ਪੰਜਾਬ ਮੰਤਰੀ ਮੰਡਲ ਦਾ ਪ੍ਰਸਤਾਵਿਤ ਵਾਧਾ ਟਲਣ ਕਾਰਨ ਕਈ ਚਿਹਰੇ ਮੁਰਝਾਏ

ਪੰਜਾਬ ਮੰਤਰੀ ਮੰਡਲ ਦਾ ਪ੍ਰਸਤਾਵਿਤ ਵਾਧਾ ਟਲਣ ਕਾਰਨ ਕਈ ਚਿਹਰੇ ਮੁਰਝਾਏ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸਨ ਤੋਂ ਬਾਅਦ ਹੋ ਸਕਦਾ ਹੈ ਮੰਤਰੀ ਮੰਡਲ ਵਿਚ ਵਾਧਾ
ਐਸ ਏ ਐਸ ਨਗਰ, 10 ਜੂਨ (ਸ. ਬ.) ਪੰਜਾਬ ਮੰਤਰੀ ਮੰਡਲ ਵਿਚ ਹੋਣ ਵਾਲਾ ਸੰਭਾਵੀ ਵਾਧਾ ਟਲਣ ਕਾਰਨ ਜਿਥੇ ਮੰਤਰੀ ਬਣਨ ਦੇ ਕਈ ਚਾਹਵਾਨ ਵਿਧਾਇਕਾਂ ਦੇ ਚਿਹਰਿਆਂ ਉਪਰ ਮਾਊਸੀ ਛਾਈ ਹੋਈ ਹੈ, ਉਥੇ ਹੀ ਮੰਤਰੀ ਮੰਡਲ ਵਿਚ ਹੋਣ ਵਾਲਾ ਵਾਧਾ ਹੁਣ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਤੋਂ ਬਾਅਦ ਹੀ ਹੋਣ ਦੇ ਆਸਾਰ ਹਨ|
ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਜੂਨ ਮਹੀਨੇ ਦੇ ਪਹਿਲੇ ਹਫਤੇ ਹੀ ਪੰਜਾਬ ਮੰਤਰੀ ਮੰਡਲ ਵਿਚ ਵਾਧਾ ਕੀਤੇ ਜਾਣ ਦੇ ਆਸਾਰ ਸਨ ਅਤੇ ਇਸ ਸਬੰਧੀ ਸਿਆਸੀ ਗਲਿਆਰਿਆਂ ਵਿਚ ਹੀ ਚਰਚਾ ਛਿੜ ਗਈ ਸੀ ਪਰ ਪਾਰਟੀ ਦੇ ਸੂਤਰ ਦੱਸਦੇ ਹਨ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਰੇਤ ਕਾਂਡ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਤਰਾਂ ਦਾ ਰਿਸਕ ਲੈਣ ਲਈੰ ਤਿਆਰ ਨਹੀਂ ਇਸੇ ਲਈ ਉਹ ਬਹੁਤ ਫੂਕ ਫੂਕ ਕੇ ਕਦਮ ਚੁੱਕ ਰਹੇ ਹਨ| ਸੂਤਰਾਂ ਅਨੁਸਾਰ  ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਣਨੀਤੀ ਇਹ ਬਣਾਈ ਹੈ ਕਿ ਪਹਿਲਾਂ ਉਹ ਵਿਧਾਨ ਸਭਾ ਦੇ ਬਜਟ ਸੈਸਨ ਦੌਰਾਨ ਵਿਰੋਧੀ ਧਿਰਾਂ ਦਾ ਰਵਈਆ         ਪਰਖਣਗੇ| ਇਸ ਉਪਰੰਤ ਹੀ ਉਹ ਪੰਜਾਬ ਮੰਤਰੀ ਮੰਡਲ ਵਿਚ ਵਾਧਾ ਕਰਨ ਬਾਰੇ ਕਾਰਵਾਈ ਕਰਨਗੇ| ਆਮ ਚਰਚਾ ਹੋ ਰਹੀ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਦਾ ਬਜਟ ਸੈਸਨ ਹੰਗਾਮਾਖੇਜ ਰਹਿਣ ਦੇ ਆਸਾਰ ਹਨ| ਇਸ ਦਾ ਕਾਰਨ ਇਹ ਹੈ ਕਿ ਵਿਰੋਧੀ ਧਿਰਾਂ ਵੀ ਰੇਤਾਂ ਕਾਂਡ ਨੂੰ ਇਸ ਸੈਸਨ ਦੌਰਾਨ ਜੋਰ ਸ਼ੋਰ ਨਾਲ ਚੁਕਣਗੀਆਂ| ਇਹ ਹੀ ਕਾਰਨ ਹੈ ਕਿ ਪੰਜਾਬ ਮੰਤਰੀ ਮੰਡਲ ਵਿਚ ਹੋਣ ਵਾਲਾ ਪ੍ਰਸਤਾਵਿਤ ਵਾਧਾ ਫਿਲਹਾਲ ਟਲ ਗਿਆ ਹੈ ਅਤੇ ਮੰਤਰੀ ਮੰਡਲ ਵਿਚ ਵਾਧਾ ਹੁਣ ਪੰਜਾਬ ਵਿਧਾਨ ਸਭਾ ਦੇ ਬਜਟ ਸੈਸਨ ਤੋਂ ਬਾਅਦ ਹੀ ਹੋਵੇਗਾ|
ਪੰਜਾਬ ਵਿਚ ਕਈ ਅਜਿਹੇ ਕਾਂਗਰਸੀ ਵਿਧਾਇਕ ਵੀ ਹਨ,ਜਿਹੜੇ ਕਿ 4-4 ਵਾਰ ਜਾਂ 5-5 ਵਾਰ ਵਿਧਾਨ ਸਭਾ ਚੋਣ ਜਿਤ ਚੁਕੇ ਹਨ ਅਤੇ ਉਹ ਮੰਤਰੀ ਅਹੁਦੇ ਉਪਰ ਆਪਣਾ ਹੱਕ ਸਮਝਦੇ ਹਨ| ਇਹਨਾਂ ਵਲੋਂ ਵੀ ਪਾਰਟੀ ਹਾਈਕਮਾਡ ਉਪਰ ਆਪਣੇ ਆਪ ਨੂੰ ਮੰਤਰੀ ਬਣਾਉਣ ਲਈ ਜੋਰ ਪਾਇਆ ਜਾ ਰਿਹਾ ਸੀ, ਦੂਜੇ ਪਾਸੇ ਰਾਹੁਲ ਗਾਂਧੀ ਅਤੇ ਕਾਂਗਰਸ ਹਾਈਕਮਾਂਡ ਨਾਲ ਨੇੜਤਾ ਰੱਖਣ ਵਾਲੇ ਵਿਧਾਇਕਾਂ ਵਲੋਂ ਵੀ ਮੰਤਰੀ ਦੀ ਕੁਰਸੀ ਲੈਣ ਲਈ ਆਪਣਾ ਦਬਾਓ ਪਾਇਆ ਜਾ ਰਿਹਾ ਸੀ|
ਯੂਥ ਕਾਂਗਰਸ ਦੇ ਆਗੂਆਂ ਵਲੋਂ ਵੀ ਮੰਤਰੀ ਮੰਡਲ ਵਿਚ ਥਾਂ ਲੈਣ ਲਈ ਦਬਾਓ ਬਣਾਇਆ ਜਾ ਰਿਹਾ ਸੀ, ਗਲ ਕੀ ਹਰ ਪਾਸੇ ਹੀ ਮੰਤਰੀ ਅਹੁਦੇ ਦੀ ਕੁਰਸੀ ਲੈਣ ਲਈ  ਜੋੜ ਤੋੜ ਹੋ ਰਹੇ ਸਨ ਪਰ ਇਕ ਵਾਰ ਇਹ ਪ੍ਰਸਤਾਵਿਤ ਵਾਧਾ ਟਲਣ ਨਾਲ ਸਭ ਦੇ ਚਿਹਰਿਆਂ ਉਪਰ ਮਾਊਸੀ ਛਾ ਗਈ ਹੈ|
ਇਸੇ ਦੌਰਾਨ ਇਹ ਵੀ ਚਰਚਾ ਚਲ ਰਹੀ ਹੈ ਕਿ ਪੰਜਾਬ ਦੇ ਇਕ ਕੈਬਨਿਟ ਮੰਤਰੀ, ਜੋ ਕਿ ਕਾਂਗਰਸ ਹਾਈਕਮਾਂਡ ਦਾ ਨਜਦੀਕੀ ਹੈ ਅਤੇ ਜਿਸਨੇ  ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਰੇਤਾ ਕਾਂਡ ਦੀ ਜਾਣਕਾਰੀ ਲੀਕ ਕੀਤੀ ਸੀ, ਦੇ ਵਿਰੁਧ ਵੀ ਕਾਰਵਾਈ ਹੋ ਸਕਦੀ ਹੈ| ਇਹ ਵੀ ਕਿਹਾ ਜਾ ਰਿਹਾ ਹੈ ਕਿ ਮੰਤਰੀ ਮੰਡਲ ਦੇ ਵਿਸਤਾਰ ਸਮੇਂ ਕਈ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ|
ਅਸਲ ਵਿਚ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਠੰਡੀ ਜਿਹੀ ਪਈ ਸੀ ਪਰ ਰੇਤਾ ਕਾਂਡ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿਚ ਉਬਾਲ ਜਿਹਾ ਹੀ ਆ ਗਿਆ ਹੈ| ਜਿਥੇ ਵਿਰੋਧੀ ਧਿਰਾਂ ਕੈਬਨਿਟ ਮੰਤਰੀ ਰਾਣਾ  ਗੁਰਜੀਤ ਸਿੰਘ ਦੇ ਅਸਤੀਫੇ ਦੀ ਮੰਗ ਕਰ ਰਹੀਆਂ ਹਨ, ਉਥੇ ਹੀ ਕਾਂਗਰਸ ਸਰਕਾਰ ਵਲੋਂ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ| ਹਰ ਦਿਨ ਹੀ ਵੱਖ ਵੱਖ ਰਾਜਸੀ ਪਾਰਟੀਆਂ ਨਾਲ ਸਬੰਧਿਤ ਆਗੂ ਰੇਤਾ ਕਾਂਡ ਸਬੰਧੀ ਬਿਆਨਬਾਜੀ ਕਰ ਰਹੇ ਹਨ| ਇਸ ਕਾਰਨ ਲੱਗਦਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਬਜਟ ਸੈਸਨ ਦੌਰਾਨ ਮੁੱਖ .ਮੁੱਦਾ ਰੇਤਾ ਕਾਂਡ ਹੀ ਹੋਵੇਗਾ|

Leave a Reply

Your email address will not be published. Required fields are marked *