ਪੰਜਾਬ ਵਿਚ ਹੋ ਰਹੀ ਗੈਰਕਾਨੂੰਨੀ ਮਾਈਨਿੰਗ ਰੋਕੀ ਜਾਵੇ : ਸਤਨਾਮ ਦਾਉਂ

ਐਸ ਏ ਐਸ ਨਗਰ,10 ਜੂਨ (ਸ.ਬ.) ਪੰਜਾਬ ਅਗੇਂਸਟ ਕੁਰਪਸ਼ਨ ਸੰਸਥਾ ਦੇ ਪ੍ਰਧਾਨ ਸ੍ਰੀ ਸਤਨਾਮ ਦਾਉਂ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਕੁਝ ਇਲਾਕਿਆਂ ਵਿਚ ਹੋ ਰਹੀ ਨਜਾਇਜ ਮਾਈਨਿੰਗ ਰੋਕੀ ਜਾਵੇ|
ਅੱਜ ਇੱਥੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਦਾਊਂ ਨੇ ਕਿਹਾ ਕਿ ਜੀਰਕਪੁਰ, ਡੇਰਾਬੱਸੀ ਅਤੇ ਲਾਲੜੂ ਖੇਤਰਾਂ ਵਿਚ ਬਹੁਤ ਵੱਡੇ ਪੱਧਰ ਉਪਰ ਨਜਾਇਜ ਤੌਰ ਉਪਰ ਮਾਈਨਿੰਗ ਹੋ ਰਹੀ ਹੈ| ਉਹਨਾਂ ਕਿਹਾ ਕਿ ਜੀਰਕਪੁਰ ਦੇ ਪਿੰਡ ਸਨੈਲੀ ਦੇ ਘੱਗਰ ਅਤੇ ਜੰਗਲ ਏਰੀਏ ਵਿਚ ਕੁਝ ਦਰਜਨ ਏਕੜ ਹਿਸੇ ਵਿਚ ਮਾਈਨਿੰਗ ਲਗਾਤਾਰ ਚਲ ਰਹੀ ਹੈ, ਮਾਈਨਿੰਗ ਲਈ ਜੰਗਲ ਦੇ ਕੀਮਤੀ ਦਰਖਤ ਵੀ ਕਟੇ ਜਾ ਰਹੇ ਹਨ| ਜਿਸ ਏਰੀਏ ਵਿਚ ਮਾਈਨਿੰਗ ਕੀਤੀ ਜਾ ਰਹੀ ਹੈ, ਉਸ ਦਾ ਬਹੁਤ ਸਾਰਾ ਹਿਸਾ ਗੋਲਡਨ ਫਾਰੈਸਟ ਕੰਪਨੀ ਵਾਲਾ ਹੈ| ਉਹਨਾਂ ਕਿਹਾ ਕਿ ਇਹਨਾਂ ਥਾਵਾਂ ਉਪਰ ਨਜਾਇਜ ਮਾਈਨਿੰਗ ਬਿਨਾ ਕਿਸੇ ਨਿਲਾਮੀ ਤੋਂ ਹੀ ਹੋ ਰਹੀ ਹੈ, ਜਿਸ ਵਿਚ ਰਾਜਸੀ ਲੋਕਾਂ ਅਤੇ ਪੁਲੀਸ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਹੈ|
ਉਹਨਾਂ ਕਿਹਾ ਕਿ ਨਜਾਇਜ ਮਾਈਨਿੰਗ ਕਾਰਨ ਇਹਨਾਂ ਇਲਾਕਿਆਂ ਵਿਚ ਡੂੰਘੇ ਟੋਏ ਪੈ ਚੁਕੇ ਹਨ,ਜਿਹਨਾਂ ਵਿਚ ਬਰਸਾਤਾਂ ਸਮੇਂ ਪਾਣੀ ਭਰ ਜਾਂਦਾ ਹੈ| ਇਹਨਾਂ ਟੋਇਆ ਵਿਚ ਭਰੇ ਪਾਣੀ ਵਿਚ ਇਕ ਬੱਚੇ ਦੀ ਵੀ ਡੁੱਬਣ ਕਾਰਨ ਕੁਝ ਸਮਾਂ ਪਹਿਲਾਂ ਮੌਤ ਹੋ ਚੁਕੀ ਹੈ| ਇਸ ਤੋਂ ਇਲਾਵਾ ਜੰਗਲੀ ਜਾਨਵਰ ਵੀ ਇਹਨਾਂ ਟੋਇਆਂ ਵਿਚ ਡਿਗ ਕੇ ਮਰ ਜਾਂਦੇ ਹਨ|  ਗੈਰਕਾਨੂੰਨੀ ਮਾਈਨਿੰਗ ਕਾਰਨ ਇਸ ਇਲਾਕੇ ਦੀਆਂ ਸੜਕਾਂ ਦਾ ਵੀ ਬੁਰਾ ਹਾਲ ਹੋ ਗਿਆ ਹੈ,ਜਿਸ ਕਰਕੇ ਹਰ  ਸਮੇਂ ਹੀ ਇਹਨਾਂ ਸੜਕਾਂ ਉਪਰ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ|
ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਵਲੋਂ ਵਾਰ ਵਾਰ ਸ਼ਿਕਾਇਤਾਂ ਕੀਤੇ ਜਾਣ ਉਪਰੰਤ ਕੋਈ ਕਾਰਵਾਈ ਕਰਨ ਦੀ ਥਾਂ ਸਰਕਾਰੀ ਅਧਿਕਾਰੀਆਂ ਨੇ ਪਿੰਡ ਸਨੋਲੀ ਨੂੰ ਮਨੌਲੀ ਅਤੇ ਪੀਰ ਮੁੱਛਲਾ ਨੂੰ ਵੀਰ ਪੀਰ ਮੁੱਛਲਾ ਲਿਖ ਦਿਤਾ ਹੈ, ਜਿਸ ਕਾਰਨ ਆਰ ਟੀ ਆਈ ਪੱਤਰ ਦੀ ਕਾਨੂੰਨੀ ਮਹਤਤਾ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ ਹੈ| ਇਸ ਦੇ ਨਾਲ ਹੀ ਅਧਿਕਾਰੀਆਂ ਵਲੋਂ ਇਹ ਵੀ ਲਿਖ ਦਿਤਾ ਗਿਆ ਹੈ ਕਿ ਵਾਰ ਵਾਰ ਚੈਕਿੰਗ ਦੇ ਦੌਰਾਨ ਇਹਨਾ ਇਲਾਕਿਆਂ ਵਿਚ ਕੋਈ ਮਾਈਨਿੰਗ ਨਹੀਂ ਪਾਈ ਗਈ ਉਹਨਾਂ ਕਿਹਾ ਕਿ ਜਦੋਂਕਿ ਇਹਨਾਂ ਇਲਾਕਿਆਂ ਵਿਚ ਮਾਈਨਿੰਗ ਦਾ ਕੰਮ ਗੈਰਕਾਨੂੰਨੀ ਤੌਰ ਉਪਰ ਦਿਨ ਰਾਤ ਚਲਦਾ ਰਹਿੰਦਾ ਹੈ|  ਉਹਨਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਇਸ ਇਲਾਕੇ ਵਿਚ ਹੋ ਰਹੀ ਨਜਾਇਜ ਮਾਈਨਿੰਗ ਨੂੰ ਰੋਕਣ ਲਈ ਉਪਰਾਲੇ ਕਰਨ|

Leave a Reply

Your email address will not be published. Required fields are marked *