ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੜ੍ਹ ਰੋਕੂ ਕੰਮਾਂ ਲਈ 40 ਕਰੋੜ ਰੁਪਏ ਜਾਰੀ ਕਰਨ ਨੂੰ ਹਰੀ ਝੰਡੀ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੜ੍ਹ ਰੋਕੂ ਕੰਮਾਂ ਲਈ 40 ਕਰੋੜ ਰੁਪਏ ਜਾਰੀ ਕਰਨ ਨੂੰ ਹਰੀ ਝੰਡੀ
ਫਸਲਾਂ ਦੇ ਨੁਕਸਾਨ ਦਾ ਅਨੁਮਾਨ ਲਾਉਣ ਲਈ ਵਿਸ਼ੇਸ਼ ਗਰਦਾਵਰੀ ਦੇ ਹੁਕਮ
ਚੰਡੀਗੜ੍ਹ, 7 ਜੁਲਾਈ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਰੋਕੂ ਪ੍ਰਬੰਧਾਂ ਲਈ ਕਦਮ ਚੁੱਕਦੇ ਹੋਏ ਡਰੇਨੇਜ ਵਿਭਾਗ ਨੂੰ 40 ਕਰੋੜ ਰੁਪਏ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ| ਇਸੇ ਦੌਰਾਨ ਹੀ ਉਨ੍ਹਾਂ ਨੇ ਕੁਦਰਤੀ ਆਫਤ ਨਾਲ ਫਸਲਾਂ ਨੂੰ ਹੋਏ ਨੁਕਸਾਨ ਦੇ ਲਈ ਵਿਸ਼ੇਸ਼ ਗਰਦਾਵਰੀ ਦੇ ਹੁਕਮ ਵੀ ਦਿੱਤੇ ਹਨ|
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ ਵਿਸ਼ੇਸ਼ ਗਰਦਾਵਰੀ ਕਰਨ ਲਈ ਆਖਿਆ ਗਿਆ ਹੈ ਤਾਂ ਜੋ  ਮੌਸਮੀ ਮੀਂਹ, ਗੜੇਮਾਰੀ, ਨਹਿਰਾਂ ਦੇ ਟੁੱਟਣ ਅਤੇ ਤੇਜ ਹਵਾਵਾਂ ਵਰਗੀਆਂ ਕੁਦਰਤੀ ਆਫਤਾਂ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦਾ ਅਨੁਮਾਨ ਲਾਇਆ ਜਾ ਸਕੇ|
ਬੁਲਾਰੇ ਅਨੁਸਾਰ ਮੌਨਸੂਨ ਦੌਰਾਨ ਨਦੀਆਂ ਤੇ ਡਰੇਨਾਂ ਵਿਚ ਹੜ੍ਹ ਆਉਣ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜ਼ਿਲ੍ਹਿਆਂ ਵਿਚ 24 ਘੰਟੇ ਚੱਲਣ ਵਾਲੇ ਕੰਟਰੋਲ ਰੂਮ ਸਥਾਪਿਤ ਕਰਨ ਲਈ ਕਿਹਾ ਹੈ| ਬੁਲਾਰੇ ਨੇ ਦੱਸਿਆ ਕਿ ਮਾਲ ਵਿਭਾਗ ਅਤੇ ਸਿੰਚਾਈ/ਡਰੇਨੇਜ ਵਿਭਾਗਾਂ ਦੀਆਂ ਟੀਮਾਂ ਵੱਲੋਂ ਨਦੀਆਂ ਦੀਆਂ ਨਾਜ਼ੁਕ ਥਾਵਾਂ ‘ਤੇ ਨਿਗਰਾਨੀ ਰੱਖੀ ਜਾ ਰਹੀ ਹੈ|  ਬੁਲਾਰੇ ਅਨੁਸਾਰ ਡਰੇਨੇਜ ਵਿਭਾਗ ਨੂੰ 40 ਕਰੋੜ ਰੁਪਏ ਨਾਜ਼ੁਕ ਥਾਵਾਂ ਤੇ ਹੜ੍ਹ ਰੋਕੂ ਕੰਮਾਂ ਦੇ ਵਾਸਤੇ ਕੰਢਿਆਂ ਨੂੰ ਮਜ਼ਬੂਤ ਬਣਾਉਣ ਲਈ ਹਫਾਜ਼ਤੀ ਕਦਮਾਂ ਵਜੋਂ ਜਾਰੀ ਕੀਤੇ ਗਏ ਹਨ|
ਬੁਲਾਰੇ ਨੇ ਦੱਸਿਆ ਕਿ ਕਿਸੇ ਵੀ ਆਫਤ ਨਾਲ ਨਿਪਟਣ ਲਈ ਮਾਲ ਵਿਭਾਗ ਵੱਲੋਂ ਸੂਬਾਈ ਆਫਤ ਪ੍ਰਬੰਧਨ ਫੰਡ ਲਈ ਚੌਖੀ ਬਜਟ ਵਿਵਸਥਾ ਕੀਤੀ ਗਈ ਹੈ|

Leave a Reply

Your email address will not be published. Required fields are marked *