ਪੰਜਾਬ ਬਜਟ ਨੇ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਵਪਾਰੀਆਂ ਨੂੰ ਕੀਤਾ ਨਿਰਾਸ਼

ਪੰਜਾਬ ਬਜਟ ਨੇ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਵਪਾਰੀਆਂ ਨੂੰ ਕੀਤਾ ਨਿਰਾਸ਼
ਟੈਕਸਾਂ ਦਾ ਭਾਰ ਵਧਣ ਕਾਰਨ ਆਮ ਲੋਕਾਂ ਵਿੱਚ ਵੱਧ ਰਿਹਾ ਹੈ ਰੋਸ
ਐਸ ਏ ਐਸ ਨਗਰ, 27 ਮਾਰਚ (ਜਗਮੋਹਨ ਸਿੰਘ) ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਵਿੱਚ ਪੇਸ਼ ਕੀਤੇ ਗਏ ਪੰਜਾਬ ਦੇ ਬਜਟ ਤੋਂ ਜਿਥੇ ਸਰਕਾਰੀ ਮੁਲਾਜ਼ਮ ਅਤੇ ਸਰਕਾਰੀ ਪੈਨਸ਼ਨਰ ਨਿਰਾਸ਼ ਹਨ, ਉਥੇ ਹੀ ਵਪਾਰੀ ਵਰਗ ਵਿੱਚ ਵੀ ਇਸ ਬਜਟ ਕਾਰਨ ਨਿਰਾਸ਼ਾ ਹੀ ਪਾਈ ਜਾ ਰਹੀ ਹੈ| ਰਹਿੰਦੀ ਕਸਰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਆਮਦਨ ਕਰ ਦਾਤਿਆਂ ਉਪਰ 200 ਰੁਪਏ ਪ੍ਰਤੀ ਮਹੀਨਾ ਲਗਾਏ ਗਏ ਪ੍ਰੋਫੈਸ਼ਨਲ ਟੈਕਸ ਨੇ ਪੂਰੀ ਕਰ ਦਿੱਤੀ ਹੈ, ਜਿਸ ਕਾਰਨ ਹਰ ਵਰਗ ਵਿੱਚ ਹੀ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ| ਇਸਦੇ ਨਾਲ ਹੀ ਆਮ ਲੋਕਾਂ ਵਿੱਚ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਇੱਕ ਸਾਲ ਦੀ ਕਾਰਗੁਜਾਰੀ ਉਪਰ ਹੀ ਸਵਾਲ ਉਠਣ ਲੱਗ ਪਏ ਹਨ|
ਪੰਜਾਬ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਨਾਲ ਸਬੰਧਿਤ ਵੱਖ ਵੱਖ ਸਰਕਾਰੀ ਮੁਲਾਜਮਾਂ ਦੀਆਂ ਜਥੇਬੰਦੀਆਂ ਨੇ ਜਿਥੇ ਇਸ ਬਜਟ ਦੀਆਂ ਕਾਪੀਆਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਦਫਤਰਾਂ ਦੇ ਅੱਗੇ ਗੇਟ ਰੈਲੀਆਂ ਕਰਕੇ ਸਾੜਨ ਦਾ ਐਲਾਨ ਕੀਤਾ ਹੈ, ਉਥੇ ਹੀ ਪੈਨਸ਼ਨਰ ਵੀ ਆਪਣੀਆਂ ਮੰਗਾਂ ਦੇ ਹੱਕ ਵਿੱਚ ਲੰਮਾਂ ਸੰਘਰਸ਼ ਸ਼ੁਰੂ ਕਰਨ ਦੇ ਰੌਂਅ ਵਿਚ ਹਨ| ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਪੇਸ਼ ਕੀਤੇ ਗਏ ਇਸ ਬਜਟ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਕੁੱਝ ਵੀ ਨਹੀਂ ਰਖਿਆ ਗਿਆ| ਇਸ ਬਜਟ ਵਿੱਚ ਨਾ ਤਾਂ ਮੁਲਾਜਮਾਂ ਤੇ ਪੈਨਸ਼ਨਰਾਂ ਨੂੰ ਡੀ ਏ ਦਾ ਪਿਛਲਾ ਬਕਾਇਆ ਦੇਣ ਬਾਰੇ ਕੋਈ ਐਲਾਨ ਕੀਤਾ ਗਿਆ, ਨਾ ਹੀ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਦੇਣ ਬਾਰੇ ਕੋਈ ਤਜਵੀਜ ਹੀ ਰੱਖੀ ਗਈ| ਇਸ ਤੋਂ ਇਲਾਵਾ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਵੀ ਬਹਾਲ ਕਰਨ ਸਬੰਧੀ ਕੁੱਝ ਨਹੀਂ ਕੀਤਾ ਗਿਆ|
ਮੁਲਾਜਮ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਬਹੁਤ ਉਮੀਦਾਂ ਸਨ ਪਰ ਇਸ ਸਰਕਾਰ ਨੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਕੋਈ ਨਵੀਂ ਸਹੂਲਤ ਤਾਂ ਕੀ ਦੇਣੀ ਸੀ ਸਗੋਂ ਪਿਛਲੇ ਬਕਾਏ ਹੀ ਦੇਣ ਲਈ ਇਹ ਸਰਕਾਰ ਤਿਆਰ ਨਹੀਂ ਹੈ| ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਇਸ ਨਾਲੋਂ ਤਾਂ ਪਿਛਲੀ ਬਾਦਲ ਸਰਕਾਰ ਹੀ ਚੰਗੀ ਸੀ ਜੋਕਿ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਸਮੇਂ ਸਿਰ ਤਨਖਾਹ, ਪੈਨਸ਼ਨ ਅਤੇ ਹੋਰ ਭੱਤੇ ਤਾਂ ਦੇ ਰਹੀ ਸੀ|
ਦੂਜੇ ਪਾਸੇ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਠੇਕੇ ਉਪਰ ਕਈ ਸਾਲਾਂ ਤੋਂ ਕੰਮ ਕਰ ਰਹੇ ਠੇਕਾ ਮੁਲਾਜਮਾਂ ਨੂੰ ਵੀ ਆਪਣੀਆਂ ਨੌਕਰੀਆਂ ਦਾ ਫਿਕਰ ਪਿਆ ਹੋਇਆ ਹੈ| ਇਹਨਾਂ ਮੁਲਾਜਮਾਂ ਦਾ ਕਹਿਣਾਂ ਹੈ ਕਿ ਪਿਛਲੀ ਬਾਦਲ ਸਰਕਾਰ ਨੇ ਉਹਨਾਂ ਨੂੰ ਪੱਕਾ ਕਰਨ ਲਈ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਪਰ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਜਾਬਤਾ ਲੱਗ ਜਾਣ ਕਾਰਨ ਇਹ ਕਾਰਵਾਈ ਸਿਰੇ ਨਹੀਂ ਸੀ ਚੜ੍ਹ ਸਕੀ| ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਇਹਨਾਂ ਠੇਕਾ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਸਗੋਂ ਇਸ ਸਰਕਾਰ ਵੱਲੋਂ ਤਾਂ ਠੇਕਾ ਮੁਲਾਜਮਾਂ ਨੂੰ ਨੌਕਰੀਆਂ ਤੋਂ ਕੱਢਣ ਦੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਹਨ| ਜਿਸ ਕਾਰਨ ਇਹਨਾਂ ਠੇਕਾਂ ਮੁਲਾਜਮਾਂ ਨੂੰ ਆਪਣੀ ਰੋਜੀ ਰੋਟੀ ਦਾ ਹੀ ਫਿਕਰ ਪੈਦਾ ਹੋ ਗਿਆ ਹੈ|
ਪੰਜਾਬ ਦਾ ਵਪਾਰੀ ਵਰਗ ਵੀ ਇਸ ਬਜਟ ਤੋਂ ਸੰਤੁਸ਼ਟ ਨਹੀਂ| ਵਪਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਟੈਕਸ ਸਭ ਤੋਂ ਵੱਧ ਹਨ| ਹੁਣ ਕਾਂਗਰਸ ਸਰਕਾਰ ਨੇ ਹਰ ਆਮਦਨ ਕਰ ਦਾਤਿਆਂ ਉਪਰ 200 ਰੁਪਏ ਪ੍ਰੋਫੈਸ਼ਨਲ ਟੈਕਸ ਲਗਾ ਦਿੱਤਾ ਹੈ, ਜਿਸਦਾ ਸਭ ਤੋਂ ਜਿਆਦਾ ਬੋਝ ਵਪਾਰੀਆਂ ਉਪਰ ਹੀ ਪੈਣਾ ਹੈ| ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਕੱਲ ਨੂੰ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ ਉਪਰ ਵੀ ਪ੍ਰਤੀ ਵਿਅਕਤੀ ਪੰਜ ਰੁਪਏ ਦਾ ਟੈਕਸ ਲਗਾ ਦੇਵੇ| ਇਹ ਸਰਕਾਰ ਪੰਜਾਬ ਦਾ ਖਜਾਨਾਂ ਭਰਨ ਲਈ ਕੁੱਝ ਵੀ ਕਰ ਸਕਦੀ ਹੈ|
ਕੁਲ ਮਿਲਾ ਕੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਉਸਦੇ ਦੂਜੇ ਬਜਟ ਨੇ ਸਰਕਾਰੀ ਮੁਲਾਜਮਾਂ, ਪੈਨਸ਼ਨਰਾਂ ਦੇ ਨਾਲ ਨਾਲ ਵਪਾਰੀ ਵਰਗ ਨੂੰ ਵੀ ਨਿਰਾਸ਼ਾ ਹੀ ਦਿੱਤੀ ਹੈ ਅਤੇ ਇਹ ਵਰਗ ਹੁਣ ਕੈਪਟਨ ਸਰਕਾਰ ਦੀ ਇੱਕ ਸਾਲ ਦੀ ਕਾਰਗੁਜਾਰੀ ਉਪਰ ਹੀ ਸਵਾਲ ਉਠਾਉਣ ਲੱਗ ਪਏ ਹਨ|

Leave a Reply

Your email address will not be published. Required fields are marked *