ਪੰਜਾਬ ਮੰਤਰੀ ਮੰਡਲ ਵਿੱਚ ਵਾਧਾ ਛੇਤੀ, ਸੱਤ ਹੋਰ ਨਵੇਂ ਮੰਤਰੀ ਬਣਾਏ ਜਾਣ ਦੀ ਸੰਭਾਵਨਾ

ਪੰਜਾਬ ਮੰਤਰੀ ਮੰਡਲ ਵਿੱਚ ਵਾਧਾ ਛੇਤੀ, ਸੱਤ ਹੋਰ ਨਵੇਂ ਮੰਤਰੀ ਬਣਾਏ ਜਾਣ ਦੀ ਸੰਭਾਵਨਾ
ਰਾਹੁਲ ਗਾਂਧੀ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਦਿੱਤੀ ਨਾਵਾਂ ਨੂੰ ਮੰਜੂਰੀ
ਚੰਡੀਗੜ੍ਹ, 3 ਅਪ੍ਰੈਲ (ਸ.ਬ.) ਪੰਜਾਬ ਮੰਤਰੀ ਮੰਡਲ ਦਾ ਪਿਛਲੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਵਾਧਾ ਛੇਤੀ ਹੀ ਹੋਣ ਦੀ ਸੰਭਾਵਨਾ ਬਣ ਗਈ ਹੈ| ਇਸ ਗੱਲ ਦੀ ਚਰਚਾ ਜੋਰਾਂ ਤੇ ਹੈ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਸੰਬੰਧੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਕੀਤੀ ਗਈ ਮੁਲਾਕਾਤ ਦੌਰਾਨ ਸ੍ਰੀ ਰਾਹੁਲ ਗਾਂਧੀ ਵਲੋਂ ਮੰਤਰੀ ਬਣਾਏ ਜਾਣ ਵਾਲੇ ਸੱਤ ਵਿਧਾਇਕਾਂ ਦੇ ਨਾਵਾਂ ਨੂੰ ਮੰਜੂਰੀ ਦੇ ਦਿੱਤੀ ਗਈ ਹੈ ਅਤੇ ਇਹਨਾਂ ਸੱਤ ਵਿਧਾਇਕਾਂ ਨੂੰ ਛੇਤੀ ਹੀ ਮੰਤਰੀ ਅਹੁਦੇ ਦੀ ਸੰਹੁ ਚੁਕਵਾਈ ਜਾ ਸਕਦੀ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਜਿਹਨਾਂ ਸੱਤ ਵਿਧਾਇਕਾਂ ਨੂੰ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਹੈ ਉਹਨਾਂ ਵਿੱਚ ਸ੍ਰੀ ਵਿਜੈਇੰਦਰ ਸਿੰਗਲਾ (ਸੰਗਰੂਰ), ਸ੍ਰੀ ਓ ਪੀ ਸੋਨੀ (ਅੰਮ੍ਰਿਤਸਰ ਕੇਂਦਰੀ), ਸੁਰਿੰਦਰ ਕੁਮਾਰ ਡਾਵਰ (ਲੁਧਿਆਨਾ ਕੇਂਦਰੀ), ਸੁਖਜਿੰਦਰ ਸਿੰਘ ਰੰਧਾਵਾ (ਡੇਰਾ ਬਾਬਾ ਨਾਨਕ), ਸੰਗਤ ਸਿੰਘ ਗਿਲਜੀਆਂ (ਉੜਮੁੜ), ਸੁਖਬਿੰਦਰ ਸਿੰਘ ਸਰਕਾਰੀਆ (ਰਾਜਾਸਾਂਸੀ) ਅਤੇ ਨੱਥੂ ਰਾਮ (ਬੱਲੂਆਣਾ) ਦੇ ਨਾਮ ਸ਼ਾਮਿਲ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਵਿੱਚ ਵਾਧੇ ਦੀ ਇਹ ਕਾਰਵਾਈ ਅਗਲੇ ਕੁੱਝ ਦਿਨਾਂ ਦੌਰਾਨ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ|
ਪੰਜਾਬ ਵਿਧਾਨਸਭਾ ਵਿੱਚ ਕੁਲ 117 ਮੈਂਬਰ ਹਨ ਅਤੇ ਇਸ ਹਿਸਾਬ ਨਾਲ ਪੰਜਾਬ ਵਿੱਚ ਮੁੱਖ ਮੰਤਰੀ ਸਮੇਤ ਕੁਲ 18 ਮੰਤਰੀ ਬਣ ਸਕਦੇ ਹਨ| ਮੁੱਖ ਮੰਤਰੀ ਵਲੋਂ ਆਪਣੇ ਅਹੁਦੇ ਦੀ ਸੰਹੁ ਚੁੱਕਣ ਵੇਲੇ ਆਪਣੇ ਨਾਲ 7 ਕੈਬਿਨਟ ਅਤੇ 2 ਰਾਜ ਮੰਤਰੀਆਂ ਨੂੰ ਆਪਣੇ ਨਾਲ ਸੰਹੁ ਚੁਕਵਾਈ ਸੀ| ਬਾਅਦ ਵਿੱਚ ਰੇਤ ਘੁਟਾਲੇ ਵਿੱਚ ਨਾਮ ਆਉਣ ਤੋਂ ਬਾਅਦ ਊਰਜਾ ਮੰਤਰੀ ਰਾਣ ਗੁਰਜੀਤ ਸਿੰਘ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ| ਇਸ ਵੇਲੇ ਮੰਤਰੀ ਮੰਡਲ ਵਿੱਚ ਕੁਲ 9 ਹੋਰ ਮੰਤਰੀ ਬਣਾਏ ਜਾ ਸਕਦੇ ਹਨ ਜਿਹਨਾਂ ਵਿੱਚੋਂ 7 ਮੰਤਰੀਆਂ ਨੂੰ ਅਗਲੇ ਕੁੱਝ ਦਿਨਾਂ ਦੌਰਾਨ ਸੰਹੁ ਚੁਕਵਾਈ ਜਾ ਸਕਦੀ ਹੈ| ਪ੍ਰਾਪਤ ਖਬਰਾਂ ਅਨੁਸਾਰ ਬਾਕੀ ਦੇ ਦੋ ਨਾਵਾਂ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ|

Leave a Reply

Your email address will not be published. Required fields are marked *