ਪੰਜਾਬ ਵਾਸੀਓ! ਇਸ ਵਾਰ ਆਪਣੇ ਅੰਤਰ-ਮਨ ਦੀ ਸੁਣਿਓ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ-2017 ਦਾ ਬਿਗਲ ਵੱਜ ਚੁੱਕਿਆ ਹੈ| ਸਿਆਸੀ ਪਾਰਟੀਆਂ ਆਪਣੇ ਪੂਰੇ ਦਮ-ਖ਼ਮ ਨਾਲ ਆਪਣੇ ਆਪਣੇ ਮਨਮੋਹਣੇ ਚੋਣ-ਮੈਨੀਫੈਸਟੋ ਦੇ ਜਾਲ ਸੁੱਟਕੇ ਵੋਟਰਾਂ ਨੂੰ ਲੁਭਾਣ ਲਈ ਚੋਣ ਰਣ-ਖੇਤਰ ਵਿੱਚ ਕੁੱਦ ਚੁਕੀਆਂ ਹਨ| ਅਜਿਹਾ ਸੀਨ ਹਰ ਪੰਜ ਸਾਲਾਂ ਬਾਅਦ ਲਗਭਗ ਪਿਛਲੇ 70 ਸਾਲਾਂ ਤੋਂ ਦੁਹਰਾਇਆ ਜਾ ਰਿਹਾ ਹੈ| ਵੋਟਰ ਹਰ ਵਾਰ ਦੀ ਤਰ੍ਹਾਂ ਦਿਖਾਏ ਗਏ ਸਿਆਸੀ ਸਬਜ਼ ਬਾਗ਼ ਦੇ ਝਾਂਸੇ ਵਿੱਚ ਆ ਕੇ ਆਪਣੀ ਵਾਗਡੋਰ ਨੇਤਾਵਾਂ ਦੇ ਹੱਥ ਵਿੱਚ ਦੇਣ ਲਈ ਇਸ ਆਸ ਦੇ ਸਹਾਰੇ ਆਪਣੇ ਜੀਵਨ ਦੇ ਕੀਮਤੀ ਪੰਜ ਸਾਲ ਦਾਅ ਤੇ ਲਾਉਣ ਲਈ ਤਿਆਰ ਬੈਠੇ ਹਨ ਕਿ ਸ਼ਾਇਦ ਂਇਸ ਵਾਰ ਉਹਨਾਂ ਦੀ ਕੋਈ ਸੁਧ ਲੈ ਲਵੇ|
ਭਾਵੇਂ ਪਿੰਡ-ਸ਼ਹਿਰ ਤੇ ਪ੍ਰਦੇਸ਼ ਦੇ ਵਿਕਾਸ ਦੀ ਸਪੀਡ ਆਪਣੀ ਕਛੂਏ ਵਾਲੀ ਚਾਲ ਨਾਲ ਪਿਛਲੇ 70 ਸਾਲਾਂ ਤੋਂ ਨਿਰੰਤਰ ਉਸੇ ਸਪੀਡ ਵਿੱਚ ਹੈ ਪਰ ਇਸ ਨਿਗੁਣੇ ਵਿਕਾਸ ਦੇ ਬਿਲਕੁਲ ਉਲਟ 90-95Üਪ੍ਰਤਿਸ਼ਤ ਨੇਤਾਵਾਂ ਦੇ ਨਿੱਜੀ ਜੀਵਨ ਪੱਧਰ ਦੀ ਵਿਕਾਸ ਦਰ ਦੇਖਦਿਆਂ ਹੀ ਦੇਖਦਿਆਂ ਆਸਮਾਨ ਨੂੰ ਛੂਹ ਜਾਣ ਤੱਕ ਪੁੱਜ ਜਾਂਦੀ ਹੈ|
ਅਜਿਹਾ ਇਸ ਲਈ ਵਾਪਰ ਰਿਹਾ ਹੈ ਕਿ ਭਾਰਤ ਦੇ ਆਜ਼ਾਦ ਹੋਇਆਂ ਨੂੰ ਲਗਭਗ 70 ਸਾਲ ਬੀਤ ਜਾਣ ਤੋਂ ਬਾਅਦ ਵੀ ਅਸੀਂ ਭਾਰਤੀ ਵੋਟਰ ਆਮ ਤੌਰ ਤੇ ਮਾਨਸਿਕ ਤੇ ਦਿਮਾਗੀ ਤੌਰ ਤੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕੇ| ਅਸੀਂ ਕਦੇ ਧਰਮ ਪਿੱਛੇ, ਕਦੇ ਬੋਲੀ ਪਿੱਛੇ, ਕਦੇ ਜਾਤ-ਪਾਤ ਪਿੱਛੇ ਵੰਡੇ ਗਏ ਅਤੇ ਕਦੇ ਕੋਈ ਲਾਲਚ ਪਿੱਛੇ ਵਿਕ ਗਏ ਪਰ ਅਸੀਂ ਕਦੇ ਆਪਣੀ ਕੀਮਤੀ ਵੋਟ ਦੀ ਅਸਲ ਕੀਮਤ ਦੀ ਪਹਿਚਾਣ ਨਹੀਂ ਕੀਤੀ| ਵੋਟਰ ਲੰਬੇ   ਸਮੇਂ ਤੋਂ ਬਾਅਦ ਵੀ ਤਰਸ ਦਾ ਪਾਤਰ ਰਿਹਾ ਹੈ ਤੇ ਉਹਨਾਂ ਦੀ ਵੋਟ ਨਾਲ ਖੇਡਣ ਵਾਲੇ ਰਾਤੋਂ-ਰਾਤ ਸ਼ਾਹੂਕਾਰ ਬਣ ਗਏ| ਜੇ ਅਸੀਂ ਜਾਗਾਂਗੇ ਹੀ ਨਹੀਂ ਤਾਂ ਸਾਡੀ ਸਵੇਰ ਕਿਵੇਂ ਹੋਵੇਗੀ ਤੇ ਸਾਡਾ ਵਿਕਾਸ ਕਿਵੇਂ ਹੋਵੇਗਾ
ਵੱਧ ਰਹੀ ਮਹਿੰਗਾਈ ਤੇ    ਬੇਰੁਜ਼ਗਾਰੀ, ਹਰ ਚੀਜ਼ ਵਿੱਚ ਮਿਲਾਵਟ, ਰਿਸ਼ਵਤਖ਼ੋਰੀ,ਨਕਲੀ ਦਵਾਈਆਂ, ਨਕਲੀ ਟੀਕੇ, ਮਹਿੰਗੀਆਂ ਸਿਹਤ-ਸੁਵਿਧਾਵਾਂ, ਟੁੱਟੀਆਂ ਸੜਕਾਂ, ਫੈਲ ਰਿਹਾ ਅਸੰਤੋਸ਼, ਮਹਿੰਗੀ ਨਿਆਂ-ਪਰਨਾਲੀ ਤੇ ਵੱਧ ਰਿਹਾ ਨਸ਼ਿਆਂ ਦਾ ਰੁਝਾਨ ਸਾਡੇ ਸਮਾਜ ਤੇ ਦੇਸ਼ ਨੂੰ ਖੋਖਲਾ ਬਣਾ ਰਿਹਾ ਹੈ| ਕਾਨੂੰਨ ਦੀ ਰਾਖੀ ਕਰਨ ਵਾਲੀ ਪੁਲਿਸ-ਸ਼ਕਤੀ ਸਿਆਸੀ ਪਹੁੰਚ ਵਾਲ਼ਿਆਂ ਦਾ ਦਮ ਭਰਨ ਲਈ ਮਜ਼ਬੂਰ ਹੋਈ ਦਿਖਾਈ ਦਿੰਦੀ ਹੈ|
ਇਹ ਇਸ ਲਈ ਹੋ ਰਿਹਾ ਹੈ ਕਿ ਇਮਾਨਦਾਰ,ਨੇਕ,ਪੜ੍ਹਿਆ-ਲਿਖਿਆ ਤੇ ਭਾਰਤੀ ਸੰਵਿਧਾਨ ਦੀ ਪਾਲਨਾ ਕਰਨ ਵਾਲਾ ਹਰ ਚੰਗਾ ਸ਼ਹਿਰੀ ਸਿਆਸਤ ਤੋਂ ਦੂਰ ਰਹਿਣਾ ਹੀ ਪਸੰਦ ਕਰਦਾ ਹੈ ਤੇ ਲਾਈਨ ਵਿੱਚ ਲੱਗ ਕੇ ਆਪਣੀ ਵੋਟ ਦੀ ਵਰਤੋਂ ਕਰਨ ਤੋਂ ਵੀ ਅਕਸਰ ਸੰਕੋਚ ਕਰਦਾ ਹੈ| ਸਿਆਸੀ ਪਾਰਟੀਆਂ ਵੀ ਆਮ ਤੌਰ ਤੇ ਪੈਸੇ ਵਾਲੇ ਉਮੀਦਵਾਰਾਂ ਨੂੰ ਹੀ ਪਾਰਟੀ ਦੀ ਟਿਕਟ ਦੇ ਕੇ ਚੋਣ ਲੜਾਉਣਾ ਪਸੰਦ ਕਰਦੀਆਂ ਹਨ| ਸਵੱਛ ਤੇ ਇਮਾਨਦਾਰੀ ਦਾ ਰਾਜ ਸਥਾਪਿਤ ਕਰਨ ਲਈ ਸਿਆਸੀ ਪਾਰਟੀਆਂ ਨੂੰ ਇਲਾਕੇ ਦੇ ਚੰਗੇ, ਇਮਾਨਦਾਰ, ਨੇਕ ਤੇ ਪੜ੍ਹੇ-ਲਿਖੇ ਉਮੀਦਵਾਰਾਂ ਦੀ ਚੋਣ ਕਰਕੇ ਇਲੈਕਸ਼ਨ ਲੜਾਉਣੀ ਚਾਹੀਦੀ ਹੈ ਤਾਂ ਜੋ ਪ੍ਰਾਂਤ ਅਤੇ ਦੇਸ਼ ਵਿੱਚ ਇਮਾਨਦਾਰ ਲੋਕਾਂ ਦੀ ਸਰਕਾਰ ਸਥਾਪਿਤ ਹੋ ਸਕੇ|
ਜੋ ਦੇਸ਼ ਅੱਜ ਦੁਨੀਆ ਵਿੱਚ ਵਿਕਸਿਤ ਮੰਨੇ ਜਾਂਦੇ ਹਨ ਉਹਨਾਂ     ਦਾ ਆਧਾਰ ਇਮਾਨਦਾਰੀ, ਸੱਚਾਈ, ਸੂਝਤਾ, ਹਿੰਮਤ-ਮਿਹਨਤ ਤੇ ਸੱਚੀ     ਦੇਸ-ਭਗਤੀ ਵਾਲਾ ਹੈ| ਉਹਨਾਂ ਦੇਸ਼ਾਂ ਦੀਆਂ ਸੜਕਾਂ, ਪੁਲ, ਇਮਾਰਤਾਂ, ਉਦਯੋਗ ਖੇਤੀ ਦਾ ਕਾਰੋਬਾਰ ਤੇ ਦੇਸ਼ ਵਿੱਚ ਹੋਇਆ ਚੌਂਹ-ਮੁਖੀ ਵਿਕਾਸ ਆਪਣਾ ਗੁਣ-ਗਾਇਨ ਆਪ ਕਰਦਾ ਦਿਖਾਈ ਦਿੰਦਾ ਹੈ| ਲੋਕਾਂ ਦਾ ਜੀਵਨ ਪੱਧਰ ਹਰ ਪੱਖੋਂ ਖੁਸ਼ਹਾਲ, ਤੰਦਰੁਸਤ, ਸੁਖੀ ਤੇ ਆਨੰਦ ਮਈ ਹੈ| ਪ੍ਰਸ਼ਾਸਨ ਪੂਰੀ ਇਮਾਨਦਾਰੀ ਨਾਲ ਲੋਕਾਂ ਦੀਆਂ ਸਹੂਲਤਾਂ ਅਤੇ ਸੇਵਾ ਲਈ ਹਾਜ਼ਰ ਰਹਿੰਦਾ ਹੈ| ਕਦੇ ਵੀ ਕੋਈ ਬਦਅਮਨੀ, ਮਜ਼੍ਹਬੀ ਦੰਗੇ-ਫਸਾਦ ਅਤੇ ਰੋਸ-ਮੁਜ਼ਾਹਰੇ ਹੁੰਦੇ ਨਹੀਂ ਸੁਣੇ| ਹਰ ਨਾਗਰਿਕ ਸੁਖ-ਚੈਨ ਤੇ ਅਮਨ-ਖ਼ੁਸ਼ੀ ਦੀ ਬੇਫ਼ਿਕਰ ਜ਼ਿੰਦਗੀ ਜੀਅ ਰਿਹਾ ਹੈ|
ਸਾਡੇ ਦੇਸ਼ ਵਿੱਚ ਹਰ ਵਕਤ ਡਰ ਤੇ ਬਦਅਮਨੀ ਦਾ ਮਾਹੌਲ ਬਣਿਆਂ ਰਹਿੰਦਾ ਹੈ| ਕਦੋਂ ਕੋਈ ਮਜ਼੍ਹਬੀ ਦੰਗਾ-ਫਸਾਦ ਭੜਕ ਜਾਵੇ ਇਹ ਕੋਈ ਨਹੀਂ ਜਾਣਦਾ| ਰੋਸ-ਮੁਜ਼ਾਹਰੇ, ਲੜਾਈ-ਝਗੜੇ, ਕਿਸੇ ਵੀ ਸਮੇਂ ਸੜਕਾਂ ਤੇ ਰੇਲ ਰਸਤਿਆਂ ਨੂੰ ਜਾਮ ਕਰ ਦੇਣਾ, ਸਾੜ-ਫੂਕ ਸ਼ੁਰੂ ਕਰ        ਦੇਣੀ ਅਤੇ ਸ਼ਹਿਰ ਦੇ ਬਾਜ਼ਾਰਾਂ ਨੂੰ ਅਚਾਨਕ ਬੰਦ ਕਰਵਾਕੇ ਸ਼ਾਂਤੀ ਭੰਗ ਕਰ ਦੇਣੀ ਵਰਗੀਆਂ ਖ਼ਬਰਾਂ, ਅਖ਼ਬਾਰਾਂ ਦੀਆਂ ਨਿੱਤ ਦੀਆਂ ਸੁਰਖ਼ੀਆਂ ਬਣੀਆਂ ਰਹਿੰਦਿਆਂ ਹਨ| ਅਜਿਹੇ ਨਿੱਤ ਦੇ ਦੂਸ਼ਿਤ ਮਾਹੌਲ ਵਿੱਚ ਦੇਸ਼ ਕਿਵੇਂ ਵਿਕਾਸ ਦੇ ਰਾਹੇ ਪੈ ਸਕਦਾ ਹੈ? ਅਜਿਹੇ ਮੰਦਭਾਗੇ ਹਾਲਾਤ ਪੈਦਾ ਕਰਨ ਪਿੱਛੇ ਕਿਹੜੀਆਂ ਸ਼ਕਤੀਆਂ ਦਾ ਹੱਥ ਹੈ ? ਇਹ ਖੇਡ ਇਕ ਅਣਬੁਝੀ ਬੁਝਾਰਤ ਬਣਕੇ ਰਹਿ ਜਾਂਦੀ ਹੈ|
ਦੇਸ਼ ਤੇ ਸੂਬਿਆਂ ਦੀ ਤਰੱਕੀ ਤੇ ਅਮਨ-ਅਮਾਨ ਲਈ ਦੇਸ਼-ਹਿਤ ਦੀ ਇਮਾਨਦਾਰ ਰਾਜਨੀਤੀ ਅਪਨਾਉਣੀ ਬੇਹੱਦ ਜ਼ਰੂਰੀ ਹੈ| ਸਿਆਸੀ ਪਾਰਟੀਆਂ ਨੂੰ ਨੇਕ ਨੀਤੀ ਨਾਲ ਪੜ੍ਹੇ-ਲਿਖੇ ਸੂਝਵਾਨ ਤੇ ਇਮਾਨਦਾਰ ਉਮੀਦਵਾਰਾਂ ਦੀ ਚੋਣ ਕਰਕੇ ਇਲੈਕਸ਼ਨ ਲੜਾਉਣੀ ਚਾਹੀਦੀ ਹੈ| ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ਵਿੱਚ ਜੋ ਵੀ ਮੈਂਬਰ ਚੁਣਿਆਂ ਜਾਵੇ ਉਸਦਾ ਦਾਮਨ ਪੂਰੀ ਤਰ੍ਹਾਂ ਸਾਫ਼-ਪਾਕ ਤੇ ਦੇਸ਼-ਭਗਤੀ ਦੀ ਭਾਵਨਾ ਭਰਪੂਰ ਹੋਵੇ ਤਾਂ ਜੋ ਉਹਨਾਂ ਦੀ ਚੰਗੀ ਅਤੇ ਉਸਾਰੂ ਸੋਚ ਨਾਲ ਸਹੀ ਅਰਥਾਂ ਵਿੱਚ ਦੇਸ਼ ਦਾ ਵਿਕਾਸ ਹੋ ਸਕੇ|
ਹੁਣ ਤੱਕ ਦੀ ਰਾਜਨੀਤੀ ਦਾ ਉਪਯੋਗ ਅਕਸਰ ਨਿੱਜੀ ਆਰਥਿਕ ਲਾਭ ਅਤੇ ਆਪਣਾ ਸਮਾਜਿਕ ਰੁਤਬਾ ਉੱਚਾ ਕਰਨ ਲਈ ਹੀ ਹੁੰਦਾ ਆਇਆ ਹੈ| ਜਦੋਂ ਕਿ ਅਸਲ ਰਾਜਨੀਤੀ ਦੀ ਬੁਨਿਆਦ ਲੋਕ ਸੇਵਾ ਅਤੇ ਸੱਚੀ ਦੇਸ਼-ਭਗਤੀ ਦੀ ਭਾਵਨਾ ਨਾਲ ਜੁੜੀ ਹੋਈ ਹੋਣੀ ਚਾਹੀਦੀ ਹੈ| ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਦੇਸ਼-ਭਗਤਾਂ ਦੀ ਸੋਚ ਬਿਨਾ ਕਿਸੇ ਲੋਭ-ਲਾਲਚ ਦੇ ਸਿਰਫ ਲੋਕ-ਹਿਤ ਤੇ ਦੇਸ਼ ਦੇ ਭਲੇ ਲਈ ਸੀ|
ਆਜ਼ਾਦ ਦੇਸ਼ ਵਿੱਚ ਹੁਣ ਤੱਕ ਜੋ ਵੀ ਵੱਡੇ-ਵੱਡੇ ਘੋਟਾਲੇ ਹੋਏ ਹਨ ਉਹਨਾਂ ਘੋਟਾਲਿਆਂ ਨੂੰ ਕਰਨ ਵਾਲੇ ਅਤੇ ਉਹਨਾਂ ਘੋਟਾਲਿਆਂ ਉਤੇ ਪਰਦਾ ਪਾਉਣ ਵਾਲੇ ਭਾਰਤ ਦੇ ਹਿਤੈਸ਼ੀ ਨਹੀਂ ਹੋ ਸਕਦੇ| ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੇ ਹੁਣ ਤੱਕ ਦੀਆਂ ਸਰਕਾਰਾਂ ਪੂਰੀ ਇਮਾਨਦਾਰੀ ਨਾਲ ਲੋਕ-ਹਿਤ ਤੇ ਦੇਸ਼-ਹਿਤ ਲਈ ਸਮਰਪਿਤ ਹੁੰਦੀਆਂ ਤਾਂ ਭਾਰਤ ਵੀ ਅੱਜ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਖੜਾ ਹੋਇਆ ਦਿਖਾਈ ਦਿੰਦਾ|
ਪੰਜਾਬ ਦੀ ਹਾਲਤ ਅੱਜ ਜੇ ਚਿੰਤਾਜਨਕ ਹੈ ਤਾਂ ਉਸਦੇ ਦੋਸ਼ੀ ਕਿਤੇ ਨਾ ਕਿਤੇ ਅਸੀਂ ਵੀ ਹਾਂ| ਅਸੀਂ ਵੀ ਬਿਨਾ ਕਿਸੇ ਡੂੰਘੇ ਅਧਿਅਨ ਦੇ, ਕਦੇ ਜਾਤ ਪਾਤ ਪਿੱਛੇ ਲਗਕੇ,ਕਦੇ ਆਪਣੇ ਆਪਣੇ ਧਰਮ ਦਾ ਪੱਖ ਲੈ ਕੇ, ਕਦੇ ਲਿਹਾਜ਼ਦਾਰੀ ਤੇ ਰਿਸ਼ਤੇਦਾਰੀ ਦੇ ਦਬਾਅ ਵਿੱਚ ਆ ਕੇ ਅਤੇ ਕਿਸੇ ਲਾਲਚ ਦੇ ਵੱਸ ਪੈ ਕੇ ਆਪਣੀ ਵੋਟ ਦੀ ਤਾਕਤ ਦਾ ਸਹੀ ਉਪਯੋਗ ਨਾ ਕਰਕੇ ਆਪਣੇ ਪੰਜਾਬ ਤੇ ਆਪਣੇ ਆਪ ਨਾਲ ਸਹੀ ਇਨਸਾਫ ਨਹੀਂ ਕੀਤਾ| ਜਦੋਂ ਕਿ ਅਸੀਂ ਛੋਟੀ ਤੋਂ ਛੋਟੀ ਚੀਜ਼ ਖਰੀਦਣ ਲਈ ਸੌ ਵਾਰੀ ਪਰਖ-ਪੜਚੋਲ ਕਰਦੇ ਹਾਂ ਪਰ ਆਪਣੇ ਪਰਿਵਾਰ, ਸੂਬੇ ਅਤੇ ਦੇਸ਼ ਦੀ ਬੇਹਤਰੀ ਵਰਗੇ ਬਹੁਤ ਹੀ ਅਹਿਮ ਮੁੱਦਿਆਂ ਤੇ ਸੰਜੀਦਗੀ ਨਾਲ ਗੌਰ ਕਿਉਂ ਨਹੀਂ       ਕਰਦੇ ? ਸਾਨੂੰ ਵੀ ਆਪਣੇ ਨੇਤਾਵਾਂ ਦੀ ਚੋਣ ਬੇਹੱਦ ਸੰਜੀਦਗੀ ਤੇ ਸਿਆਣਪ ਨਾਲ ਕਰਨੀ ਚਾਹੀਦੀ ਹੈ| ਜੇਕਰ ਕੋਈ ਸਰਕਾਰੀ ਕਰਮਚਾਰੀ ਦੀ ਕਿਸੇ ਛੋਟੀ-ਮੋਟੀ ਗਲਤੀ ਪਿੱਛੇ ਉਸਨੂੰ ਲਾਈਨ ਹਾਜ਼ਿਰ, ਸਸਪੈਂਡ ਜਾਂ ਡਿਸਮਿਸ ਤੱਕ ਕੀਤਾ ਜਾ ਸਕਦਾ ਹੈ ਤਾਂ ਰਾਜ ਨੇਤਾਵਾਂ ਦੀਆਂ ਕੀਤੀਆਂ ਵਡੀਆਂ ਵਡੀਆਂ ਭੁਲਾਂ ਨੂੰ ਕਿਉਂ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ?
ਪੰਜਾਬ ਵਾਸੀ ਵੋਟਰੋ 70 ਸਾਲਾਂ ਦੀ ਲੰਬੀ ਨੀਂਦ ਤੋਂ ਬਾਅਦ ਹੁਣ ਤਾਂ ਚੰਗੀ ਤਰ੍ਹਾਂ ਅੱਖਾਂ ਖੋਲ੍ਹਕੇ ਆਪਣਾ ਮੁਕੱਦਰ ਆਪ ਲਿਖੋ| ਪਰਿਵਾਰ ਵਿੱਚ ਬੈਠਕੇ,  ਖੁੰਡਾਂ, ਸਭਾ-ਸੋਸਾਇਟੀਆਂ ਵਿੱਚ ਂਇਕੱਠੇ ਹੋ ਕੇ ਤੇ ਦੋਸਤਾਂ-ਯਾਰਾਂ ਨਾਲ ਸਲਾਹ-ਮਸ਼ਵਰਾ ਕਰ ਕੇ, ਇਕ ਮਨ ਇਕ ਚਿੱਤ ਹੋ ਕੇ ਪੰਜਾਬ ਦੇ ਭਲੇ ਲਈ ਇਹਨਾਂ 2017 ਦੀਆਂ ਚੋਣਾਂ ਵਿੱਚ ਆਪਣੀ ਵੋਟ ਦੀ ਤਾਕਤ ਦਾ ਚੰਗਾ ਪ੍ਰਦਰਸ਼ਨ ਕਰ ਜਾਵੋ ਤਾਂ ਜੋ ਅਸਲ ਲੋਕ-ਰਾਜ ਦੀ ਤਸਵੀਰ ਸਾਹਮਣੇ ਆ ਸਕੇ| ਪੰਜਾਬ ਵਾਸੀਓ ! ਇਸ ਵਾਰ ਹੋਣ ਜਾ ਰਹੀ ਨਿਰਣਾਇਕ ਚੋਣ ਵਿੱਚ ਆਪਣੇ ਅੰਤਰ ਮਨ ਦੀ ਸੱਚੀ ਆਵਾਜ਼ ਸੁਣਕੇ ਵੱਧ ਤੋਂ ਵੱਧ ਵੋਟ ਪਾਓ ਅਤੇ ਉਹਨਾਂ ਭੋਲੇ-ਭਾਲੇ ਲੋਕਾਂ ਨੂੰ ਵੀ ਜਿਨ੍ਹਾਂ ਨੂੰ ਕਿ ਆਪਣੀ ਵੋਟ ਦੀ ਤਾਕਤ ਦਾ ਕੋਈ ਬਹੁਤਾ ਗਿਆਨ ਨਹੀਂ ਉਹਨਾਂ ਨੂੰ ਵੋਟ ਦੀ ਅਸਲ ਕਦਰ-ਕੀਮਤ ਤੋਂ ਜਾਣੂ ਕਰਵਾਓ ਕਿ ਉਹਨਾਂ ਦਾ ਮੁਕੱਦਰ ਤੱਕ ਬਦਲ ਦੇਣ ਵਾਲੀ ਵਡਮੁੱਲੀ ਵੋਟ ਨੂੰ ਕੁਝ ਕੂ ਲਾਲਚ ਪਿੱਛੇ ਬੇਕਾਰ ਕਰਕੇ ਆਪਣੇ ਆਪ ਨਾਲ ਧੋਖਾ ਨਾ ਹੋਣ ਦਿਓ| ਇਕ ਚੰਗਾ, ਇਮਾਨਦਾਰ ਤੇ ਇਨਸਾਫ਼ ਪਸੰਦ ਲੋਕ ਰਾਜ ਸਥਾਪਿਤ ਕਰਨ ਵਿੱਚ ਯੋਗਦਾਨ ਪਾਉਣਾ ਵੀ ਇਕ ਤਰ੍ਹਾਂ ਦੀ ਦੇਸ਼ ਭਗਤੀ ਹੀ ਹੈ|
ਗੁਰਦਰਸ਼ਨ ਬੱਲ
ਮੋ:8289055047

Leave a Reply

Your email address will not be published. Required fields are marked *