ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰਵਾਸੀ ਪੰਜਾਬੀ

ਐਸ ਏ ਐਸ ਨਗਰ,13 ਫਰਵਰੀ (ਜਗਮੋਹਨ ਸਿੰਘ ਲੱਕੀ) ਪੰਜਾਬ ਵਿਧਾਨ ਸਭਾ ਲਈ ਵੋਟਾਂ 4 ਫਰਵਰੀ ਨੂੰ ਪੈ ਗਈਆਂ ਹਨ, ਜਿਸ ਦੇ ਨਤੀਜੇ 11 ਮਾਰਚ ਨੂੰ ਆਉਣੇ ਹਨ| ਇਹਨਾਂ ਚੋਣ ਨਤੀਜਿਆਂ ਦੀ ਉਡੀਕ ਪੰਜਾਬ ਵਾਸੀਆਂ ਦੇ ਨਾਲ ਨਾਲ ਵੱਖ ਵੱਖ ਮੁਲਕਾਂ ਵਿਚ ਵਸੇ ਹੋਏ ਪਰਵਾਸੀ ਪੰਜਾਬੀਆਂ ਨੂੰ ਬਹੁਤ ਬੇਸਬਰੀ ਨਾਲ ਹੋ ਰਹੀ ਹੈ| ਵੱਖ ਵੱਖ ਮੁਲਕਾਂ ਵਿਚ ਵਸੇ ਪਰਵਾਸੀ ਪੰਜਾਬੀਆਂ ਨੇ ਇਹਨਾਂ ਚੋਣਾਂ ਵਿਚ ਆਪੋ ਆਪਣੀ ਪਸੰਦ ਦੇ ਉਮੀਦਵਾਰਾਂ ਅਤੇ ਪਾਰਟੀਆਂ ਦੇ ਪੱਖ ਵਿਚ ਪੰਜਾਬ ਆ ਕੇ ਚੋਣ ਪ੍ਰਚਾਰ ਵੀ ਕੀਤਾ ਸੀ ਅਤੇ ਇਹ ਪਰਵਾਸੀ ਪੰਜਾਬੀ ਸਾਰੇ ਪੰਜਾਬੀਆਂ ਦੀ ਖਿਚੱ ਦਾ ਕੇਂਦਰ ਵੀ ਬਣੇ ਸਨ| ਚੋਣਾਂ ਤੋਂ ਬਾਅਦ ਇਹ ਪਰਵਾਸੀ ਪੰਜਾਬੀ ਆਪੋ ਆਪਣੇ ਵਤਨ ਨੂੰ ਪਰਤ ਚੁਕੇ ਹਨ ਅਤੇ ਇਸਦੇ ਬਾਵਜੂਦ ਉਹ ਪੰਜਾਬ ਦੀ ਪਲ ਪਲ ਦੀ ਖਬਰ ਰਖ ਰਹੇ ਹਨ| ਵੱਖ ਵੱਖ ਮੁਲਕਾਂ ਵਿਚ ਪੰਜਾਬੀਆਂ ਨੇ ਆਪਣੇ ਰੇਡੀਓ ਸਟੇਸਨ ਅਤੇ ਟੀ ਵੀ ਚੈਨਲ ਖੋਲੇ ਹੋਏ ਹਨ ਅੇਤ ਇਸ ਤੋਂ ਇਲਾਵਾ ਵਿਦੇਸਾਂ ਵਿਚ ਕਈ ਪੰਜਾਬੀ ਅਖਬਾਰ ਵੀ ਛਪਦੇ ਹਨ, ਜਿਹਨਾਂ ਵਿਚ ਪੰਜਾਬ ਬਾਰੇ ਪੂਰੀ ਜਾਣਕਾਰੀ ਦਿਤੀ ਜਾਂਦੀ ਹੈ| ਇਸ ਤੋਂ ਇਲਾਵਾ ਪੰਜਾਬ ਵਿਚ ਛਪਦੇ ਪੰਜਾਬੀ ਅਖਬਾਰਾਂ ਨੂੰ ਵੀ ਪਰਵਾਸੀ ਪੰਜਾਬੀ ਇੰਟਰਨੈਟ ਉਪਰ ਪੜਦੇ ਰਹਿੰਦੇ ਹਨ ਅਤੇ ਪੰਜਾਬ ਦੇ ਹਰ ਹਲਕੇ ਦੀ ਖਬਰ ਰਖ ਰਹੇ ਹਨ|
ਅਸਲ ਵਿਚ ਵੱਖ ਵੱਖ ਮੁਲਕਾਂ ਵਿਚ ਰਹਿ ਰਹੇ ਪਰਵਾਸੀ ਪੰਜਾਬੀ ਆਪਣੀਆਂ ਜੜਾਂ ਪੰਜਾਬ ਵਿਚ ਹੀ ਸਮਝਦੇ ਹਨ ਅਤੇ ਉਹਨਾ ਦੇ ਪਰਿਵਾਰ ਜਾਂ ਰਿਸਤੇਦਾਰ ਅਜੇ ਵੀ ਪੰਜਾਬ ਵਿਚ ਹੀ ਰਹਿ ਰਹੇ ਹਨ ਅਤੇ ਵੱਡੀ ਗਿਣਤੀ ਪਰਵਾਸੀ ਪੰਜਾਬੀਆਂ ਦੇ ਘਰ ਅਤੇ ਜੱਦੀ ਜਾਇਦਾਦ ਤੇ ਖੇਤੀ ਵਾਲੀ ਜਮੀਨ ਵੀ ਪੰਜਾਬ ਵਿਚ ਹੀ ਹੈ| ਇਹਨਾਂ ਪਰਵਾਸੀ ਪੰਜਾਬੀਆਂ ਵਿਚੋਂ ਵੱਡੀ ਗਿਣਤੀ ਪੰਜਾਬੀ ਅਜਿਹੇ ਵੀ ਹਨ,ਜਿਹਨਾਂ ਦੇ ਪੰਜਾਬ ਵਿਚਲੇ ਘਰਾਂ ਅਤੇ ਹੋਰ ਜਮੀਨਾਂ ਉਪਰ ਨਜਾਇਜ ਕਬਜੇ ਹੋ ਚੁਕੇ ਹਨ| ਕਈ ਪਰਵਾਸੀ ਪੰਜਾਬੀਆਂ ਦੇ ਤਾਂ ਆਪਣੇ ਰਿਸਤੇਦਾਰਾਂ ਨਾਲ ਹੀ ਘਰ ਅਤੇ ਹੋਰ ਜਾਇਦਾਦ ਸਬੰਧੀ ਅਦਾਲਤੀ ਕੇਸ ਚਲ ਰਹੇ ਹਨ| ਇਸ ਤੋਂ ਇਲਾਵਾ ਪਰਵਾਸੀ ਪੰਜਾਬੀਆਂ ਨੂੰ ਅਕਸਰ ਹੀ ਭਾਰਤ ਆਉਂਣ ਸਮੇਂ ਦਿਲੀ ਜਾਂ ਅੰਮ੍ਰਿਤਸਰ ਏਅਰਪੋਰਟ ਉਪਰ ਖੱਜਲ ਖ ੁਆਰ ਵੀ ਹੋਣਾ ਪੈਂਦਾ ਹੈ ਜਿਸ ਕਰਕੇ ਪਰਵਾਸੀ ਪੰਜਾਬੀ ਹਮੇਸਾ ਇਹ ਚਾਹੁੰਦੇ ਹਨ ਕਿ ਵੇਲੇ ਦੀ ਸਰਕਾਰ ਉਹਨਾਂ ਦੀ ਬਾਂਹ ਫੜੇ| ਇਹ ਹੀ ਕਾਰਨ ਹੈ ਕਿ ਪਰਵਾਸੀ ਪੰਜਾਬੀ ਇਸ ਸਮੇਂ ਪੰਜਾਬ ਵਿਚ ਬਣਨ ਵਾਲੀ ਨਵੀਂ ਸਰਕਾਰ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਹਨ| ਇਹਨਾਂ ਪਰਵਾਸੀ ਪੰਜਾਬੀਆਂ ਨੂੰ ਆਸ ਹੈ ਕਿ ਪੰਜਾਬ ਵਿਚ ਬਣਨ ਵਾਲੀ ਨਵੀਂ ਸਰਕਾਰ ਜਰੂਰ ਉਹਨਾਂ ਦੇ ਮਸਲੇ ਹੱਲ ਕਰਵਾ ਦੇਵੇਗੀ| ਇਸ          ਸਮੇਂ ਵੱਖ ਵੱਖ ਮੁਲਕਾਂ ਵਿਚ ਬੈਠੇ ਪਰਵਾਸੀ ਪੰਜਾਬੀ ਆਪਸ ਵਿਚ ਮਿਲਦੇ ਸਮੇਂ ਵੀ ਪੰਜਾਬ ਵਿਚ ਬਣਨ ਵਾਲੀ ਨਵੀਂ ਸਰਕਾਰ ਬਾਰੇ ਹੀ ਗਲਾਂ ਕਰਦੇ ਦਿਖਾਏ ਦਿੰਦੇ ਹਨ ਅਤੇ ਉਹ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆ ਦਾ ਬਹੁਤ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ|

Leave a Reply

Your email address will not be published. Required fields are marked *