ਪੰਜਾਬ ਦੇ ਮੁੱਖ ਮੰਤਰੀ ਨੇ ਐਚ.ਡੀ.ਐਫ.ਸੀ. ਨੂੰ ਨੌਜਵਾਨਾਂ ਨੂੰ ਨਰਮ ਦਰਾਂ ‘ਤੇ ਕਰਜ਼ਾ ਦੇਣ ਅਤੇ ਸਿਖਲਾਈ ਮੁਹੱਈਆ ਕਰਵਾਉਣ ਲਈ ਆਖਿਆ

ਚੰਡੀਗੜ੍ਹ, 5 ਅਪ੍ਰੈਲ (ਸ.ਬ.)  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਿਸ਼ੇਸ਼ ਮੌਕੇ ਮੁਹੱਈਆ ਕਰਵਾਉਣ ਲਈ ਐਚ.ਡੀ.ਐਫ.ਸੀ. ਬੈਂਕ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨ ਉੱਦਮੀਆਂ ਨੂੰ ਨਰਮ ਦਰਾਂ ਵਾਲੇ ਕਰਜ਼ੇ ਮੁਹੱਈਆ ਕਰਵਾਉਣ ਦੀ ਬੈਂਕ ਨੂੰ ਅਪੀਲ ਕੀਤੀ| ਇਹ ਮੁੱਦਾ ਉਸ ਵੇਲੇ ਵਿਚਾਰਿਆ ਗਿਆ ਜਦੋਂ ਐਚ.ਡੀ.ਐਫ.ਸੀ ਬੈਂਕ ਦੇ ਬਰਾਂਚ ਮੁਖੀ ਸ੍ਰੀ ਗੋਬਿੰਦ ਪਾਂਡੇ ਅੱਜ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਨੂੰ ਮਿਲੇ|
ਮੁੱਖ ਮੰਤਰੀ ਨੇ ਬੈਂਕ ਨੂੰ ਕਿਹਾ ਕਿ ਉਹ ਨੌਜਵਾਨਾਂ ਨੂੰ ਨਰਮ ਦਰ ਵਾਲੇ ਕਰਜ਼ੇ ਦੇ ਕੇ ਸਰਕਾਰ ਦੀਆਂ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀਆਂ ਕੋਸ਼ਿਸ਼ਾਂ ਲਈ ਆਪਣਾ ਸਮਰਥਨ ਦੇਵੇ ਤਾਂ ਜੋ ਇਨ੍ਹਾਂ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਦੇ ਯੋਗ ਬਣਾਇਆ ਜਾਵੇ| ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਲਈ ਸਿਖਲਾਈ ਅਤੇ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕਰਨ ਲਈ ਵੀ ਬੈਂਕ ਨੂੰ ਅਪੀਲ ਕੀਤੀ ਤਾਂ ਜੋ ਇਹ ਨੌਜਵਾਨ ਵਧੀਆ ਰੁਜ਼ਗਾਰ ਪ੍ਰਾਪਤ ਕਰਨ ਦੇ ਯੋਗ ਹੋ ਸਕਣ|
ਮੀਟਿੰਗ ਦੌਰਾਨ ਸ੍ਰੀ ਪਾਂਡੇ ਨੇ ਕਿਸਾਨਾਂ ਲਈ ਕਲਿਆਣਕਾਰੀ ਪ੍ਰੋਗਰਾਮਾਂ ਵਾਸਤੇ ਸਰਕਾਰ ਦੇ ਸਹਿਯੋਗ ਦੀ ਮੰਗ ਕੀਤੀ| ਉਨ੍ਹਾਂ ਕਿਹਾ ਕਿ ਬੈਂਕ ਨੇ ਲੋਕਾਂ ਵਾਸਤੇ ਰੋਜ਼ੀ-ਰੋਟੀ ਲਈ ਠੋਸ ਪਹਿਲਕਦਮੀਆਂ ਵਜੋਂ ਇਕ ਮਜ਼ਬੂਤ ਵਪਾਰਕ ਮਾਡਲ ਲਿਆਂਦਾ ਹੈ ਜੋ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹਜ਼ਾਰਾਂ ਲੋਕਾਂ ਖਾਸ ਕਰਕੇ ਦਿਹਾਤੀ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਮਦਦ ਪ੍ਰਦਾਨ ਕਰ ਰਿਹਾ ਹੈ| ਇਨ੍ਹਾਂ ਪਹਿਲਕਦਮੀਆਂ ਰਾਹੀਂ ਬੈਂਕ ਲੋਕਾਂ ਦੇ ਉਨ੍ਹਾਂ ਹਿੱਸਿਆਂ ਵਿੱਚ ਜਾਣ ਦੀ ਇੱਛਾ ਰੱਖਦੀ ਹੈ ਜਿਨ੍ਹਾਂ ਕੋਲ ਅਜੇ ਤੱਕ ਬੈਂਕ ਦੀਆਂ ਸਹੂਲਤਾਂ ਨਹੀਂ ਹਨ ਜਾਂ ਬਹੁਤ ਘੱਟ ਹਨ| ਅਜਿਹਾ ਕਰਕੇ ਬੈਂਕ ਵੱਲੋਂ ਹੇਠਲੇ ਪੱਧਰ ‘ਤੇ ਲੋਕਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਰੋਜ਼ੀ-ਰੋਟੀ ਦਾ ਜੁਗਾੜ ਕਰਨ ਲਈ ਵਿੱਤ ਮੁਹੱਈਆ ਕਰਵਾਇਆ ਜਾ ਰਿਹਾ ਹੈ|
ਸ੍ਰੀ ਪਾਂਡੇ ਨੇ ਦੱਸਿਆ ਕਿ ਬੈਂਕ ਨੇ ਪੰਜਾਬ ਵਿੱਚ ਵਿਕਾਸ ਲਈ ਹੁਨਰ ਵਿਕਾਸ ਪ੍ਰੋਗਰਾਮ ਰਾਹੀਂ ਰੋਜ਼ੀ-ਰੋਟੀ ਲਈ ਠੋਸ ਕੋਸ਼ਿਸ਼ਾਂ ਕਰਨ ਵਾਸਤੇ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਹਨ| ਉਨ੍ਹਾਂ ਦੱਸਿਆ ਕਿ ਵੱਖ-ਵੱਖ ਹੁਨਰ ਵਿਕਾਸ ਪ੍ਰੋਗਰਾਮਾਂ ਵਾਸਤੇ 88,000 ਤੋਂ ਵੱਧ ਲੋਕਾਂ ਨੂੰ ਸਿੱਖਿਅਤ ਕੀਤਾ ਗਿਆ ਹੈ| ਤਕਰੀਬਨ 83,000 ਲੋਕਾਂ ਨੂੰ ਮਾਈਕਰੋ-ਇੰਟਰਪਾਈਜ਼ ਟਰੇਨਿੰਗ ਦੀ ਸਿਖਲਾਈ ਦਿੱਤੀ ਗਈ ਹੈ|
ਇਸ ਮਾਡਲ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਐਚ.ਡੀ.ਐਫ.ਸੀ. ਬੈਂਕ ਨੂੰ ਬੇਰੁਜ਼ਗਾਰ ਨੌਜਵਾਨਾਂ ਨੂੰ ਡਰਾਈਵਿੰਗ, ਟਿਊਬਵੈਲ ਮਕੈਨਿਕ, ਇਲੈਕਟ੍ਰੀਸ਼ਨ, ਪਲੰਬਰ ਆਦਿ ਦਾ ਤਜਰਬਾ ਦੇਣ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਚਲਾਉਣ ਲਈ ਆਖਿਆ ਤਾਂ ਕਿ ਨੌਜਵਾਨ ਆਪਣਾ ਜੀਵਨ ਮਾਣ-ਸਨਮਾਨ ਨਾਲ ਬਿਤਾ ਸਕਣ| ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾਉਣ ਲਈ ਬੈਂਕ ਦੇ ਉਪਰਾਲਿਆਂ ਵਿੱਚ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ| ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ, ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਗੁਰਕੀਰਤ ਕ੍ਰਿਪਾਲ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *