ਪੰਜਾਬ ਦੇ ਸੰਕਟ ਦਾ ਮੁੱਖ ਕਾਰਨ ਕੇਂਦਰ ਦੀ ਧੱਕੇਸ਼ਾਹੀ : ਪੰਜਾਬ ਮੰਚ

ਪੰਜਾਬ ਦੇ ਸੰਕਟ ਦਾ ਮੁੱਖ ਕਾਰਨ ਕੇਂਦਰ ਦੀ ਧੱਕੇਸ਼ਾਹੀ : ਪੰਜਾਬ ਮੰਚ
ਪੰਜਾਬ ਇੱਕ ਦਰਦਨਾਕ ਸੰਕਟ ਅਤੇ ਘੋਰ ਆਫਤ ਵਿੱਚ ਘਿਰਿਆ
ਚੰਡੀਗੜ੍ਹ, 1 ਨਵੰਬਰ (ਸ.ਬ.) ਪੰਜਾਬ ਅੱਜ ਇੱਕ ਦਰਦਨਾਕ ਸੰਕਟ ਅਤੇ ਘੋਰ ਆਫਤ ਵਿੱਚ ਘਿਰਿਆ ਹੋਇਆ ਹੈ, ਜੋ ਕਿ ਇਸਨੇ ਨਾ ਕਦੀ ਪਹਿਲਾਂ ਵੇਖੀ, ਨਾ ਹੰਡਾਈ ਸੀ| ਇਸਦੇ ਹਜਾਰਾਂ ਬੇਰੁਜਗਾਰ ਨੌਜਵਾਨ ਆਪਣੇ ਪਿਆਰੇ ਮਾਪਿਆਂ, ਬੱਚਿਆਂ ਅਤੇ ਸਕੇ ਸਬੰਧੀਆਂ ਨੂੰ ਛੱਡ, ਇਧਰੋਂ ਉਧਰੋਂ ਓਹੜ ਪੋਹੜ ਕਰਕੇ ਕਾਨੂੰਨੀ ਅਤੇ ਗੈਰ ਕਾਨੂੰਨੀ ਰਸਤਿਆਂ ਰਾਹੀਂ ਵਿਦੇਸ਼ਾਂ ਵੱਲ ਜਾ ਰਹੇ ਹਨ| ਲੱਖਾਂ ਹੋਰ ਬਕਾਇਦਾ ਕੰਮ ਦੀ ਅਣਹੋਂਦ ਕਾਰਨ, ਪੰਜਾਬ ਅੰਦਰ ਛੋਟੇ ਮੋਟੇ ਧੰਦਿਆਂ ਦੀ ਭਾਲ ਵਿੱਚ ਭਟਕ ਰਹੇ ਹਨ| ਪੜਤਾ ਨਾ ਪੈਣ ਕਾਰਨ ਖੇਤੀ ਵੀ ਘਾਟੇ ਦਾ ਸੌਦਾ ਬਣ ਗਈ ਹੈ, ਜਿਸ ਕਾਰਨ ਲੱਖਾਂ ਕਿਸਾਨਾ ਤੇ ਮਜਦੂਰਾਂ ਦੇ ਘਰ ਕਰਜੇ ਦੀ ਜਕੜ ਵਿੱਚ ਫਸ ਗਏ ਹਨ| ਪਿਛਲੇ 22-25 ਸਾਲਾਂ ਦੌਰਾਨ ਹਜਾਰਾਂ ਕਿਸਾਨ ਆਤਮ ਹਤਿਆਵਾਂ ਕਰਨ ਲਈ ਮਜਬੂਰ ਹੋਏ ਹਨ, ਜੋ ਠੱਲ ਨਹੀਂ ਰਹੀਆਂ| ਹੋਰ ਵੀ ਦਰਦਨਾਕ ਹਾਲਾਤ ਨੌਜਵਾਨਾਂ ਅੰਦਰ ਚਿੱਟੇ ਦੇ ਨਸ਼ੇ ਦੇ ਚਲਣ ਨੇ ਪੈਦਾ ਕਰ ਦਿਤੀਆਂ ਹਨ ਜੋ ਮਾਪਿਆਂ ਲਈ ਜਾਨ ਦਾ ਬਹੁਤ ਵੱਡਾ ਖੌਅ ਬਣ ਗਈਆਂ ਹਨ| ਮਹਿੰਗਾ ਇਲਾਜ ਕਰਵਾਉਂਦੇ ਮਾਪੇ ਦਰ ਦਰ ਧੱਕੇ ਖਾ ਰਹੇ ਹਨ ਅਤੇ ਬਹੁਤ ਸਾਰੇ ਮਾਪੇ ਤਾਂ ਇਸ ਇਲਾਜ ਨੇ ਗੁਰਬਤ ਵਿੱਚ ਸੁੱਟ ਦਿਤੇ ਹਨ| ਇਹਨਾਂ ਹਾਲਤਾਂ ਨੇ ਪਰਿਵਾਰਾਂ ਅੰਦਰ ਵੱਡੇ ਕਲੇਸ਼ ਖੜੇ ਕਰ ਦਿੱਤੇ ਹਨ ਅਤੇ ਸਮਾਜਿਕ ਜੀਵਨ ਨੂੰ ਦੁਭਰ ਕਰ ਦਿਤਾ ਹੈ| ਇਸਦੇ ਨਾਲ ਨਾਲ ਸੂਬੇ ਅੰਦਰ ਚੋਰੀਆਂ, ਲੁੱਟਾਂ ਖੋਹਾਂ ਅਤੇ ਕਤਲਾਂ ਦੇ ਮਾਮਲਿਆਂ ਵਿੱਚ ਚਾਣਚਕ ਵਾਧਾ ਹੋ ਗਿਆ ਹੈ, ਜੋ ਆਮ ਨਾਗਰਿਕ ਸਾਹਮਣੇ ਗੰਭੀਰ ਵੰਗਾਰ ਬਣ ਚੁਕਿਆ ਹੈ|
ਇਹ ਵਿਚਾਰ ਅੱਜ ਇੱਥੇ ਪੰਜਾਬ ਮੰਚ ਵਲੋਂ ਪੰਜਾਬ ਦਿਵਸ ਦੇ ਮੌਕੇ ਫੈਡਰਲਵਾਦ ਅਤੇ ਖੁਦਮੁਖਤਿਆਰੀ ਕਨਵੈਨਸ਼ਨ ਦੌਰਾਨ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀ ਧਰਮਵੀਰ ਗਾਂਧੀ, ਰੋਜਾਨਾ ਅਜੀਤ ਦੇ ਸਹਿ ਸੰਪਾਦਕ ਸ੍ਰੀ ਸਤਨਾਮ ਸਿੰਘ ਮਾਣਕ, ਆਕਸਫੋਰਡ ਯੂਨੀ. ਤੋਂ ਪ੍ਰੌਫੈਸਰ ਪ੍ਰੋ ਪ੍ਰੀਤਮ ਸਿੰਘ, ਰਾਜਨੀਤੀ ਵਿਗਿਆਨ ਦੇ ਪ੍ਰੌਫੈਸਰ ਬਲਬੀਰ ਅਰੋੜਾ, ਬੰਗਲਾ ਪੋਖੋ ਦੇ ਮੋਢੀ ਮਂੈਬਰ ਸ੍ਰੀ ਗਾਰਗਾ ਚੈਟਰਜੀ , ਥਾਨਾਚੀ ਥਾਮੀਜਾਗਮ ਦੇ ਸੰਚਾਲਕ ਸ੍ਰੀ ਸੈਂਥਲ ਨਾਬਨ , ਬੰਬਈ ਯੂਨੀਵਰਸਿਟੀ ਦੇ ਸਿਆਸੀ ਵਿਭਾਗ ਦੇ ਅਧਿਆਪਕ ਡਾ. ਦੀਪਕ ਪਵਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸ੍ਰੀ ਰਾਜਵਿੰਦਰ ਬਂੈਸ ਨੇ ਜਾਹਿਰ ਕੀਤੇ| ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਸੰਕਟ ਦਾ ਮੂਲ ਕਾਰਨ ਇਸ ਨਾਲ ਕੇਂਦਰੀ ਸਰਕਾਰ ਵਲੋਂ ਸੰਨ 1947 ਤੋਂ ਹੀ ਸਾਜਿਸ਼ੀ ਢੰਗ ਨਾਲ ਕੀਤਾ ਵਿਤਕਰਾ ਤੇ ਲੁੱਟ ਹੈ| ਇਹ ਲੁੱਟ ਇਸਦੇ ਕੁਦਰਤੀ ਵਸੀਲਿਆਂ, ਪਾਣੀ ਅਤੇ ਪਣ ਬਿਜਲੀ ਦੇ ਸਰੋਤਾਂ ਉਪਰ ਕੇਂਦਰ ਦੇ ਗੈਰ ਵਿਧਾਨਕ ਧੱਕੇ ਨਾਲ ਕੀਤੇ ਸਮਝੌਤਿਆਂ ਰਾਹੀਂ ਹੋਈ ਹੈ| ਪੰਜਾਬ ਦੀ ਵਿੱਤੀ ਕਮਾਈ ਦਾ ਂਵੱਡਾ ਹਿੱਸਾ ਕੇਂਦਰ ਟੈਕਸਾਂ ਰਾਹੀਂ ਹੂੰਝ ਕੇ ਲੈ ਜਾਂਦਾ ਹੈ|
ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਲੁੱਟ ਖਸੁਟ, ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਦੁਆਉਣੇ, ਪੰਜਾਬੀ ਭਾਸ਼ਾ ਨੂੰ ਲੱਗ ਰਿਹਾ ਖੋਰਾ, ਬੇਰੁਜਗਾਰੀ, ਖੇਤੀ ਸੰਕਟ, ਸਰਕਾਰੀ ਸਿਖਿਆ ਦਾ ਨਿਘਾਰ, ਸਿਹਤ ਸੇਵਾਵਾਂ ਦਾ ਨਿਘਾਰ, ਪ੍ਰਸ਼ਾਸਨੀ ਮਿਲੀਭੁਗਤ ਨਾਲ ਪੰਜਾਬੀ ਲੋਕਾਈ ਦੀ ਨਸ਼ਿਆਂ ਰਾਹੀਂ ਹੋ ਰਹੀ ਨਸਲਕੁਸ਼ੀ, ਵਾਤਾਵਰਨ ਦਾ ਪ੍ਰਦੂਸ਼ਣ, ਪੰਜਾਬੀ ਜਵਾਨੀ ਦਾ ਬਾਹਰ ਵੱਲ ਰੁਖ ਜਾਂ ਫਿਰ ਅਪਰਾਧੀ ਜੁੰਡਲੀਆਂ ਦੇ ਹੱਥੀਂ ਚੜਨਾ, ਧਾਰਮਿਕ ਆਪਸੀ ਪਾੜਾ ਅਤੇ ਜਾਤੀ ਵਿਤਕਰਿਆਂ ਤੋਂ ਪ੍ਰਭਾਵਿਤ ਭਰਾ ਮਾਰੂ ਜੰਗ ਰੋਕਣ ਲਈ ਪੰਜਾਬ ਮੰਚ ਵਲੋਂ ਉਪਰਾਲੇ ਕੀਤੇ ਜਾਣਗੇ| ਉਹਨਾਂ ਕਿਹਾ ਕਿ ਪੰਜਾਬ ਮੰਚ ਚਾਹੁੰਦਾ ਹੈ ਕਿ ਪੰਜਾਬ ਵਿੱਚ ਪੰਜਾਬੀ ਬੋਲੀ ਦਾ ਰੁਤਬਾ ਬਹਾਲ ਕੀਤਾ ਜਾ ਸਕੇ|
ਇਸ ਮੌਕੇ ਸੁਪਰੀਮ ਕੋਰਟ ਦੇ ਐਡਵੋਕੇਟ ਸ੍ਰੀ ਪ੍ਰਸ਼ਾਂਤ ਭੂਸ਼ਣ ਦਾ ਵੀਡੀਓ ਸੁਨੇਹਾ ਵੀ ਦਿਖਾਇਆ ਗਿਆ| ਇਸ ਉਪਰੰਤ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਰੌਣਕੀ ਰਾਮ ਨੇ ਧੰਨਵਾਦੀ ਮਤਾ ਪੇਸ਼ ਕੀਤਾ|
ਇਸ ਮੌਕੇ ਸ੍ਰ. ਸਤਨਾਮ ਸਿੰਘ ਦਾਊਂ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *