ਪੰਜਾਬ ਦੇ ਪੈਟਰੋਲ ਡੀਲਰਾਂ ਵੱਲੋਂ ਸੰਘਰਸ਼ ਦੀ ਤਿਆਰੀ

ਪੰਜਾਬ ਦੇ ਪੈਟਰੋਲ ਡੀਲਰਾਂ ਵੱਲੋਂ ਸੰਘਰਸ਼ ਦੀ ਤਿਆਰੀ
ਪੰਜਾਬ ਦੇ ਮੁਕਾਬਲੇ ਗੁਆਂਢੀ ਰਾਜਾਂ ਵਿੱਚ ਪੈਟਰੋਲ ਡੀਜਲ ਦੀ ਵਿਕਰੀ ਵਧੀ
ਚੰਡੀਗੜ੍ਹ, 5 ਨਵੰਬਰ (ਸ.ਬ.) ਪੰਜਾਬ ਵਿੱਚਲੇ ਪੈਟਰੋਲ ਪੰਪ ਮਾਲਕਾਂ ਨੇ ਰਾਜ ਸਰਕਾਰ ਦੀ ਉਦਾਸੀਨਤਾ ਖਿਲਾਫ਼ ਅੰਦੋਲਨ ਤੇ ਜਾਣ ਦੀ ਧਮਕੀ ਦਿੱਤੀ ਹੈ ਕਿਉਂਕਿ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਤੇ ਤੁਲਨਾਤਮਕ ਪੱਧਰ ਤੇ ਵੈਟ ਨੂੰ ਘੱਟ ਕਰਕੇ ਕੀਮਤ ਨੂੰ ਸਰਹੱਦੀ ਰਾਜਾਂ ਦੇ ਬਰਾਬਰ ਕਰਨ ਸਬੰਧੀ ਉਨ੍ਹਾਂ ਦੀ ਅਪੀਲ ਤੇ ਕੋਈ ਧਿਆਨ ਨਹੀਂ ਦਿੱਤਾ ਹੈ| ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਪੈਟਰੋਲ ਡੀਲਰ ਅੱਜ ਤੋਂ ‘ਕਾਲੀ ਦੀਵਾਲੀ’ ਮਨਾਉਣਗੇ ਅਤੇ ਸ਼ਾਮ 7 ਵਜੇ ਤੋਂ 7.30 ਵਜੇ ਤੱਕ ਉਹ ਆਪਣੇ ਪੰਪਾਂ ਤੇ ਸਾਰੀਆਂ ਲਾਈਟਾਂ ਨੂੰ ਬੰਦ ਰੱਖਣਗੇ|
ਉਹਨਾਂ ਕਿਹਾ ਕਿ ਪੰਜਾਬ ਦੇ ਪੈਟਰੋਲ ਪੰਪਾਂ ਦੀ ਵਿੱਕਰੀ ਘੱਟ ਹੋ ਰਹੀ ਹੈ| ਇਸਦਾ ਸਭ ਤੋਂ ਵੱਧ ਅਸਰ ਸਰਹੱਦੀ ਖੇਤਰਾਂ ਵਿੱਚ ਸਥਿਤ ਪੰਪ ਮਾਲਕਾਂ ਤੇ ਪਿਆ ਹੈ ਅਤੇ ਉਨ੍ਹਾਂ ਦੀ ਹਾਈ ਸਪੀਡ ਡੀਜ਼ਲ ਦੀ ਵਿੱਕਰੀ ਕਾਫੀ ਡਿੱਗ ਚੁੱਕੀ ਹੈ| ਇਸਦਾ ਕਾਰਨ ਦੂਜੇ ਰਾਜਾਂ ਅਤੇ ਯੂਟੀ ਵਿੱਚ ਉਨ੍ਹਾਂ ਮੁਕਾਬਲੇ ਹਾਈ ਸਪੀਡ ਡੀਜਲ ਦੀ ਕੀਮਤ ਵਿੱਚ ਵੱਡਾ ਅੰਤਰ ਹੋਣਾ ਹੈ| ਉਨ੍ਹਾਂ ਅੰਕੜੇ ਦਿੰਦਿਆਂ ਕਿਹਾ ਕਿ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਚੰਡੀਗੜ੍ਹ ਵਿੱਚ ਹਾਈ ਸਪੀਡ ਡੀਜਲ ਦੀ ਵਿੱਕਰੀ ਵਿੱਚ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ਵਿੱਚ 78.10 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ| ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਕ੍ਰਮਵਾਰ 2.3 ਪ੍ਰਤੀਸ਼ਤ ਅਤੇ 2.7 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ ਜਦੋਂਕਿ ਇਸ ਮਿਆਦ ਵਿੱਚ ਪੰਜਾਬ ਦੀ ਨਾਕਾਰਾਤਮਕ ਤੌਰ ਤੇ ਵਿੱਕਰੀ 2.5 ਪ੍ਰਤੀਸ਼ਤ ਤੱਕ ਘੱਟ ਹੋ ਗਈ ਹੈ|
ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਡਾ. ਮਨਜੀਤ ਸਿੰਘ ਨੇ ਕਿਹਾ ਕਿ ‘ ਸਾਲ 2016 ਦੇ ਆਧਾਰ ਤੇ ਜਦੋਂ ਉਹ 2016-17 ਦੀ ਤੁਲਨਾ ਕਰਦੇ ਹਾਂ, ਜਿੱਥੇ ਪੰਜਾਬ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਵਿੱਕਰੀ ਨਾਲ ਮਾਲੀਆ ਵਸੂਲੀ 5,833 ਕਰੋੜ ਰੁਪਏ ਤੋਂ ਘਟ ਕੇ 2017-18 ਵਿੱਚ 5658 ਕਰੋੜ ਰੁਪਏ ਰਹਿ ਗਈ, ਯਾਨੀ ਇਸ ਵਿੱਚ 175 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ| ਇਹ ਕਮੀ ਅਜਿਹੇ ਸਮੇਂ ਵਿੱਚ ਦਰਜ ਕੀਤੀ ਗਈ ਹੈ ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਰਿਟੇਲ ਕੀਮਤਾਂ ਲਗਾਤਾਰ ਉਛਾਲ ਤੇ ਰਹੀਆਂ ਹਨ|
ਉਨ੍ਹਾਂ ਕਿਹਾ ਕਿ ਇਸ ਵਿੱਤ ਸਾਲ ਤੋਂ ਪਹਿਲੇ ਛੇ ਮਹੀਨਿਆਂ ਵਿੱਚ ਹੀ ਚੰਡੀਗੜ੍ਹ ਵਿੱਚ ਸਿਰਫ਼ 42 ਰਿਟੇਲ ਆਊਟਲੈਟਸ ਤੇ ਡੀਜ਼ਲ ਦੀ ਵਿੱਕਰੀ ਵਿੱਚ 78.1 ਪ੍ਰਤੀਸ਼ਤ (80444 ਮੀਟਰਿਕ ਟਨ) ਅਤੇ ਪੈਟਰੋਲ ਵਿੱਚ 19 ਪ੍ਰਤੀਸ਼ਤ (45157 ਮੀਟਰਿਕ ਟਨ) ਦਾ ਵਾਧਾ ਹੋਇਆ ਹੈ| ਉਨ੍ਹਾਂ ਕਿਹਾ ਕਿ ਵਿਕਰੀ ਨਾਂ ਦੇ ਬਰਾਬਰ ਰਹਿਣ ਕਾਰਨ ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੋਪੜ, ਮੁਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਸੰਗਰੂਰ ਵਿੱਚ ਲਗਭਗ 900 ਪੈਟਰੋਲ ਪੰਪ ਬੰਦ ਹੋਣ ਦੀ ਕਗਾਰ ਤੇ ਹਨ|
ਸੰਸਥਾ ਦੇ ਬੁਲਾਰੇ ਮੌਂਟੀ ਸਹਿਗਲ ਨੇ ਵੱਖ ਵੱਖ ਰਾਜਾਂ ਵਿੱਚ ਵੈਟ ਦੀਆਂ ਦਰਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਗੁਆਂਢੀ ਰਾਜਾਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੀ ਤੁਲਨਾ ਵਿੱਚ ਵੈਟ ਵਿੱਚ ਅਸਮਾਨਤਾ ਨੇ ਵਿੱਕਰੀ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤੀ ਹੈ ਜਿਸ ਨਾਲ ਪੰਜਾਬ ਸਰਕਾਰ ਦੀ ਮਾਲੀਆ ਵਸੂਲੀ ਵਿੱਚ ਅਰਬਾਂ ਰੁਪਇਆਂ ਦਾ ਨੁਕਸਾਨ ਹੋਇਆ ਹੈ|
ਇਸ ਮੌਕੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਵਿੱਚ ਰਣਜੀਤ ਸਿੰਘ ਗਾਂਧੀ, ਅਸ਼ਵਿੰਦਰ ਮੌਂਗੀਆ, ਜੀ.ਐਸ. ਚਾਵਲਾ, ਸ਼ਿਵ ਜਗੋਤਾ, ਨਵਨੀਤ ਕੁਮਾਰ, ਅਮਿਤ ਅਗਰਵਾਲ ਅਤੇ ਰਾਜੇਸ਼ ਖੁਰਾਣਾ ਹਾਜਿਰ ਸਨ|

Leave a Reply

Your email address will not be published. Required fields are marked *