ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਆਏ ਫਾਰਮਾਸਿਸਟਾਂ ਨੇ ਕੀਤਾ ਡਾਇਰੈਕਟਰ ਪਸ਼ੂ ਪਾਲਣ ਦਫਤਰ ਦਾ ਘਿਰਾਓ

ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਆਏ ਫਾਰਮਾਸਿਸਟਾਂ ਨੇ ਕੀਤਾ ਡਾਇਰੈਕਟਰ ਪਸ਼ੂ ਪਾਲਣ ਦਫਤਰ ਦਾ ਘਿਰਾਓ
ਫਾਰਮਾਸਿਸਟਾਂ ਨਾਲ ਕੀਤੇ ਵਾਇਦੇ ਪੂਰੇ ਕੀਤੇ ਜਾਣ: ਐਕਸ਼ਨ ਕਮੇਟੀ
ਐਸ ਏ ਐਸ ਨਗਰ, 30 ਜਨਵਰੀ (ਸ.ਬ.) ਵੈਟਨਰੀ ਫਾਰਮਾਸਿਸਟ ਐਕਸ਼ਨ ਕਮੇਟੀ ਪੰਜਾਬ (ਪਸ਼ੂ ਪਾਲਣ ਵਿਭਾਗ) ਦੇ ਸੱਦੇ ਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋਂ ਆਏ ਹੋਏ ਫਾਰਮਾਸਿਸਟਾਂ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਦਫਤਰ ਦਾ ਘਿਰਾਓ ਕੀਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ|
ਇਸ ਮੌਕੇ ਸੰਬੋਧਨ ਕਰਦਿਆਂ ਕਮੇਟੀ ਦੇ ਸੂਬਾ ਪ੍ਰਧਾਨ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਵੈਟਰਨਰੀ ਫਾਰਮਾਸਿਸਟ 2006 ਤੋਂ ਸਰਕਾਰ ਦੀ ਨੀਤੀ ਦੇ ਅਨੁਸਾਰ ਰਖੇ ਗਏ ਸਨ, ਪਰ ਜਦੋਂ ਤੋਂ ਇਹ ਫਾਰਮਾਸਿਸਟ ਪਸ਼ੂ ਪਾਲਣ ਵਿਭਾਗ ਵਿੱਚ ਆਏ ਹਨ, ਉਹਨਾਂ ਦੀਆਂ ਸੇਵਾਵਾਂ ਰੈਗੁਲਰ ਨਾ ਕਰਕੇ ਉਹਨਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਜਦੋਂ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਤਾਂ ਉਸ ਸਮੇਂ ਵੀ ਫਾਰਮਾਸਿਸਟਾਂ ਵਲੋਂ ਸੰਘਰਸ਼ ਕੀਤਾ ਜਾ ਰਿਹਾ ਸੀ, ਉਸ ਸਮੇਂ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਫਾਰਮਾਸਿਸਟਾਂ ਦੇ ਧਰਨੇ ਵਿੱਚ ਆ ਕੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਤੇ ਇਹਨਾਂ ਫਾਰਮਾਸਿਸਟਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿਤੀਆਂ ਜਾਣਗੀਆਂ ਪਰ ਪੰਜਾਬ ਵਿੱਚ ਹੁਣ ਕਾਂਗਰਸ ਸਰਕਾਰ ਬਣੀ ਨੂੰ ਦੋ ਸਾਲ ਦੇ ਕਰੀਬ ਸਮਾਂ ਹੋ ਗਿਆ ਹੈ, ਇਸਦੇ ਬਾਵਜੂਦ ਇਹਨਾਂ ਫਾਰਮਾਸਿਸਟਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ| ਇਸ ਕਰਕੇ ਕਾਂਗਰਸ ਸਰਕਾਰ ਪ੍ਰਤੀ ਫਾਰਮਾਸਿਸਟਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਫਾਰਮਾਸਿਸਟਾਂ ਤੇ ਦਫਤਰੀ ਕੰਮ ਦਾ ਬੋਝ ਹੈ ਪਰ ਉਹਨਾਂ ਨੂੰ ਪ੍ਰਤੀ ਮਹੀਨਾ ਸਿਰਫ ਅੱਠ ਹਜਾਰ ਰੁਪਏ ਤਨਖਾਹ ਦਿਤੀ ਜਾ ਰਹੀ ਹੈ ਅੱਜ ਦੇ ਇਸ ਮਹਿੰਗਾਈ ਭਰੇ ਜਮਾਨੇ ਵਿਚ ਏਨੀ ਘੱਟ ਤਨਖਾਹ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਨਾ ਫਾਰਮਾਸਿਸਟਾਂ ਲਈ ਮੁਸ਼ਕਿਲ ਹੋ ਗਿਆ ਹੈ|
ਉਹਨਾਂ ਕਿਹਾ ਕਿ ਉਹ ਮੌਜੂਦਾ ਕਾਂਗਰਸ ਸਰਕਾਰ ਤੋਂ ਪੁਛਣਾ ਚਾਹੁੰਦੇ ਹਨ ਕਿ ਜੋ ਵਾਅਦੇ ਚੋਣਾਂ ਮੌਕੇ ਫਾਰਮਾਸਿਸਟਾਂ ਨਾਲ ਕੀਤੇ ਗਏ ਸਨ ਉਹ ਵਾਅਦੇ ਹੁਣ ਹਵਾ ਹਵਾਈ ਕਿTੁਂ ਹੋ ਗਏ ਹਨ ਅਤੇ ਕਾਂਗਰਸ ਸਰਕਾਰ ਇਹਨਾ ਫਾਰਮਾਸਿਸਟਾਂ ਨਾਲ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕਰਦੀ| ਉਹਨਾਂ ਕਿਹਾ ਕਿ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਵਲੋਂ ਸੰਘਰਸ਼ ਤੇਜ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ| ਇਸ ਮੌਕੇ ਜਸਵਿੰਦਰ ਕੁਮਾਰ, ਮਨਪ੍ਰੀਤ ਬੜੀ, ਹਰਪ੍ਰੀਤ ਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *