ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਰਾਹਤ, 27 ਅਗਸਤ ਤਕ ਗ੍ਰਿਤਫਾਰੀ ਤੇ ਰੋਕ

ਐਸ ਏ ਐਸ ਨਗਰਠ 25 ਅਗਸਤ (ਸ.ਬ.) ਬਹੁਚਰਚਿਤ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਗ੍ਰਿਫਤਾਰੀ ਤੋਂ ਦੋ ਦਿਨ ਦੀ ਰਾਹਤ ਮਿਲ ਗਈ ਹੈ| ਇਸ ਸੰਬੰਧੀ ਮੁਹਾਲੀ ਦੇ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਮਾਣਯੋਗ ਸੰਜੈ ਅਗਨੀਹੋਤਰੀ ਵਲੋਂ ਸ੍ਰੀ ਸੈਣੀ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਉਹਨਾਂ ਦੀ ਗਿਫਤਾਰੀ ਤੇ 27 ਅਗਸਤ ਤਕ ਰੋਕ ਲਗਾ ਦਿੱਤੀ ਹੈ| 
ਇੱਥੇ ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਬੀਤੀ 6 ਮਈ 2020 ਨੂੰ ਆਈ ਪੀ ਸੀ ਦੀ ਧਾਰਾ 364, 201, 334, 330, 219, 120 ਬੀ ਤਹਿਤ ਦਰਜ ਕੀਤੀ ਗਈ ਐਫ ਆਈ ਆਰ ਵਿੱਚ ਸ੍ਰੀ ਸੈਣੀ ਦੇ ਨਾਲ ਸ਼ਾਮਿਲ ਚੰਡੀਗੜ੍ਹ ਪੁਲੀਸ ਦੇ ਦੋ ਸਾਬਕਾ ਅਧਿਕਾਰੀਆਂ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਇਸ ਕੇਸ ਵਿੱਚ ਸੁਮੇਧ ਸੈਣੀ ਦੇ ਖਿਲਾਫ ਵਾਇਦਾ ਮੁਆਫ ਗਵਾਹ ਬਣਦਿਆਂ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਸਨ ਜਿਸਤੋਂ ਬਾਅਦ ਸਰਕਾਰੀ ਧਿਰ ਦੀ ਅਰਜੀ ਤੇ ਸੁਣਵਾਈ ਕਰਦਿਆਂ ਮੁਹਾਲੀ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਸਵੀਨ ਕੌਰ ਦੀ ਅਦਾਲਤ ਨੇ ਸੈਣੀ ਦੇ ਖਿਲਾਫ ਦਰਜ ਐਫ ਆਈ ਆਰ ਵਿੱਚ ਆਈ ਪੀ ਸੀ ਦੀ ਧਾਰਾ 302 ਨੂੰ ਸ਼ਮਿਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ ਅਤੇ ਕਿਹਾ ਗਿਆ ਸੀ ਕਿ ਇਸ ਮਾਮਲੇ ਵਿੱਚ  ਸਾਬਕਾ ਡੀ ਜੀ ਪੀ ਸੈਣੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਸਨੂੰ ਤਿੰਨ ਦਿਨਾਂ ਦਾ ਅਗਾਉਂ ਨੋਟਿਸ ਦਿੱਤਾ ਜਾਵੇ|
ਇਸ ਮਾਮਲੇ ਵਿੱਚ ਧਾਰਾ 302 ਸ਼ਾਮਿਲ ਹੋਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਸਾਬਕਾ ਡੀ ਜੀ ਪੀ ਨੂੰ ਗ੍ਰਿਫਤਾਰੀ ਸੰਬੰਧੀ ਤਿੰਨ ਦਿਨਾਂ ਦਾ ਅਗਾਉਂ ਨੋਟਿਸ ਦਿੱਤਾ ਗਿਆ ਸੀ ਜਿਸਤੋਂ ਬਾਅਦ ਪਹਿਲਾਂ ਤੋਂ ਹੀ ਅੰਤਰਿਮ ਜਮਾਨਤ ਤੇ ਚਲ ਰਹੇ ਸਾਬਕਾ ਡੀ ਜੀ ਪੀ ਵਲੋਂ ਮੁਹਾਲੀ ਦੀ ਅਦਾਲਤ ਵਿੱਚ ਅਰਜੀ ਦਾਖਿਲ ਕਰਕੇ ਗ੍ਰਿਫਤਾਰੀ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ|
ਇਸ ਸੰਬੰਧੀ ਅੱਜ ਮੁਹਾਲੀ ਦੇ ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨ ਜੱਜ ਮਾਣਯੋਗ ਸੰਜੈ ਅਗਨੀਹੋਤਰੀ ਵਲੋਂ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸ੍ਰੀ ਸੈਣੀ ਦੀ ਗ੍ਰਿਫਤਾਰੀ ਤੇ 27 ਅਗਸਤ ਤਕ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ| 

Leave a Reply

Your email address will not be published. Required fields are marked *