ਪੰਜਾਬ ਰੋਡਵੇਜ਼ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਕਰੇ ਸਰਕਾਰ : ਸਾਂਝੀ ਐਕਸ਼ਨ ਕਮੇਟੀ

ਐਸ ਏ ਐਸ ਨਗਰ, 26 ਅਪ੍ਰੈਲ (ਸ.ਬ.) ਪੰਜਾਬ ਰੋਡਵੇਜ਼ ਮੁਲਾਜਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਸਥਾਨਕ ਫੇਜ਼ 6 ਵਿੱਚ ਧਰਨਾ ਦਿੱਤਾ ਗਿਆ| ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਰੋਡਵੇਜ਼ ਆਗੂਆਂ ਨੇ ਕਿਹਾ ਕਿ ਰੋਡਵੇਜ ਮੁਲਾਜਮਾਂ ਦੀਆਂ ਲੰਮੇ ਸਮੇਂ ਤੋਂ ਲਮਕ ਰਹੀਆਂ ਮੰਗਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਰੋਡਵੇਜ਼ ਮੁਲਾਜਮਾਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ| ਉਹਨਾਂ ਕਿਹਾ ਕਿ ਪੰਜਾਬ ਰੋਡਵੇਜ਼ ਵਿੱਚ ਸਰਕਾਰ ਵਲੋਂ ਲੰਮੇ ਸਮੇਂ ਤੋਂ ਨਵੀਆਂ ਬੱਸਾਂ ਨਹੀਂ ਪਾਈਆਂ ਜਾ ਰਹੀਆਂ, ਜਦੋਂ ਕਿ ਪੀ ਆਰ ਟੀ ਸੀ ਵਿੱਚ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ| ਉਹਨਾਂ ਕਿਹਾ ਕਿ ਜਿਹੜੀਆਂ ਪਨ ਬੱਸਾਂ ਕਰਜਾ ਮੁਕਤ ਹੋ ਗਈਆਂ ਹਨ ਉਹਨਾਂ ਨੂੰ ਵੀ ਲੰਮੇ ਸਮੇਂ ਤੋਂ ਪੰਜਾਬ ਰੋਡਵੇਜ਼ ਵਿੱਚ ਨਹੀਂ ਭੇਜਿਆ ਜਾ ਰਿਹਾ, ਜਿਸ ਕਾਰਨ ਪੰਜਾਬ ਰੋਡਵੇਜ ਵਿੱਚ ਬੱਸਾਂ ਦੀ ਗਿਣਤੀ ਦਿਨੋਂ ਦਿਨ ਘੱਟਦੀ ਜਾ ਰਹੀ ਹੈ|
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸਾਲ 1990 ਤੋਂ ਬਾਅਦ ਦੀਆਂ ਸਾਰੀਆਂ ਟਰਾਂਸਪੋਰਟ ਪਾਲਿਸੀਆਂ ਰੱਦ ਕਰਕੇ ਗੈਰਕਾਨੂੰਨੀ ਚਲਦੀਆਂ ਬੱਸਾਂ ਨੂੰ ਬੰਦ ਕਰਨ ਦੇ 20 ਦਸੰਬਰ 2016 ਦੇ ਹੁਕਮਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਦੀਆਂ ਨੀਤੀਆਂ ਉਪਰ ਚਲਦੀ ਹੋਈ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਨੂੰ ਬੰਦ ਕਰਨ ਦੇ ਰਾਹ ਪਈ ਹੋਈ ਹੈ ਤਾਂ ਕਿ ਪ੍ਰਾਈੇਵੇਟ ਬੱਸਾਂ ਵਾਲਿਆਂ ਦਾ ਫਾਇਦਾ ਹੋ ਸਕੇ| ਉਹਨਾਂ ਕਿਹਾ ਕਿ ਸਰਕਾਰ ਨੇ ਨਵੀਂ ਟਰਾਂਸਪੋਰਟ ਪਾਲਿਸੀ ਵਿੱਚ ਵੀ ਸਟੇਟ ਹਾਈਵੇ ਉਪਰ ਐਸ ਟੀ ਯੂ ਦਾ ਸ਼ੇਅਰ 60 ਫੀਸਦੀ ਤੋਂ ਘਟਾ ਕੇ 40 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਨੈਸ਼ਨਲ ਹਾਈਵੇ ਉਪਰ 75 ਫੀਸਦੀ ਤੋਂ ਘਟਾ ਕੇ 50 ਫੀਸਦੀ ਕਰਕੇ ਐਸ ਟੀ ਯੂ ਨੂੰ ਵੱਡਾ ਖੋਰਾ ਲਗਾਇਆ ਹੈ| ਉਹਨਾਂ ਕਿਹਾ ਕਿ ਸਾਰੇ ਪੰਜਾਬ ਵਿੱਚ ਹੀ ਨਾਜਾਇਜ਼ ਬੱਸਾਂ ਬਿਨਾਂ ਕਿਸੇ ਡਰ ਭੈਅ ਦੇ ਚਲ ਰਹੀਆਂ ਹਨ| ਪ੍ਰਾਈਵੇਟ ਬੱਸਾਂ ਵਾਲਿਆਂ ਵਲੋਂ ਇੱਕ ਹੀ ਪਰਮਿਟ ਉਪਰ ਤਿੰਨ ਤਿੰਨ ਬੱਸਾਂ ਚਲਾਈਆਂ ਜਾ ਰਹੀਆਂ ਹਨ|
ਉਹਨਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਨੇ ਠੇਕੇ ਉਪਰ ਕੰਮ ਕਰਦੇ ਮੁਲਾਜਮਾਂ ਨੂੰ ਤਿੰਨ ਸਾਲਾਂ ਬਾਅਦ ਪੱਕੇ ਕਰਨ ਦਾ ਕਾਨੂੰਨ ਬਣਾਇਆ ਸੀ ਪਰ ਮੌਜੂਦਾ ਕਾਂਗਰਸ ਸਰਕਾਰ ਨੇ ਇਸ ਕਾਨੂੰਨ ਨੂੰ ਵੀ ਲਾਗੂ ਨਹੀਂ ਕੀਤਾ| ਭਰਤੀ ਮੁਲਾਜਮਾਂ ਦੀ ਤਨਖਾਹ ਸੀ ਟੀ ਯੂ ਪੈਟਰਨ ਤੇ ਕਰਨ ਸਬੰਧੀ ਵੀ ਭੰਬਲਭੂਸਾ ਬਣਿਆ ਹੋਇਆ ਹੈ|
ਉਹਨਾਂ ਕਿਹਾ ਕਿ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 21 ਮਈ ਨੂੰ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ ਅਤੇ 23 ਮਈ ਨੂੰ ਪੰਜਾਬ ਰੋਡਵੇਜ ਅਤੇ ਪਨ ਬੱਸ ਕਾਮੇ ਹੜਤਾਲ ਕਰਕੇ ਸਾਰੇ ਪੰਜਾਬ ਵਿੱਚ ਬੱਸਾਂ ਦਾ ਚੱਕਾ ਜਾਮ ਕਰਨਗੇ|
ਉਹਨਾਂ ਮੰਗ ਕੀਤੀ ਕਿ ਮ੍ਰਿਤਕ ਮੁਲਾਜਮਾਂ ਦੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਠੇਕੇ ਉਪਰ ਕੰਮ ਕਰਦੇ ਮੁਲਾਜਮ ਪੱਕੇ ਕੀਤੇ ਜਾਣ, ਪੰਜਾਬ ਰੋਡਵੇਜ਼ ਵਿੱਚ ਨਵੀਆਂ ਬੱਸਾਂ ਪਾਈਆਂ ਜਾਣ, ਪੰਜਾਬ ਰੋਡਵੇਜ ਵਿਚੋਂ ਭ੍ਰਿਸ਼ਾਚਾਰ ਖਤਮ ਕੀਤਾ ਜਾਵੇ|
ਇਸ ਮੌਕੇ ਮੁਲਾਜਮ ਆਗੂ ਸੁਰਿੰਦਰ ਸਿੰਘ, ਜਗਦੀਸ਼ ਸਿੰਘ, ਅਵਤਾਰ ਸਿੰਘ, ਸਲਵਿੰਦਰ ਕੁਮਾਰ, ਸ਼ਾਮ ਸਿੰਘ, ਪ੍ਰਵੀਨ ਕੁਮਾਰ, ਬਲਜੀਤ ਸਿੰਘ, ਗੁਰਜੀਤ ਸਿੰਘ, ਰਜਿੰਦਰ ਸਿੰਘ, ਰਸ਼ਪਾਲ ਸਿੰਘ, ਰਜਿੰਦਰ ਕੁਮਾਰ, ਰਣਬੀਰ ਸਿੰਘ ਢਿੱਲੋਂ, ਅਮਰੀਕ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *