ਸਮੇਂ ਇਹਨਾਂ ਸਾਰੇ ਦਰਿਆਵਾਂ ਸਮੇਤ ਪੰਜਾਬ ਦੀਆਂ ਛੋਟੀਆਂ ਨਦੀਆਂ ਅਤੇ ਚੋਆਂ ਦਾ ਪਾਣੀ ਅੰਮ੍ਰਿਤ ਵਰਗਾ ਸਮਝਿਆ ਜਾਂਦਾ ਸੀ ਪਰ ਹੁਣ ਇਹਨਾਂ ਸਭ ਦਾ ਪਾਣੀ ਇੰਨਾ ਜਿਆਦਾ ਪ੍ਰਦੂਸ਼ਿਤ ਅਤੇ ਜਹਿਰੀਲਾ ਹੋ ਗਿਆ ਹੈ ਕਿ ਮਨੁੱਖਾਂ ਦੀ ਗੱਲ ਹੀ ਛੱਡੋ ਹੁਣ ਤਾਂ ਡੰਗਰ ਵੀ ਇਸ ਪਾਣੀ ਨੂੰ ਪੀਣ ਦੀ ਥਾਂ ਮੂੰਹ ਪਾਸੇ ਕਰ ਲੈਂਦੇ ਹਨ|
ਕੁਝ ਸਮਾਂ ਪਹਿਲਾਂ ਬਿਆਸ ਦਰਿਆ ਵਿੱਚ ਇੱਕ ਫੈਕਟਰੀ ਵਲੋਂ ਆਪਣਾ ਜਹਿਰੀਲਾ ਪਾਣੀ ਛੱਡੇ ਜਾਣ ਕਾਰਨ ਲੱਖਾਂ ਦੀ ਗਿਣਤੀ ਵਿੱਚ ਮੱਛੀਆਂ ਅਤੇ ਹੋਰ ਜਲ ਜੀਵ ਮਾਰੇ ਗਏ ਸਨ| ਦਰਿਆ ਨੂੰ ਇੰਨੇ ਵੱਡੇ ਪੱਧਰ ਤੇ ਪ੍ਰਦੂਸ਼ਿਤ ਕੀਤੇ ਜਾਣ ਦੀ ਇਸ ਕਾਰਵਾਈ ਤੋਂ ਬਾਅਦ ਭਾਵੇਂ ਸਾਡੀ ਸੁੱਤੀ ਪਈ ਸਰਕਾਰ ਕੁੱਝ ਸਮੇਂ ਲਈ ਜਾਗ ਕੇ ਸਰਗਰਮ ਹੋਈ ਦਿਖੀ ਸੀ ਪਰ ਸਰਕਾਰ ਦੀ ਇਹ ਚੁਸਤੀ ਛੇਤੀ ਹੀ ਗਾਇਬ ਹੋ ਗਈ ਅਤੇ ਹੁਣ ਫਿਰ ਵੱਖ ਵੱਖ ਫੈਕਟਰੀਆਂ, ਉਦਯੋਗਾਂ ਅਤੇ ਹੋਰਨਾਂ ਸਨਅਤੀ ਇਕਾਈਆਂ ਦਾ ਪ੍ਰਦੂਸ਼ਿਤ ਅਤੇ ਖਤਰਨਾਕ ਕੈਮੀਕਲਾਂ ਵਾਲਾ ਪਾਣੀ ਪੰਜਾਬ ਦੇ ਨਦੀਆਂ ਦਰਿਆਵਾਂ ਵਿੱਚ ਪੈ ਰਿਹਾ ਹੈ| ਪੰਜਾਬ ਦੇ ਵੱਖ ਵੱਖ ਸਨਅਤੀ ਸ਼ਹਿਰਾਂ ਨੇੜਿਓਂ ਲੰਘਦੀਆਂ ਛੋਟੀਆਂ ਨਦੀਆਂ ਜਾਂ ਨਾਲਿਆਂ ਵਿੱਚ ਹਰ ਵੇਲੇ ਝੱਗ ਹੀ ਝੱਗ ਦਿਖਦੀ ਹੈ| ਇਸਦਾ ਕਾਰਨ ਇਹ ਹੈ ਕਿ ਇਹਨਾਂ ਸ਼ਹਿਰਾਂ ਵਿੱਚਲੀਆਂ ਵੱਖ ਵੱਖ ਫੈਕਟਰੀਆਂ ਵਲੋਂ ਕੈਮੀਕਲ ਰਲਿਆ ਪ੍ਰਦੂਸ਼ਿਤ ਪਾਣੀ ਛੱਡਿਆ ਜਾਣਾ ਹੈ|
ਪਾਣੀ ਨੂੰ ਪ੍ਰਦੂਸ਼ਿਤ ਅਤੇ ਜਹਿਰੀਲਾ ਬਣਾਉਣ ਵਿੱਚ ਕਿਸਾਨ ਵੀ ਪਿੱਛੇ ਨਹੀਂ ਹਨ| ਹੁਣ ਤਾਂ ਕੁੱਝ ਕਿਸਾਨ ਖੇਤਾਂ ਵਿੱਚ ਫਸਲਾਂ ਉਪਰ ਜਹਿਰੀਲੀਆਂ ਦਵਾਈਆਂ ਦਾ ਛਿੜਕਾਓ ਕਰਨ ਦੀ ਥਾਂ ਸਿੱਧਾ ਬੋਰਾਂ ਦੇ ਪਾਈਪਾਂ ਵਿੱਚ ਹੀ ਯੂਰੀਆ ਅਤੇ ਹੋਰ ਕੀਟਨਾਸ਼ਕ ਦਵਾਈਆਂ ਪਾਉਣ ਲੱਗ ਗਏ ਹਨ ਤਾਂ ਜੋ ਬੋਰ ਵਿਚੋਂ ਪਾਣੀ ਨਿਕਲਣ ਦੇ ਨਾਲ ਹੀ ਯੂਰੀਆ ਅਤੇ ਕੀਟਨਾਸ਼ਕ ਦਵਾਈਆਂ ਵੀ ਘੁਲ ਕੇ ਪਾਣੀ ਦੇ ਨਾਲ ਨਾਲ ਫਸਲ ਨੂੰ ਲੱਗ ਜਾਣ| ਇਸ ਤਰ੍ਹਾਂ ਕਰਨ ਲਈ ਕਿਸਾਨ ਯੂਰੀਆ, ਕੀਟਨਾਸ਼ਕ ਅਤੇ ਹੋਰ ਜਹਿਰੀਲੀਆਂ ਦਵਾਈਆਂ ਨੂੰ ਧਰਤੀ ਵਿਚੋਂ ਪਾਣੀ ਕੱਢਣ ਵਾਲੇ ਟਿਊਬਵੈਲ ਦੇ ਪਾਈਪ ਵਿੱਚ ਪਾ ਦਿੰਦੇ ਹਨ, ਜਿਸ ਕਾਰਨ ਇਹ ਜਹਿਰੀਲੇ ਪਦਾਰਥ ਧਰਤੀ ਹੇਠਲੇ ਪਾਣੀ ਵਿੱਚ ਜਾ ਕੇ ਰਲ ਜਾਂਦੇ ਹਨ| ਕਿਸਾਨਾਂ ਦੀ ਇਸ ਕਾਰਵਾਈ ਕਾਰਨ ਧਰਤੀ ਹੇਠਲਾ ਪਾਣੀ ਵੀ ਬੁਰੀ ਤਰ੍ਹਾਂ ਜਹਿਰੀਲਾ ਹੋ ਰਿਹਾ ਹੈ|
ਇਹ ਕਾਢ ਭਾਵੇਂ ਕਿਸੇ ਸ਼ਾਤਿਰ ਦਿਮਾਗ ਦੀ ਕੱਢੀ ਲੱਗਦੀ ਹੈ ਪਰੰਤੂ ਜਿਸ ਤਰੀਕੇ ਨਾਲ ਕਿਸਾਨ ਹੁਣ ਇਸ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ ਉਸ ਨਾਲ ਪੂਰੀ ਮਨੁੱਖਤਾ ਲਈ ਹੀ ਖਤਰਾ ਪੈਦਾ ਹੋ ਗਿਆ ਹੈ| ਕਿਸਾਨਾਂ ਨੂੰ ਬੋਰ ਦੇ ਪਾਈਪਾਂ ਵਿੱਚ ਯੁਰੀਆ ਅਤੇ ਹੋਰ ਕੀਟਨਾਸ਼ਕ ਦਵਾਈਆਂ ਪਾਉਂਦਿਆਂ ਦੀਆਂ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਪਰੰਤੂ ਇਸਦੇ ਬਾਵਜੂਦ ਅਜਿਹੇ ਕੰਮ ਕਰਨ ਵਾਲੇ ਕਿਸਾਨਾਂ ਦਾ ਪਤਾ ਲਗਾ ਕੇ ਉਹਨਾਂ ਵਿਰੁੱਧ ਕਾਰਵਾਈ ਕਰਨ ਵਿੱਚ ਸਰਕਾਰ ਅਜੇ ਵੀ ਢਿੱਲਮੱਠ ਦਿਖਾ ਰਹੀ ਹੈ|
ਪੰਜਾਬ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਪੰਜਾਬ ਦੇ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਕੀਤੀ ਜਾਵੇ ਅਤੇ ਦਰਿਆਵਾਂ, ਨਦੀਆਂ ਦੇ ਪਾਣੀਆਂ ਵਿੱਚ ਪ੍ਰਦੂਸ਼ਿਤ ਪਾਣੀ ਛੱਡਣ ਵਾਲੇ ਉਦਯੋਗਾਂ, ਫੈਕਟਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ| ਇਸ ਵਾਸਤੇ ਜਿੱਥੇ ਉਦਯੋਗਾਂ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲਗਾਉਣ ਲਾਜਮੀ ਹੋਣਾ ਚਾਹੀਦਾ ਹੈ ਉੱਥੇ ਇਹਨਾਂ ਫੈਕਟ੍ਰੀਆਂ ਤੋਂ ਨਿਕਲਣ ਵਾਲੇ ਪਾਣੀ ਦੀ ਸਮੇਂ ਸਮੇਂ ਤੇ ਜਾਂਚ ਦੇ ਵੀ ਪ੍ਰਬੰਧ ਹੋਣੇ ਚਾਹੀਦੇ ਹਨ| ਇਸਦੇ ਨਾਲ ਨਾਲ ਕਿਸਾਨਾਂ ਵਿੱਚ ਟਿਊਬਵੈਲਾਂ ਦੀਆਂ ਪਾਈਪਾਂ ਵਿੱਚ ਯੂਰੀਆ ਅਤੇ ਹੋਰ ਕੀਟਨਾਸ਼ਕ ਦਵਾਈਆਂ ਮਿਲਾਉਣ ਦੇ ਰੁਝਾਨ ਤੇ ਸਖਤੀ ਨਾਲ ਰੋਕ ਲਗਾਉਣੀ ਚਾਹੀਦੀ ਹੈ ਅਤੇ ਕਿਸਾਨ ਜੱਥੇਬੰਦੀਆਂ ਨੂੰ ਇਸ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਬਚਾਇਆ ਜਾ ਸਕੇ|

Leave a Reply

Your email address will not be published. Required fields are marked *