ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਵਿਛਾਈ ਜਾਵੇਗੀ ਰਸੋਈ ਗੈਸ ਪਾਈਪਲਾਈਨ: ਧਰਮਿੰਦਰ ਪ੍ਰਧਾਨ

ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਵਿਛਾਈ ਜਾਵੇਗੀ ਰਸੋਈ ਗੈਸ ਪਾਈਪਲਾਈਨ: ਧਰਮਿੰਦਰ ਪ੍ਰਧਾਨ

ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਅੱਜ ਫੇਜ਼ 2 ਸਥਿਤ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦੀ ਰਿਹਾਇਸ਼ ਉਪਰ ਪਹੁੰਚੇ ਜਿਥੇ ਅਕਾਲੀ ਭਾਜਪਾ ਵਰਕਰਾਂ ਵਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ| ਇਸ ਮੌਕੇ ਧਰਮਿੰਦਰ ਪ੍ਰਧਾਨ ਨੇ ਅਕਾਲੀ ਦਲ ਅਤੇ ਭਾਜਪਾ ਦੇ ਸੰਬਧਾਂ ਨੂੰ ਹੋਰ ਮਜਬੂਤ ਕਰਨ ਦੀ ਗਲ ਕਹੀ|

ਐਸ.ਏ.ਐਸ. ਨਗਰ, 28 ਜੁਲਾਈ (ਸ.ਬ.) ਕੇਂਦਰ ਸਰਕਾਰ, ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਰਸੋਈ ਗੈਸ ਪਾਈਪਲਾਈਨ ਵਿਛਾਉਣ ਦੀ ਯੋਜਨਾ ਬਣਾ ਰਹੀ ਹੈ ਤੇ ਸਭ ਤੋਂ ਪਹਿਲਾਂ ਇਹ ਸਹੂਲਤ ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ ਮੁਹੱਈਆ ਕਰਵਾਈ ਜਾਵੇਗੀ| ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨ ਲਈ ਚਮਕੌਰ ਸਾਹਿਬ ਵਿਖੇ ਬਣਾਈ ਜਾਣ ਵਾਲੀ ਹੁਨਰ ਵਿਕਾਸ ਯੂਨੀਵਰਸਿਟੀ ਲਈ ਕੇਂਦਰ ਸਰਕਾਰ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਹੁਨਰ ਵਿਕਾਸ ਤੇ ਉਦਮਿਤਾ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਨੇ ਪਿੰਡ ਸਨੇਟਾ ਵਿਖੇ ਲੜਕੀਆਂ ਲਈ ਬਣਾਈ ਜਾਣ ਵਾਲੀ ਪੰਜਾਬ ਦੀ ਪਹਿਲੀ ਕੌਮੀ ਹੁਨਰ ਸਿਖਲਾਈ ਸੰਸਥਾ ਦਾ ਨੀਂਹ ਪੱਥਰ ਰੱਖਣ ਅਤੇ ਮੁਹਾਲੀ ਵਿਖੇ ਦਿਵਿਆਂਗਾਂ ਲਈ ਪ੍ਰਧਾਨ ਮੰਤਰੀ ਹੁਨਰ ਕੇਂਦਰ ਦਾ ਰਸਮੀ ਉਦਘਾਟਨ ਕਰਨ ਮੌਕੇ ਕੀਤਾ|
ਪੰਜਾਬ ਸਰਕਾਰ ਵੱਲੋਂ ਇਸ ਸੰਸਥਾ ਲਈ ਜ਼ਮੀਨ ਮੁਹੱਈਆ ਕਰਵਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਪ੍ਰਧਾਨ ਨੇ ਕਿਹਾ ਕਿ ਇਹ ਸੰਸਥਾ ਕੇਵਲ ਵਿਦਿਆਰਥੀਆਂ ਲਈ ਹੀ ਨਹੀਂ ਹੋਵੇਗੀ, ਸਗੋਂ ਜਿਹੜੇ ਟਰੇਨਰਜ਼ ਵੱਖ-ਵੱਖ ਖੇਤਰਾਂ ਵਿੱਚ ਟਰੇਨਿੰਗ ਦੇ ਰਹੇ ਹਨ, ਉਹ ਵੀ ਇਸ ਸੰਸਥਾ ਵਿੱਚ ਆ ਕੇ ਆਪਣੇ ਹੁਨਰ ਨੂੰ ਹੋਰ ਨਿਖਾਰ ਸਕਣਗੇ| ਇਥੇ ਹੁਨਰ ਸਿਖਲਾਈ ਸਬੰਧੀ ਆਧੁਨਿਕ ਕੋਰਸ ਕਰਵਾਏ ਜਾਣਗੇ ਅਤੇ ਇਸ ਸੰਸਥਾ ਦਾ ਲਾਹਾ ਪੰਜਾਬ ਦੇ ਨਾਲ ਨਾਲ ਗੁਆਂਢੀ ਸੂਬਿਆਂ ਨੂੰ ਵੀ ਹੋਵੇਗਾ| ਇਸ ਦੇ ਨਿਰਮਾਣ ਉਤੇ 17 ਕਰੋੜ ਰੁਪਏ ਖਰਚੇ ਜਾਣੇ ਹਨ ਤੇ ਇਥੇ 240 ਲੜਕੀਆਂ ਸਿਖਲਾਈ ਲੈ ਸਕਣਗੀਆਂ|
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਹੁਨਰ ਦੀ ਘਾਟ ਨਹੀਂ ਹੈ, ਸਿਰਫ ਇਸ ਨੂੰ ਨਿਖਾਰ ਕੇ ਇੱਕ ਬਰੈਂਡ ਵਜੋਂ ਢੁੱਕਵੀਂ ਥਾਂ ਤੇ ਪੁੱਜਦਾ ਕਰਨ ਦੀ ਲੋੜ ਹੈ| ਇਸ ਨਾਲ ਨਾ ਸਿਰਫ਼ ਪੰਜਾਬ ਸਗੋਂ ਪੂਰੇ ਦੇਸ਼ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ| ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ਦੀ ਬਿਹਤਰੀ ਲਈ ਸੂਬਾ ਸਰਕਾਰ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਅਤੇ ਐਸ.ਏ.ਐਸ ਨਗਰ ਨੂੰ ਰੁਜ਼ਗਾਰ ਦਾ ਧੁਰਾ ਬਣਾਇਆ ਜਾਵੇਗਾ| ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਰਸੋਈ ਗੈਸ ਪਾਈਲਾਈਨ ਵਿਛਾਉਣ ਦੇ ਪ੍ਰੋਜੈਕਟ ਨੂੰ ਆਧੁਨਿਕ ਤਕਨੀਕਾਂ ਨਾਲ ਅਮਲੀ ਰੂਪ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ| ਪਾਈਪ ਰਾਹੀਂ ਗੈਸ ਸਪਲਾਈ ਹੋਣ ਨਾਲ ਲੋਕਾਂ ਤੇ ਆਰਥਿਕ ਬੋਝ ਵੀ ਘਟੇਗਾ| ਉਨ੍ਹਾਂ ਵਾਅਦਾ ਕੀਤਾ ਕਿ ਇਸ ਸੰਸਥਾ ਵਿਚਲੀਆਂ ਨੌਕਰੀਆਂ ਅਤੇ ਕੋਰਸਾਂ ਵਿੱਚ ਦਾਖ਼ਲੇ ਲਈ ਪਿੰਡ ਸਨੇਟਾ ਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ|
ਇਸ ਤੋਂ ਪਹਿਲਾਂ ਸਮਾਗਮ ਦੌਰਾਨ ਕੇਂਦਰੀ ਮੰਤਰੀ ਦਾ ਸਵਾਗਤ ਕਰਦਿਆਂ ਤਕਨੀਕੀ ਸਿੱਖਿਆ ਮੰਤਰੀ, ਪੰਜਾਬ ਸ.ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਵੱਲੋਂ ਇਸ ਸਿਖਲਾਈ ਸੰਸਥਾ ਸਬੰਧੀ ਸਹਿਯੋਗ ਦਿੱਤੇ ਜਾਣ ਲਈ ਧੰਨਵਾਦ ਕੀਤਾ| ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਨਰ ਵਿਕਾਸ ਦੇ ਖੇਤਰ ਵਿੱਚ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ| ਰੁਜ਼ਗਾਰ ਮੁਹੱਈਆ ਕਰਵਾਉਣ ਦੇ ਵਾਅਦੇ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਥਾਵਾਂ ਤੇ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ ਤੇ ਇਸੇ ਤਹਿਤ 30 ਜੁਲਾਈ ਨੂੰ ਮੁਹਾਲੀ ਵਿਖੇ ਕੌਮਾਂਤਰੀ ਰੁਜ਼ਗਾਰ ਮੇਲਾ ਵੀ ਲਾਇਆ ਜਾਣਾ ਹੈ| ਉਨ੍ਹਾਂ ਨੇ ਇਸ ਸੰਸਥਾ ਲਈ ਜ਼ਮੀਨ ਦਿੱਤੇ ਜਾਣ ਸਬੰਧੀ ਸਨੇਟਾ ਵਾਸੀਆਂ ਤੇ ਕੈਬਨਿਟ ਮੰਤਰੀ ਪੰਜਾਬ ਸ.ਬਲਬੀਰ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ| ਇਸ ਮੌਕੇ ਸ. ਚੰਨੀ ਨੇ ਦੱਸਿਆ ਕਿ ਪੰਜਾਬ ਵਿੱਚੋਂ ਹਰ ਸਾਲ 80 ਹਜ਼ਾਰ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ, ਜਿਸ ਨਾਲ ਹਰ ਸਾਲ ਤਕਰੀਬਨ 20 ਹਜ਼ਾਰ ਕਰੋੜ ਰੁਪਏ ਵੀ ਪੰਜਾਬ ਤੋਂ ਬਾਹਰ ਚਲੇ ਜਾਂਦੇ ਹਨ| ਬਹੁਤੀ ਵਾਰ ਨੌਜਵਾਨ ਵਿਦੇਸ਼ਾਂ ਵਿੱਚ ਪਹੁੰਚ ਕੇ ਧੋਖੇ ਦਾ ਸ਼ਿਕਾਰ ਹੁੰਦੇ ਹਨ ਤੇ ਨੌਜਵਾਨਾਂ ਵੱਲੋ ਦਿੱਤੇ ਪੈਸਿਆਂ ਵਿੱਚੋਂ ਵੱਡਾ ਹਿੱਸਾ ਏਜੰਟਾਂ ਦੀ ਝੋਲੀ ਵਿੱਚ ਪੈ ਜਾਂਦਾ ਹੈ| ਉਨ੍ਹਾਂ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਨੌਜਵਾਨਾਂ ਦੀ ਇਸ ਲੁੱਟ ਨੂੰ ਰੋਕਣ ਲਈ ਕੋਈ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇ ਜਾਂ ਸਰਕਾਰ ਵੱਲੋਂ ਕੋਈ ਅਜਿਹਾ ਪੋਰਟਲ ਬਣਾਇਆ ਜਾਵੇ, ਜਿਸ ਉਤੇ ਵਿਦੇਸ਼ ਜਾਣ ਦੇ ਚਾਹਵਾਨ ਅਤੇ ਵਿਦੇਸ਼ੀ ਕੰਪਨੀਆਂ ਦੋਵੇਂ ਰਜਿਸਟਰ ਹੋ ਸਕਣ ਅਤੇ ਸਰਕਾਰ ਨੌਜਵਾਨਾਂ ਨੂੰ ਕਿਸੇ ਵੀ ਕਿਸਮ ਦੇ ਧੋਖੇ ਤੋਂ ਬਚਾਅ ਸਕੇ|
ਸਮਾਗਮ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਨੇਟਾ ਵਿਖੇ ਸ਼ੁਰੂ ਹੋਣ ਵਾਲਾ ਇਹ ਪ੍ਰੋਜੈਕਟ ਕਾਫੀ ਸਮੇਂ ਤੋਂ ਪੈਂਡਿੰਗ ਪਿਆ ਸੀ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਜੇ ਇਸ ਸਬੰਧੀ ਕੰਮ ਸ਼ੁਰੂ ਨਾ ਹੋਇਆ ਤਾਂ ਇਹ ਪ੍ਰੋਜੈਕਟ ਪੰਜਾਬ ਕੋਲੋਂ ਵਾਪਸ ਲੈ ਲਿਆ ਜਾਵੇਗਾ| ਇਸ ਲਈ ਉਨ੍ਹਾਂ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਤੇ ਅੱਜ ਉਨ੍ਹਾਂ ਯਤਨਾਂ ਨੂੰ ਬੂਰ ਪਿਆ ਹੈ| ਪਿੰਡ ਸਨੇਟਾ ਦੀ ਪੰਚਾਇਤ ਨੇ ਇਸ ਸੰਸਥਾ ਲਈ ਲਗਭਗ 25 ਕਰੋੜ ਰੁਪਏ ਦੀ 5 ਏਕੜ ਜ਼ਮੀਨ ਦਿੱਤੀ ਹੈ, ਜਿਸ ਲਈ ਉਹ ਪਿੰਡ ਦੇ ਲੋਕਾਂ ਦੇ ਧੰਨਵਾਦੀ ਹਨ|
ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰੀ ਮੰਤਰੀ ਦਾ ਰਾਜ ਦੇ 13 ਜ਼ਿਲ੍ਹਿਆਂ ਵਿੱਚ ਰਸੋਈ ਗੈਸ ਪਾਈਪਲਾਈਨ ਵਿਛਾਉਣ ਦੀ ਯੋਜਨਾ ਬਣਾਏ ਜਾਣ ਸਬੰਧੀ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਅਤੇ ਮੁਹਾਲੀ ਵਿੱਚ ਇਸ ਕੰਮ ਨੂੰ ਛੇਤੀ ਤੋਂ ਛੇਤੀ ਨੇਪਰੇ ਚੜ੍ਹਾਉਣ ਦੀ ਮੰਗ ਵੀ ਕੀਤੀ|
ਇਸ ਮੌਕੇ ਸ. ਕੁਲਜੀਤ ਸਿੰਘ ਨਾਗਰਾ, ਸ. ਗੁਰਪ੍ਰੀਤ ਸਿੰਘ ਜੀ.ਪੀ., ਸ੍ਰੀ ਨਰਿੰਦਰ ਸ਼ਰਮਾ, ਹਰਿੰਦਰਪਾਲ ਸਿੰਘ ਚੰਦੂਮਾਜਰਾ (ਸਾਰੇ ਵਿਧਾਇਕ), ਕੈਬਿਨਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ, ਤਕਨੀਕੀ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਡੀ.ਕੇ.ਤਿਵਾੜੀ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ, ਚੌਧਰੀ ਰਿਸ਼ੀਪਾਲ, ਚੌਧਰੀ ਹਰਮੇਲ ਸਿੰਘ, ਬਹਾਦਰ ਸਿੰਘ, ਸਤਵੀਰ ਸਿੰਘ, ਠੇਕੇਦਾਰ ਮੋਹਣ ਸਿੰਘ ਬਠਲਾਣਾ ਅਤੇ ਵੱਡੀ ਗਿਣਤੀ ਵਿੱਚ ਤਕਨੀਕੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਵੀ ਮੌਜੂਦ ਸਨ|

Leave a Reply

Your email address will not be published. Required fields are marked *