ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਨਜਾਇਜ ਕਬਜਿਆਂ ਦੀ ਭਰਮਾਰ, ਸੜਕਾਂ ਉਪਰ ਪਏ ਦੁਕਾਨਾਂ ਦੇ ਸਮਾਨ ਨਾਲ ਆਵਾਜਾਈ ਵਿਚ ਪੈਂਦਾ ਹੈ ਵਿਘਨ

ਐਸ ਏ ਐਸ ਨਗਰ,17 ਫਰਵਰੀ (ਸ. ਬ.) ਪੰਜਾਬ ਦੇ ਮੁਹਾਲੀ ਸ਼ਹਿਰ ਵਾਂਗ ਪੂਰੇ ਪੰਜਾਬ ਵਿਚ ਹੀ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਨਜਾਇਜ ਕਬਜਿਆਂ ਦੀ ਭਰਮਾਰ ਹੋ ਗਈ ਹੈ, ਪਰ ਇਹਨਾ ਕਬਜਿਆਂ ਨੁੰ ਹਟਾਉਣ ਸਬੰਧੀ ਸਰਕਾਰੀ ਕਾਰਵਾਈ ਨਾਂਹ ਦੇ ਬਰਾਬਰ ਹੀ ਹੈ| ਜੇ ਮੁਹਾਲੀ ਵਰਗੇ ਸ਼ਹਿਰਾਂ ਵਿਚ ਨਗਰ ਨਿਗਮ ਦੀ ਟੀਮ ਵਲੋਂ ਦੁਕਾਨਦਾਰਾਂ ਅਤੇ ਹੋਰ ਲੋਕਾਂ ਵਲੋਂ ਕੀਤੇ ਗਏ ਨਜਾਇਜ ਕਬਜੇ ਹਟਾਏ ਵੀ ਜਾਂਦੇ ਹਨ ਤਾਂ ਉਸ ਟੀਮ ਦੇ ਜਾਣ ਤੋਂ ਬਾਅਦ ਇਹ ਨਜਾਇਜ ਕਬਜੇ ਮੁੜ ਹੋ ਜਾਂਦੇ ਹਨ| ਇਹ ਹੀ ਹਾਲ ਦੂਜੇ ਸ਼ਹਿਰਾਂ ਦਾ ਹੈ ਜਿਥੇ ਕਿ ਨਜਾਇਜ ਕਬਜੇ ਹਟਾਉਣ ਲਈ ਇਕਾ ਦੁਕਾ ਕਾਰਵਾਈ ਤਾਂ ਕੀਤੀ ਜਾਂਦੀ ਹੈ ਪਰ ਇਹ ਨਜਾਇਜ ਕਬਜੇ ਇਸ ਕਾਰਵਾਈ ਤੋਂ ਬਾਅਦ ਪਹਿਲਾਂ ਤੋਂ ਵੀ ਜਿਆਦਾ ਹੋ ਜਾਂਦੇ ਹਨ|
ਜੇ ਪੰਜਾਬ ਦੇ ਪਿੰਡਾਂ ਦੀ ਗਲ ਕੀਤੀ ਜਾਵੇ ਤਾਂ ਪੰਜਾਬ ਦੇ ਅਨੇਕਾਂ ਪਿੰਡਾਂ ਵਿਚ ਹੀ ਸ਼ਾਮਲਾਟ ਜਮੀਨਾਂ ਉਪਰ ਨਜਾਇਜ ਕਬਜੇ ਹੋ ਚੁਕੇ ਹਨ, ਜਿਹਨਾਂ ਨੂੰ ਹਟਾਉਣ ਵਿਚ ਪੰਚਾਇਤਾਂ ਵੀ ਬੇਬਸ ਹੋਈਆਂ ਦਿਖਾਈ ਦਿੰਦੀਆਂ ਹਨ| ਕਈ ਪਿੰਡਾਂ ਵਿਚ ਤਾਂ ਪਿੰਡਾਂ ਵਿਚਲੇ ਛੱਪੜਾਂ ਨੁੰ ਮਿੱਟੀ ਨਾਲ ਭਰਕੇ ਉਹਨਾਂ ਉਪਰ ਹੀ ਰਸੂਖਵਾਨ ਲੋਕਾਂ ਦੇ ਵਲੋਂ ਨਜਾਇਜ ਕਬਜੇ ਕਰ ਲਏ ਗਏ ਹਨ| ਇਸ ਤੋਂ ਇਲਾਵਾ ਅਨੇਕਾਂ ਕਿਸਾਨ ਵੀ ਨਜਾਇਜ ਕਬਜੇ ਕਰਨ ਵਿਚ ਪਿਛੇ ਨਹੀਂ ਰਹੇ| ਅਨੇਕਾਂ ਹੀ ਕਿਸਾਨਾਂ ਨੇ ਆਪਣੇ ਖੇਤਾਂ ਦੇ ਨਾਲ ਲੱਗਦੇ ਰਸਤੇ ਉਪਰ ਹੀ ਨਜਾਇਜ ਕਬਜੇ ਕਰ ਲਏ ਹਨ| ਹਾਲ ਤਾਂ ਇਹ ਹੈ ਕਿ ਖੇਤਾਂ ਵਿਚਲੇ ਜਿਹੜੇ ਰਸਤੇ ਪਹਿਲਾਂ 40-40 ਫੁੱਟ ਚੌੜੇ ਹੁੰਦੇ ਸਨ ਉਹ ਰਸਤੇ ਹੁਣ ਸੁੰਗੜ ਕੇ ਸਿਰਫ 10-10 ਫੁੱਟ ਹੀ ਚੌੜੇ ਰਹਿ ਗਏ ਹਨ| ਇਸ ਦਾ ਕਾਰਨ ਇਹ ਹੈ ਕਿ ਇਹਨਾਂ ਰਸਤਿਆਂ ਉਪਰ ਆਲੇ ਦੁਆਲੇ ਦੇ ਖੇਤਾਂ ਦੇ ਮਾਲਕ ਕਿਸਾਨਾਂ ਨੇ ਹੀ ਨਜਾਇਜ ਕਬਜਾ ਕਰਕੇ ਰਸਤੇ ਦੀ ਥਾਂ ਨੁੰ ਹੀ ਆਪਣੇ ਖੇਤਾਂ ਵਿਚ ਮਿਲਾ ਲਿਆ ਹੈ|
ਪੰਜਾਬ ਦੇ ਕਰੀਬ ਹਰ ਸ਼ਹਿਰ ਵਿਚ ਹੀ ਇਹ ਹਾਲ ਹੈ ਕਿ ਵੱਖ ਵੱਖ ਮਾਰਕੀਟਾਂ ਅਤੇ ਬਾਜਾਰਾਂ ਵਿਚ ਦੁਕਾਨਦਾਰਾਂ ਨੇ ਆਪਣੇ ਸਮਾਨ ਨੂੰ ਸੜਕ ਉਪਰ ਰੱਖ ਕੇ ਅੱਧੀ ਸੜਕ ਹੀ ਘੇਰੀ ਹੁੰਦੀ ਹੈ| ਇਸ ਕਾਰਨ ਸੜਕ ਉਪਰ ਰਾਹਗੀਰਾਂ ਲਈ ਬਹੁਤ ਘੱਟ ਥਾਂ ਬਚਦੀ ਹੈ ਅਤੇ ਇਸ ਕਾਰਨ ਆਵਾਜਾਈ ਵਿਚ ਭਾਰੀ ਵਿਘਨ ਪੈਂਦਾ ਹੈ| ਜੇ ਕੋਈ ਰਾਹਗੀਰ ਇਹਨਾ ਦੁਕਾਨਦਾਰਾਂ ਨੂੰ ਸਮਾਨ ਪਾਸੇ ਕਰਨ ਲਈ ਕਹਿੰਦਾ ਹੈ ਤਾਂ ਇਹ ਦੁਕਾਨਦਾਰ ਉਸ ਨਾਲ ਲੜਾਈ ਝਗੜਾ ਕਰਨ ਲੱਗ ਪੈਂਦੇ ਹਨ| ਜਿਸ ਕਰਕੇ ਇਹਨਾਂ ਦੁਕਾਨਦਾਰਾਂ ਤੋਂ ਡਰਦਾ ਕੋਈ ਵਿਅਕਤੀ ਇਸ ਵਿਰੁੱਧ ਬੋਲਦਾ ਹੀ ਨਹੀਂ| ਭਾਵੇਂ ਵੱਖ ਵੱਖ ਸ਼ਹਿਰਾਂ ਦੀਆਂ ਨਗਰ ਨਿਗਮਾਂ ਅਤੇ ਮਿਉਂਸਪਲ ਕੌਂਸਲਾਂ ਵਲੋਂ ਇਹਨਾਂ ਨਜਾਇਜ ਕਬਜਿਆਂ ਨੁੰ ਹਟਾਉਣ ਲਈ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਨਿਗਮ ਤੇ ਕੌਂਸਲਾਂ ਦੀ ਟੀਮ ਦੇ ਜਾਣ ਤੋਂ ਬਾਅਦ ਦੁਕਾਨਦਾਰਾਂ ਵਲੋਂ ਆਪਣਾ ਸਮਾਨ ਰੱਖਕੇ ਮੁੜ ਨਜਾਇਜ ਕਬਜੇ ਕਰ ਲਏ ਜਾਂਦੇ ਹਨ|
ਪੰਜਾਬ ਦੇ ਵੱਡੀ ਗਿਣਤੀ ਲੋਕ ਹੁਣ ਪੰਜਾਬ ਵਿਚ ਨਵੀਂ ਸਰਕਾਰ ਦੇ ਗਠਨ ਦਾ ਇੰਤਜਾਰ ਕਰ ਰਹੇ ਹਨ, ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਪੰਜਾਬ ਦੀ ਨਵੀਂ ਸਰਕਾਰ ਹੀ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਹੋ ਚੁਕੇ ਨਜਾਇਜ ਕਬਜਿਆਂ ਨੁੰ ਹਟਾਉਣ ਲਈ ਕੋਈ ਮੁਹਿੰਮ ਚਲਾਵੇ|

Leave a Reply

Your email address will not be published. Required fields are marked *