ਪੰਜਾਬ ਮੰਡੀ ਬੋਰਡ ਨੂੰ ਕਵਿਕ ਐਪ ਲਈ ਮਿਲਿਆ ਕੌਮੀ ਪੀ.ਐਸ.ਯੂ. ਅਵਾਰਡ-2020

ਚੰਡੀਗੜ੍ਹ, 26 ਸਤੰਬਰ (ਸ.ਬ.) ਪੰਜਾਬ ਮੰਡੀ ਬੋਰਡ ਵੱਲੋਂ ਆਪਣੀ ਕਿਸਮ ਦੀ ਨਿਵੇਕਲੀ ਵੀਡੀਓ ਕਾਨਫਰੰਸਿੰਗ ਮੋਬਾਈਲ ਐਪ ‘ਕਵਿਕ’ ਦਾ ਸਫਲਤਾਪੂਰਵਕ ਸੰਚਾਲਨ ਕਰਨ ਤੇ ਮੰਡੀ ਬੋਰਡ ਨੂੰ ‘ਕੌਮੀ ਪੀ.ਐਸ.ਯੂ. ਐਵਾਰਡ-2020’ ਹਾਸਲ ਹੋਇਆ ਹੈ| ਇਹ ਅਵਾਰਡ ਬੀਤੇ ਦਿਨ ਦੇਰ ਸ਼ਾਮ ਕੌਮੀ ਪੀ.ਐਸ.ਯੂ. (ਪਬਲਿਕ ਸੈਕਟਰ ਅੰਡਰਟੇਕਿੰਗ) ਸੰਮੇਲਨ ਦੌਰਾਨ ਏਸ਼ੀਆ ਦੀ ਤਕਨਾਲੌਜੀ ਅਤੇ ਮੀਡੀਆ ਰਿਸਰਚ ਖੇਤਰ ਦੀ ਪ੍ਰਮੁੱਖ ਸੰਸਥਾ ‘ਈਲੈਟਸ ਟੈਕਨੋਮੀਡੀਆ’ ਵੱਲੋਂ ਦਿੱਤਾ ਗਿਆ ਹੈ| ਇਸ ਸੰਮੇਲਨ ਦੇ ਮੁੱਖ ਮਹਿਮਾਨ ਸਾਬਕਾ ਕੇਂਦਰੀ             ਰੇਲਵੇ ਮੰਤਰੀ ਅਤੇ ਸੰਸਦ ਮੈਂਬਰ ਸੁਰੇਸ਼ ਪ੍ਰਭੂ ਸਨ| 
ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸੰਮੇਲਨ ਦੌਰਾਨ ਕਵਿਕ ਐਪ ਨੂੰ ਕੋਵਿਡ-19 ਦੌਰਾਨ ਵਿਲੱਖਣ ਡਿਜੀਟਲ ਪਹਿਲਕਦਮੀ ਵਜੋਂ ਮਾਨਤਾ ਦਿੰਦੇ ਹੋਏ ਕੌਮੀ ਪੀ.ਐਸ.ਯੂ. ਐਵਾਰਡ-2020 ਲਈ ਪੰਜਾਬ ਮੰਡੀ ਬੋਰਡ ਦੀ ਚੋਣ ਕੀਤੀ ਗਈ| ਉਨ੍ਹਾਂ ਦੱਸਿਆ ਕਿ ਵੈਬੀਨਾਰ ਦੌਰਾਨ ਮੰਡੀ ਬੋਰਡ ਦੀ ਟੀਮ ਨੇ ਇਹ ਐਵਾਰਡ ਹਾਸਲ ਕੀਤਾ|
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਜਿਹੀ ਆਧੁਨਿਕ ਤਕਨਾਲੌਜੀ ਨੂੰ ਅਪਣਾਉਣ ਅਤੇ ਸੰਚਾਲਨ ਲਈ ਮੰਡੀ ਬੋਰਡ ਦੇ ਟੀਮ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਚਨਾ ਤਕਨਾਲੌਜੀ ਮੌਜੂਦਾ ਦੌਰ ਵਿਚ ਸਮੇਂ ਦੀ ਲੋੜ ਹੈ| ਉਹਨਾਂ ਨੇ ਇਸ ਐਵਾਰਡ ਲਈ ਮੰਡੀ ਬੋਰਡ ਦੀ ਟੀਮ ਨੂੰ ਵਧਾਈ ਦਿੱਤੀ ਕਿਉਂ ਜੋ ਬੋਰਡ ਨੇ ਮੌਜੂਦਾ ਸਥਿਤੀ ਵਿਚ ਅਜਿਹਾ ਅਨੋਖਾ ਹੱਲ ਕੱਢਿਆ ਜੋ ਅਜੇ ਤੱਕ ਹੋਰ ਸਰਕਾਰੀ ਵਿਭਾਗ ਕੋਲ ਨਹੀਂ ਹੈ|

Leave a Reply

Your email address will not be published. Required fields are marked *