ਪੰਜਾਬ ਨੂੰ ਕਿਹੜੇ ਪਾਸੇ ਲੈ ਜਾਵੇਗੀ ਬਦਲਾਖੋਰੀ ਦੀ ਰਾਜਨੀਤੀ

ਐਸ ਏ ਐਸ ਨਗਰ, 7 ਜਨਵਰੀ (ਸ.ਬ.) ਪੰਜਾਬ ਦੀ ਰਾਜਨੀਤੀ ਵਿੱਚ ਰਾਜਸੀ ਬਦਲਾਖੋਰੀ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ ਅਤੇ ਪਿਛਲੇ ਦਿਨੀ ਹੋਈ ਆਂ (ਪਹਿਲਾਂ ਬਲਾਕ ਸੰਮਤੀ ਚੋਣਾਂ ਅਤੇ ਫਿਰ ਪੰਚਾਇਤ ਚੋਣਾਂ) ਚੋਣਾਂ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਸੱਤਾਧਾਰੀਆਂ ਵਲੋਂ ਪ੍ਰਸ਼ਾਸ਼ਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਸੋਆਸੀ ਬਦਲੇਖੋਰੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ| ਹਾਲਾਂਕਿ ਪੰਚਾਇਤ ਚੋਣਾਂ ਦੌਰਾਨ ਭਾਵੇਂ ਕਿ ਅਨੇਕਾਂ ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਪਰ ਵਂੱਡੀ ਗਿਣਤੀ ਪਿੰਡਾਂ ਵਿੱਚ ਪੰਚਾਇਤ ਚੋਣਾਂ ਦੌਰਾਨ ਵੱਖ-ਵੱਖ ਉਮੀਦਵਾਰਾਂ ਵਿਚਾਲੇ ਸਿਰ ਧੜ ਦੀ ਬਾਜੀ ਲਗੀ ਰਹੀ| ਇਹਨਾਂ ਚੋਣਾਂ ਦੌਰਾਨ ਪਿੰਡਾਂ ਵਿੱਚ ਧੜੇਬਾਜੀ ਅਤੇ ਨਿੱਜੀ ਦੁਸ਼ਮਣੀ ਵਿੱਚ ਵਾਧਾ ਹੋਇਆ ਅਤੇ ਰਾਜਸੀ ਆਗੂਆਂ ਤੇ ਵਰਕਰਾਂ ਵਲੋਂ ਇਕ ਦੂਜੇ ਖਿਲਾਫ ਸੱਚੇ ਝੂਠੇ ਮਾਮਲੇ ਦਰਜ ਕਰਨ ਦਾ ਰੁਝਾਨ ਭਾਰੂ ਰਿਹਾ|
ਲੋਕ ਸਭਾ ਚੋਣਾਂ ਵਿੱਚ ਹੁਣ ਕੁਝ ਕੁ ਮਹੀਨੇ ਹੀ ਰਹਿ ਗਏ ਹਨ ਅਤੇ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਵੀ ਤੇਜ ਹੋ ਗਈਆਂ ਹਨ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਤੇ ਦਿਨੀਂ ਗੁਰਦਾਸਪੁਰ ਵਿੱਚ ਵੱਡੀ ਰੈਲੀ ਕਰਕੇ ਲੋਕ ਸਭਾ ਚੋਣਾਂ ਦਾ ਰਸਮੀ ਬਿਗਲ ਵੀ ਵਜਾ ਦਿਤਾ ਗਿਆ ਹੈ| ਸ੍ਰੀ ਮੋਦੀ ਦੀ ਪੰਜਾਬ ਫੇਰੀ ਨਾਲ ਪੰਜਾਬ ਦੇ ਭਾਜਪਾ ਆਗੂ ਉਤਸ਼ਾਹਿਤ ਦਿਖ ਰਹੇ ਹਨ| ਉਹਨਾਂ ਨੂੰ ਲੱਗਦਾ ਹੈ ਕਿ ਮੋਦੀ ਦਾ ਜਾਦੂ ਇਸ ਵਾਰ ਵੀ ਜਰੂਰ ਚਲ ਜਾਵੇਗਾ| ਦੂਜੇ ਪਾਸੇ ਕਾਂਗਰਸ ਵੀ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋ ਗਈ ਹੈ| ਪੰਜਾਬ ਦੀ ਸੱਤਾ ਤੇ ਕਾਬਜ ਕਾਂਗਰਸ ਪਾਰਟੀ ਹੁਣੇ ਹੀ ਪੰਜਾਬ ਦੀਆਂ ਲੋਕ ਸਭਾ ਸੀਟਾਂ ਉਪਰ ਆਪਣੀ ਜਿਤ ਪੱਕੀ ਹੋਣ ਦੇ ਦਾਅਵੇ ਕਰ ਰਹੀ ਹੈ|
ਚੋਣਾਂ ਦੀਆਂ ਤਿਆਰੀਆਂ ਦੇ ਨਾਲ ਨਾਲ ਰਾਜਸੀ ਪਾਰਟੀਆਂ ਦੇ ਆਗੂਆਂ ਵਿੱਂਚ ਇਕ ਦੂਜੇ ਖਿਲਾਫ ਨਿਜੀ ਦੂਸ਼ਣਬਾਜੀ ਕਰਨ, ਮਾਮਲੇ ਦਰਜ ਕਰਵਾਉਣ ਦਾ ਰੁਝਾਨ ਵੀ ਵੱਧਦਾ ਜਾ ਰਿਹਾ ਹੈ| ਅਕਾਲੀ ਦਲ ਵਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਕਾਂਗਰਸੀ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਦੇ ਇਸ਼ਾਰੇ ਤੇ ਉਨ੍ਹਾਂ ਖਿਲਾਫ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਲਈ ਵਿਉਂਤਾ ਗੁੰਦੀਆਂ ਜਾ ਰਹੀਆਂ ਹਨ| ਅਕਾਲੀ ਆਗੂ ਵੱਖ ਵੱਖ ਮੰਚਾਂ ਉਪਰ ਸ਼ਰੇਆਮ ਇਹ ਦੋਸ਼ ਲਗਾ ਰਹੇ ਹਨ ਕਿ ਪੰਜਾਬ ਦੀ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਬਦਲਾਖੋਰੀ ਦੀ ਨੀਤੀ ਤਹਿਤ ਹੀ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਅਤੇ ਪੰਜਾਬ ਦਾ ਵਿਕਾਸ ਕਰਨ ਅਤੇ ਹੋਰ ਲੋਕ ਭਲਾਈ ਦੇ ਕੰਮ ਕਰਨ ਤੋਂ ਅਵੇਸਲੀ ਹੋ ਗਈ ਹੈ| ਅਕਾਲੀ ਆਗੂ ਇਹ ਵੀ ਕਹਿੰਦੇ ਹਨ ਕਿ ਜਦੋਂ ਪੰਦਰਾਂ -ਸੋਲਾਂ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਬਣੀ ਸੀ, ਉਦੋਂ ਵੀ ਕੈਪਟਨ ਸਰਕਾਰ ਨੇ ਅਕਾਲੀ ਦਲ ਦੇ ਸੁਪਰੀਮੋ ਸ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ ਭੇਜ ਦਿੱਤਾ ਸੀ| ਇਸ ਮਾਮਲੇ ਨੂੰ ਅਕਾਲੀ ਦਲ ਨੇ ਬਦਲਾਖੋਰੀ ਦੀ ਸਿਆਸਤ ਦੀ ਸਿਖਰ ਦਸਿਆ ਸੀ| ਹੁਣ ਵੀ ਅਕਾਲੀ ਦਲ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕਾਂਗਰਸ ਵਲੋਂ ਸਿਆਸੀ ਬਦਲਾਖੋਰੀ ਤਹਿਤ ਹੀ ਅਕਾਲੀ ਆਗੂਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ|
ਹਾਲਾਂਕਿ ਇਹ ਵੀ ਹਕੀਕਤ ਹੈ ਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਅਕਾਲੀਆਂ ਉੱਪਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਤੇ ਝੂਠੇ ਮਾਮਲੇ ਦਰਜ ਕਰਨ ਦੇ ਇਲਜਾਮ ਲੱਗਦੇ ਹੀ ਇਲਜਾਮ ਲੱਗਦੇ ਸੀ| ਫਰਕ ਸਿਰਫ ਇਹ ਹੈ ਕਿ ਉਸ ਵੇਲੇ ਕਾਂਗਰਸੀ ਆਗੂ ਸਰਕਾਰ ਤੇ ਇਲਜਾਮ ਲਗਾਉਂਦੇ ਸੀ ਜਦੋਂਕਿ ਹੁਣ ਅਕਾਲੀ ਦਲ ਵਲੋਂ ਇਹ ਇਲਜਾਮ ਲਗਾਏ ਜਾ ਰਹੇ ਹਨ| ਕਾਂਗਰਸੀ ਆਗੂ ਹੁਣ ਵੀ ਅਕਾਲੀਆਂ ਦੇ ਦੋਸ਼ਾਂ ਦਾ ਖੰਡਨ ਕਰਦੇ ਹਨ ਅਤੇ ਕਹਿੰਦੇ ਹਨ ਕਿ ਜਦੋਂ ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਸੀ, ਉਸ ਵੇਲੇ ਅਕਾਲੀਆਂ ਵਲੋਂ ਕਾਂਗਰਸੀਆਂ ਵਿਰੁੱਧ ਝੂਠੇ ਮਾਮਲੇ ਦਰਜ ਕਰਵਾਏ ਜਾਂਦੇ ਸਨ ਅਤੇ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਕਾਂਗਰਸੀ ਪੰਚਾਂ ਸਰਪੰਚਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ| ਕਾਂਗਰਸੀ ਆਗੂ ਤਾਂ ਇਹ ਵੀ ਦੋਸ਼ ਲਾਉਂਦੇ ਹਨ ਕਿ ਉਸ ਸਮੇਂ ਤਾਂ ਕਈ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਮਾਮਲੇ ਦਰਜ ਕਰਨ ਦਾ ਕਥਿਤ ਡਰਾਵਾ ਦੇ ਕੇ ਵੀ ਅਕਾਲੀ ਦਲ ਵਿਚ ਸ਼ਾਮਿਲ ਕਰ ਲਿਆ ਗਿਆ ਸੀ|
ਪੰਜਾਬ ਦੇ ਆਮ ਲੋਕਾਂ ਵਿੱਚ ਆਮ ਚਰਚਾ ਹੈ ਕਿ ਪੰਜਾਬ ਵਿੱਚ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ ਪਰੰਤੂ ਸੱਤਾਧਾਰੀਆਂ ਵਲੋਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਵਿਰੋਧੀਆਂ ਵਿਰੁਧ ਕਾਰਵਾਈ ਵਿੱਢੀ ਜਾਂਦੀ ਹੈ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਬਦਲਾਖੋਰੀ ਦੀ ਖੇਡ ਭਾਰੂ ਹੋ ਗਈ ਹੈ| ਲੋਕ ਕਹਿੰਦੇ ਹਨ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਹੋਵੇ ਜਾਂ ਵਿਰੋਧੀ ਧਿਰ, ਇਹ ਸਾਰੀਆਂ ਹੀ ਸਿਆਸੀ ਪਾਰਟੀਆਂ ਲੋਕਤਾਂਤਰਿਕ ਕਦਰਾਂ ਕੀਮਤਾਂ ਦੀ ਮਾਣ ਮਰਿਆਦਾ ਰੱਖਣ ਵਿੱਚ ਅਵੇਸਲੀਆਂ ਸਾਬਤ ਹੋ ਰਹੀਆਂ ਹਨ ਅਤੇ ਜੇਕਰ ਇਹੀ ਹਾਲ ਰਿਹਾ ਤਾਂ ਪੰਜਾਬ ਵਿੱਚ ਯੂ ਪੀ ਬਿਹਾਰ ਵਾਂਗ ਬਦਲਾਖੋਰੀ ਦੀ ਰਾਜਨੀਤੀ ਭਾਰੂ ਹੋ ਜਾਵੇਗੀ ਜਿਸਦਾ ਸੂਬੇ ਦੀ ਜਨਤਾ ਨੂੰ ਵੱਡਾ ਨੁਕਸਾਨ ਹੋਣਾ ਹੈ|

Leave a Reply

Your email address will not be published. Required fields are marked *