ਪੰਜਾਬ ਨੇ ਕੌਮਾਂਤਰੀ ਅਤੇ ਅੰਤਰ-ਰਾਜੀ ਸਰਹੱਦਾਂ ਤੋਂ ਨਸ਼ਿਆਂ ਦੀ ਸਪਲਾਈ ਲਾਈਨ ਤੋੜਣ ਵਿੱਚ ਸਫਲਤਾ ਹਾਸਲ ਕੀਤੀ

ਵਿਸ਼ੇਸ਼ ਟਾਸਕ ਫੋਰਸ ਵੱਲੋਂ ਚਾਰ ਹਫਤਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਹੇਠ 1277 ਕੇਸ ਦਰਜ, 1468 ਗ੍ਰਿਫਤਾਰੀਆਂ, ‘ਵੱਡੀਆਂ ਮੱਛੀਆਂ’ ਕਾਬੂ ਕਰਕੇ ਜਾਇਦਾਦ ਜ਼ਬਤ ਕਰਨ ਦੀ ਤਿਆਰ
ਚੰਡੀਗੜ੍ਹ, 16 ਅਪ੍ਰੈਲ (ਸ.ਬ.) ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਗਠਿਤ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ ਨੇ ਅੰਤਰਰਾਜੀ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਪਾਰੋਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਪੂਰੀ ਤਰ੍ਹਾਂ ਸਫਲਤਾਪੂਰਨ ਢੰਗ ਨਾਲ ਤੋੜ ਦਿੱਤਾ ਹੈ ਅਤੇ ਇਸ ਦੌਰਾਨ 16 ਮਾਰਚ 2017 ਤੋਂ ਹੁਣ ਤੱਕ ਚਾਰ ਹਫਤਿਆਂ ਵਿੱਚ ਐਨ.ਡੀ.ਪੀ.ਐਸ ਐਕਟ ਹੇਠ 1277 ਕੇਸ ਦਰਜ ਕੀਤੇ ਗਏ ਹਨ ਅਤੇ 1468 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ| ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦੇ ਅਨੁਸਾਰ ਹੁਣ ਤੱਕ ਨਸ਼ਿਆਂ ਦੇ ਮਾਮਲੇ ਵਿੱਚ ਫੜੇ ਗਏ ਵਿਅਕਤੀਆਂ ਦੀ ਗਿਣਤੀ ਪਿਛਲੇ ਸਾਲ ਦੇ ਇਸੇ ਸਮੇਂ (16 ਮਾਰਚ 2016 ਤੋਂ 14 ਅਪ੍ਰੈਲ 2016) ਨਾਲੋਂ ਲਗਭਗ ਦੁੱਗਣੀ ਹੈ| ਸ੍ਰੀ ਸਿੱਧੂ ਅਨੁਸਾਰ ਬਹੁਪੱਖੀ ਪਹੁੰਚ ਦੇ ਨਾਲ ਪੂਰੀ ਤਰ੍ਹਾਂ ਲੈਸ ਵਿਸ਼ੇਸ਼ ਟਾਸਕ ਫੋਰਸ, ਸੂਬਾ ਪੁਲੀਸ ਅਤੇ ਵੱਖ-ਵੱਖ ਖੁਫੀਆ ਏਜੰਸੀਆਂ ਨਾਲ ਮਿਲ ਕੇ ਸੂਬੇ ਵਿੱਚ ਵੱਡੀ ਪੱਧਰ ‘ਤੇ ਨਸ਼ਿਆਂ ਦੇ ਕਾਰੋਬਾਰ ‘ਤੇ ਹੱਲਾ ਬੋਲ ਰਹੀ ਹੈ ਅਤੇ ਨਸ਼ਿਆਂ ਵਿਰੁੱਧ ਤਿੱਖਾ ਹਮਲਾ ਸ਼ੁਰੂ ਕਰਕੇ ‘ਵੱਡੀਆਂ ਮੱਛੀਆਂ’ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ|
ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਭਾਵੇਂ ਕਿ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਰਸਮੀ ਨੋਟੀਫਿਕੇਸ਼ਨ ਲੰਘੇ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਹੈ ਪਰ ਵਿਸ਼ੇਸ਼ ਟਾਸਕ ਫੋਰਸ ਨੇ ਅਪ੍ਰੈਲ ਦੇ ਸ਼ੁਰੂ ਤੋਂ ਹੀ ਨਸ਼ਿਆਂ ਵਿਰੁੱਧ ਕਰੜੀ ਮੁਹਿੰਮ ਆਰੰਭ ਕੀਤੀ ਸੀ| ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਵਿਰੁਧ ਕਾਰਵਾਈ ਲਈ ਸਿੱਧੂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੈ ਅਤੇ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਉਨ੍ਹਾਂ ਨੂੰ ਸਮਰਥ ਮੰਨਿਆ ਗਿਆ ਹੈ| ਮੁੱਖ ਮੰਤਰੀ ਨੇ ਸੂਬੇ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਵਪਾਰ ਵਿੱਚ ਸ਼ਾਮਲ ਸਾਰੀਆਂ ‘ਵੱਡੀਆਂ ਮੱਛੀਆਂ’ ਵਿਰੁੱਧ ਹੱਲਾ ਬੋਲਣ ਲਈ ਵਿਸ਼ੇਸ਼ ਟਾਸਕ ਫੋਰਸ ਨੂੰ ਨਿਰਦੇਸ਼ ਦਿੱਤੇ ਹਨ|
ਬੁਲਾਰੇ ਅਨੁਸਾਰ ਵਿਸ਼ੇਸ਼ ਟਾਸਕ ਫੋਰਸ ਤੇ ਮੁੱਖ ਮੰਤਰੀ ਵੱਲੋਂ ਖੁਦ ਨਿਗਰਾਨੀ ਰੱਖੀ ਜਾ ਰਹੀ ਹੈ| ਨਸ਼ਿਆਂ ਦੇ ਬਹੁਤ ਵੱਡੇ ਡੀਲਰਾਂ ਤੇ ਅੱਖ ਰੱਖੀ ਜਾ ਰਹੀ ਹੈ ਅਤੇ ਆਉਂਦੇ ਹਫਤਿਆਂ ਦੌਰਾਨ ਉਨ੍ਹਾਂ ਤੇ ਸਖ਼ਤ ਕਾਰਵਾਈ ਲਈ ਤਿਆਰੀ ਕੀਤੀ ਜਾ ਰਹੀ ਹੈ| ਸ੍ਰੀ ਸਿੱਧੂ ਦੀ ਟੀਮ ਵੱਲੋਂ ਦਿੱਤੇ ਤੱਥਾਂ ਦਾ ਹਵਾਲਾ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ 16 ਮਾਰਚ ਤੋਂ 14 ਅਪ੍ਰੈਲ ਤੱਕ ਦੇ ਸਮੇਂ ਦੌਰਾਨ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਿਆਂ ਖਿਲਾਫ ਵਿੱਢੀ ਕਾਰਵਾਈ ਦੌਰਾਨ 31.804 ਕਿਲੋ ਹੈਰੋਇਨ (ਜਿਸ ਵਿੱਚ ਬੀ.ਐਸ.ਐਫ. ਵੱਲੋਂ ਫੜੀ 24.4 ਕਿਲੋ ਵੀ ਸ਼ਾਮਲ ਹੈ), 1.527 ਕਿਲੋ ਸਮੈਕ, 2.272 ਕਿਲੋ ਚਰਸ, 81.99 ਕਿਲੋ ਅਫੀਮ (ਇਸ ਵਿੱਚ ਬੀ.ਐਸ.ਐਫ. ਵੱਲੋਂ ਫੜੀ 0.065 ਕਿਲੋ ਵੀ ਸ਼ਾਮਲ ਹੈ), 2812.555 ਕਿਲੋ ਭੁੱਕੀ, 169.223 ਕਿਲੋ ਗਾਂਜਾ, 14.855 ਕਿਲੋ ਭੰਗ, 34.911 ਕਿਲੋ ਨਸ਼ੀਲਾ ਪਾਊਡਰ, 3201 ਨਸ਼ੀਲੇ ਟੀਕੇ ਅਤੇ 336314 ਗੋਲੀਆਂ/ਕੈਪਸੂਲ ਫੜੇ ਗਏ ਹਨ| ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਟਾਸਕ ਫੋਰਸ ਤੇ ਹੋਰ ਏਜੰਸੀਆਂ ਵੱਲੋਂ ਕੀਤੀ ਵੱਡੀ ਕਾਰਵਾਈ ਨਾਲ ਨਸ਼ਿਆਂ ਦੀ ਮੌਜੂਦਗੀ ਤੇ ਕਾਬੂ ਪਾ ਲਿਆ ਗਿਆ ਹੈ ਅਤੇ ਨਸ਼ਿਆਂ ਦੀ ਕੀਮਤਾਂ ਬਹੁਤ ਜ਼ਿਆਦਾ ਵਧ ਜਾਣ ਨਾਲ ਨਸ਼ੇ ਦੇ ਆਦੀਆਂ ਨੂੰ ਨਸ਼ਾ ਮਿਲਣਾ ਮੁਸ਼ਕਲ ਹੋ ਗਿਆ ਹੈ|
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਚਾਰ ਹਫ਼ਤਿਆਂ ਵਿੱਚ ਸੈਂਕੜੇ ਨਸ਼ੇੜੀਆਂ ਨੇ ਇਲਾਜ ਲਈ ਮੁੜ ਵਸੇਬਾ ਕੇਂਦਰਾਂ ਦਾ ਦਰ ਖੜਕਾਇਆ| ਵਿਸ਼ੇਸ਼ ਟਾਸਕ ਫੋਰਸ ਹੁਣ ਮੁੜ ਵਸੇਬਾ ਪਹੁੰਚ ਪ੍ਰਤੀ ਸੋਧ ਕਰਕੇ ਇਸ ਨੂੰ ਹੋਰ ਮਾਨਵੀ ਹਿਤੈਸ਼ੀ ਬਣਾ ਰਹੀ ਹੈ ਅਤੇ ਨਸ਼ਾ ਪੀੜਤਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *