ਪੰਜਾਬ ਵਿਚ ਸਰਕਾਰੀ ਛੁੱਟੀਆਂ ਨੂੰ ਘਟਾਉਣ ਦੀ ਲੋੜ ਮਹਿਸੂਸ ਹੋਣ ਲੱਗੀ

ਪੰਜਾਬ ਵਿਚ ਸਰਕਾਰੀ ਛੁੱਟੀਆਂ ਨੂੰ ਘਟਾਉਣ ਦੀ ਲੋੜ ਮਹਿਸੂਸ ਹੋਣ ਲੱਗੀ
ਅਚਾਨਕ ਹੀ ਸਰਕਾਰੀ ਦਫਤਰਾਂ ਵਿਚ ਛੁੱਟੀ ਹੋਣ ਕਾਰਨ ਲੋਕ ਹੁੰਦੇ ਨੇ ਪ੍ਰੇਸ਼ਾਨ
ਐਸ ਏ ਐਸ ਨਗਰ, 18 ਅਪ੍ਰੈਲ (ਸ.ਬ.) ਪੰਜਾਬ ਵਿਚ ਇਕ ਮਹੀਨਾਂ ਪਹਿਲਾਂ ਹੋਂਦ ਵਿਚ ਆਈ ਕੈਪਟਨ ਸਰਕਾਰ ਜਿਥੇ ਸਰਕਾਰੀ ਕੰਮ ਕਾਜ ਦਰੁਸਤ ਕਰਨ ਅਤੇ ਪ੍ਰਸਾਸਨ ਨੂੰ ਚੁਸਤ ਫੁਰਤ ਕਰਨ ਲਈ ਉਪਰਾਲੇ ਕਰਨ ਦੇ ਦਾਅਵੇ ਕਰ ਰਹੀ ਹੈ, ਉਥੇ ਹੀ ਪੰਜਾਬ ਵਿਚ ਹੁੰਦੀਆਂ ਸਰਕਾਰੀ ਛੁੱਟੀਆਂ ਦੀ ਗਿਣਤੀ ਘਟਾਉਣ ਦੀ ਲੋੜ ਵੀ ਮਹਿਸੂਸ ਹੋਣ ਲੱਗੀ ਹੈ| ਇਥੇ ਇਹ ਜਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਉਸ ਸਮੇਂ ਦੀ ਸਰਕਾਰ ਨੇ ਪੰਜਾਬ ਵਿਚ ਸਰਕਾਰੀ ਛੁੱਟੀਆਂ ਵਿਚ ਕੁਝ ਹੱਦ ਤਕ ਕਟੌਤੀ ਕਰ ਦਿਤੀ ਸੀ ਪਰ ਉਸ ਤੋਂ ਬਾਅਦ ਪੰਜਾਬ ਦੀ ਸੱਤਾ ਵਿਚ ਆਈ ਬਾਦਲ ਸਰਕਾਰ ਨੇ ਇਹਨਾਂ ਸਰਕਾਰੀ ਛੁੱਟੀਆਂ ਦੀ ਗਿਣਤੀ ਕਾਫੀ ਵਧਾ ਦਿਤੀ ਸੀ|
ਪੰਜਾਬ ਦੇ ਵੱਖ- ਵੱਖ ਵਰਗਾਂ  ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ  ਕਿ ਪੰਜਾਬ ਸਕੂਲ ਸਿੱਖਿਆ ਬੋਰਡ, ਪੂਡਾ ਦਫਤਰ ਸਮੇਤ ਹੋਰ ਸਰਕਾਰੀ ਦਫਤਰਾਂ ਵਿਚ ਪੰਜਾਬ ਦੇ ਦੂਰ ਦੂਰਾਡੇ ਇਲਾਕਿਆਂ ਤੋਂ ਲੋਕ ਆਪਣੇ ਅਤੇ ਆਪਣੇ ਬੱਚਿਆਂ ਦੇ ਜਰੂਰੀ ਕੰਮ ਧੰਦੇ ਕਰਵਾਉਣ ਲਈ ਮੁਹਾਲੀ ਵਿਚ ਆਉਂਦੇ ਹਨ ਪਰ ਇਥੇ ਆ ਕੇ ਪਤਾ ਚਲਦਾ ਹੈ ਕਿ ਅੱਜ ਤਾਂ ਇਹ ਦਫਤਰ ਹੀ ਕਿਸੇ ਸਰਕਾਰੀ ਛੁੱਟੀ ਕਾਰਨ ਜਾਂ ਸਰਕਾਰ ਵਲੋਂ ਅਖਬਾਰਾਂ ਵਿਚ  ਬਿਆਨ ਦੇ ਕੇ ਕੀਤੀ ਅਚਨਚੇਤ ਛੁੱਟੀ ਕਾਰਨ ਬੰਦ ਹੁੰਦੇ ਹਨ| ਕਈ ਵਾਰ ਤਾਂ 12 ਵਜੇ ਤੋਂ ਬਾਅਦ ਹੀ ਸਰਕਾਰੀ ਦਫਤਰ ਬੰਦ ਹੋ ਜਾਂਦੇ ਹਨ ਅਤੇ ਸਰਕਾਰੀ ਮੁਲਾਜਮ ਇਸ ਦਾ ਕਾਰਨ ਕਿਸੇ ਨਗਰ ਕੀਰਤਨ ਜਾਂ ਸ਼ੋਭਾ ਯਾਤਰਾ ਆਯੋਜਿਤ ਹੋਣ ਕਾਰਨ ਸਰਕਾਰ ਵਲੋਂ ਕੀਤੇ ਹਾਫ ਡੇਅ ਭਾਵ ਅੱੱਧੀ ਛੁੱਟੀ ਸਾਰੀ ਨੂੰ ਦਸਦੇ ਹਨ| ਇਸ ਕਰਕੇ ਸਿੱਖਿਆ ਬੋਰਡ ਅਤੇ ਹੋਰ ਸਰਕਾਰੀ ਦਫਤਰਾਂ ਵਿਚ ਦੂਰ ਦੁਰੇਡੇ ਤੋਂ ਆਏ ਲੋਕਾਂ ਨੂੰ ਬਹੁਤ ਪ੍ਰੇਸਾਨ ਹੋਣਾ ਪੈਂਦਾ ਹੈ ਅਤੇ ਖਾਲੀ ਹੱਥ ਹੀ ਬਿਨਾ ਕੰਮ ਕਰਵਾਏ ਵਾਪਸ ਮੁੜਨਾਂ ਪੈਂਦਾ ਹੈ ਅਤੇ ਅਗਲੇ ਦਿਨ ਫਿਰ ਉਸੇ ਹੀ ਕੰਮ ਲਈ ਮੁੜ ਕਿਰਾਇਆ ਲਗਾ ਕੇ ਆਉਣਾ ਪੈਂਦਾ ਹੈ| ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਤਾਂ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਨ.ੂੰ ਨਾਲ ਮਿਲਾ ਕੇ ਹਫਤੇ ਵਿਚ ਚਾਰ ਚਾਰ ਦਿਨ ਤਾਂ ਸਰਕਾਰੀ ਦਫਤਰ ਬੰਦ ਹੀ ਰਹਿੰਦੇ ਹਨ, ਇਸ ਕਰਕੇ ਇਹਨਾਂ ਦਫਤਰਾਂ ਵਿਚ ਜਰੂਰੀ ਕੰਮ ਧੰਦੇ ਆਏ ਲੋਕ ਪ੍ਰੇਸ਼ਾਨ  ਹੁੰਦੇ ਰਹਿੰਦੇ ਹਨ, ਉਹਨਾਂ ਦੀ ਗਲ ਸੁਣਨ ਵਾਲਾ ਵੀ ਕੋਈ ਨਹੀਂ ਹੁੰਦਾ| ਲੋਕਾਂ ਦਾ ਕਹਿਣਾ ਹੈ ਕਿ ਸਿਰਫ ਇੰਟਰਨੈਟ ਉਪਰ ਹੀ ਅੱਧੀ ਛੁੱਟੀ ਦੀ ਸੂਚਨਾ ਆਉਣ ਉਪਰੰਤ ਤੁਰੰਤ ਹੀ ਸਰਕਾਰੀ ਦਫਤਰਾਂ ਵਿਚੋਂ ਮੁਲਾਜਮ ਗਾਇਬ ਹੋ ਜਾਂਦੇ ਹਨ ਜਦੋਂ ਕਿ ਇਸ ਛੁੱਟੀ ਸਬੰਧੀ ਕੋਈ ਅਧਿਕਾਰਤ ਦਸਤਾਵੇਜ ਵੀ ਸਬੰਧਿਤ ਦਫਤਰ ਵਿਚ ਨਹੀਂ ਪਹੁੰਚਿਆ ਹੁੰਦਾ|
ਸਰਕਾਰ ਸਰਕਾਰੀ ਮੁਲਾਜਮਾਂ ਦਾ ਸਾਥ ਲੈਣ ਲਈ ਹੀ ਅਜਿਹੀਆਂ ਛੁੱਟੀਆਂ ਕਰਦੀ ਰਹਿੰਦੀ ਹੈ| ਇਹ ਸਭ ਨੁੰ ਪਤਾ ਹੀ ਹੈ ਕਿ ਨਗਰ ਕੀਰਤਨ ,ਸ਼ੋਭਾ ਯਾਤਰਾ ਅਤੇ ਹੋਰ ਸਮਾਗਮਾਂ ਲਈ ਕੀਤੀਆਂ ਜਾਂਦੀਆਂ ਛੁੱਟੀਆਂ ਦੌਰਾਨ ਸਰਕਾਰੀ ਮੁਲਾਜਮ ਇਹਨਾ ਵਿਚ ਬਹੁਤ ਘੱਟ ਹੀ ਹਿੱਸਾ ਲੈਂਦੇ ਹਨ ਅਤੇ ਛੁੱਟੀਆਂ ਦਾ ਆਨੰਦ ਮਾਣਦੇ ਹਨ|
ਪੰਜਾਬ ਦੇ ਵੱਖ- ਵੱਖ ਵਰਗਾਂ ਨਾਲ ਸਬੰਧਿਤ ਲੋਕਾਂ  ਨੇ ਮੰਗ ਕੀਤੀ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਨੂੰ ਸਰਕਾਰੀ ਛੁੱਟੀਆਂ ਦੀ ਗਿਣਤੀ ਘਟਾਉਣੀ ਚਾਹੀਦੀ ਹੈ ਤਾਂ ਕਿ ਸਰਕਾਰੀ ਦਫਤਰਾਂ ਵਿਚ ਕੰਮ ਸਹੀ ਤਰੀਕੇ ਨਾਲ ਹੋ ਸਕੇ ਅਤੇ ਲੋਕਾਂ ਨੂੰ ਸਰਕਾਰੀ ਦਫਤਰਾਂ ਵਿਚ ਛੁੱਟੀਆਂ ਕਾਰਨ ਆਉਂਦੀ  ਪ੍ਰੇਸ਼ਾਨੀ ਦੂਰ ਹੋ ਸਕੇ|

Leave a Reply

Your email address will not be published. Required fields are marked *