ਪੰਜਾਬ ਰਾਜ ਲਾਟਰੀ ਦੇ ਜੇਤੂਆਂ ਵੱਲੋਂ ਇਨਾਮੀ ਰਾਸ਼ੀ ਲਈ ਦਾਅਵੇ ਪੇਸ਼

ਪੰਜਾਬ ਰਾਜ ਲਾਟਰੀ ਦੇ ਜੇਤੂਆਂ ਵੱਲੋਂ ਇਨਾਮੀ ਰਾਸ਼ੀ ਲਈ ਦਾਅਵੇ ਪੇਸ਼
ਲੁਧਿਆਣਾ ਦੀ ਆਸ਼ਾ ਦੇਵੀ ਅਤੇ ਬੁਤਾਲਾ ਦਾ ਗੁਰਪ੍ਰੀਤ ਸਿੰਘ ਬਣੇ ਲੱਖਪਤੀ
ਚੰਡੀਗੜ੍ਹ, 9 ਜਨਵਰੀ (ਸ.ਬ.) ਪੰਜਾਬ ਸਰਕਾਰ ਦੀ ਮਹੀਨਾਵਾਰ ਤੇ ਹਫ਼ਤਾਵਾਰੀ ਲਾਟਰੀ ਯੋਜਨਾ ਨੇ ਅੰਮ੍ਰਿਤਸਰ ਦੇ ਪਿੰਡ ਬੁਤਾਲਾ ਦੇ ਗੁਰਪ੍ਰੀਤ ਸਿੰਘ ਅਤੇ ਲੁਧਿਆਣਾ ਦੀ ਸ੍ਰੀਮਤੀ ਆਸ਼ਾ ਦੇਵੀ ਨੂੰ ਲੱਖਪਤੀ ਬਣਾ ਦਿੱਤਾ ਹੈ| ਪੰਜਾਬ ਦੇ ਲਾਟਰੀ ਵਿਭਾਗ ਵੱਲੋਂ ਚਲਾਈ ਜਾ ਰਹੀ ਪੰਜਾਬ ਰਾਜ ਡੀਲਕਸ ਮਹੀਨਾਵਰ ਲਾਟਰੀ ਅਤੇ ਪੰਜਾਬ ਰਾਜ ਸ਼ੁਭ ਮੰਗਲ ਹਫ਼ਤਾਵਰੀ ਲਾਟਰੀ ਦੇ ਪਹਿਲਾ ਇਨਾਮ ਜੇਤੂ ਵਿਅਕਤੀਆਂ ਨੇ ਇਨਾਮੀ ਰਾਸ਼ੀ ਲਈ ਇਥੇ ਵਿਭਾਗ ਦੇ ਅਧਿਕਾਰੀਆਂ ਕੋਲ ਆਪਣੇ ਦਾਅਵੇ ਪੇਸ਼ ਕੀਤੇ ਹਨ|
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਡੀਲਕਸ ਮੰਥਲੀ ਲਾਟਰੀ ਸਕੀਮ ਦਾ ਡਰਾਅ 28 ਦਸੰਬਰ, 2018 ਨੂੰ ਕੱਢਿਆ ਗਿਆ ਸੀ ਅਤੇ 20 ਲੱਖ ਰੁਪਏ ਦਾ ਪਹਿਲਾ ਇਨਾਮ ਜੇਤੂ ਸ੍ਰੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੁਤਾਲਾ (ਅੰਮ੍ਰਿਤਸਰ) ਨੇ ਆਪਣਾ ਦਾਅਵਾ ਪੇਸ਼ ਕੀਤਾ ਹੈ| ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਸ਼ੁਭ ਮੰਗਲ ਵੀਕਲੀ ਲਾਟਰੀ, ਜਿਸ ਦਾ ਡਰਾਅ ਹਰੇਕ ਮੰਗਲਵਾਰ ਕੱਢਿਆ ਜਾਂਦਾ ਹੈ, ਦਾ ਡਰਾਅ 25 ਦਸੰਬਰ, 2018 ਨੂੰ ਕੱਢਿਆ ਗਿਆ ਸੀ| ਇਸ ਲਾਟਰੀ ਦਾ ਤਿੰਨ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀ ਲੁਧਿਆਣਾ ਵਾਸੀ ਸ੍ਰੀਮਤੀ ਆਸ਼ਾ ਦੇਵੀ ਨੇ ਵੀ ਆਪਣਾ ਕਲੇਮ ਲਾਟਰੀ ਵਿਭਾਗ ਵਿੱਚ ਜਮ੍ਹਾਂ ਕਰਾ ਦਿੱਤਾ ਹੈ|
ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਲਾਟਰੀਜ਼ ਵਿਭਾਗ ਵੱਲੋਂ ‘ਪੰਜਾਬ ਸਟੇਟ ਨਿਊ ਯੀਅਰ ਲੋਹੜੀ ਬੰਪਰ-2019’ ਯੋਜਨਾ ਚਲਾਈ ਜਾ ਰਹੀ ਹੈ, ਜਿਸ ਦਾ ਡਰਾਅ 16 ਜਨਵਰੀ, 2019 ਨੂੰ ਕੱਢਿਆ ਜਾਣਾ ਹੈ| ਪੰਜਾਬ ਦੇ ਲੋਕਾਂ ਵਿੱਚ ਲਾਟਰੀਜ਼ ਪ੍ਰਤੀ ਭਾਰੀ ਉਤਸ਼ਾਹ ਨੂੰ ਦੇਖਦਿਆਂ ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਜਲਦੀ ਹੋਲੀ ਬੰਪਰ-2019 ਮਾਰਕੀਟ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਨੂੰ ਕਰੋੜਾਂ ਰੁਪਏ ਦੇ ਇਨਾਮ ਜਿੱਤਣ ਦਾ ਮੌਕਾ ਮਿਲੇਗਾ|

Leave a Reply

Your email address will not be published. Required fields are marked *