ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਵਿੱਚ ਦਿਖ ਰਿਹਾ ਹੈ ਭਾਰੀ ਉਤਸ਼ਾਹ

ਐਸ ਏ ਐਸ ਨਗਰ, 3 ਫਰਵਰੀ (ਸ.ਬ.)  ਪੰਜਾਬ ਵਿਚ 4 ਫਰਵਰੀ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੂਰੇ ਪੰਜਾਬ ਦੇ ਵੋਟਰਾਂ ਵਿਚ ਹੀ ਉਤਸ਼ਾਹ ਵੇਖਣ ਵਿਚ ਆ ਰਿਹਾ ਹੈ| ਜਿਥੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਉਮੀਦਵਾਰਾਂ ਵਲੋਂ ਆਪਣਾ ਚੋਣ ਪ੍ਰਚਾਰ ਕਰਦਿਆਂ ਰੋਡ ਸ਼ੋਅ ਵੀ ਕੀਤੇ ਗਏ, ਉਥੇ ਹੀ ਵੱਖ ਵੱੱਖ ਉਮੀਦਵਾਰਾਂ ਨੇ ਘਰ ਘਰ ਜਾ ਕੇ ਵੀ ਚੋਣ ਪ੍ਰਚਾਰ ਕੀਤਾ| ਪੰਜਾਬ ਦੇ ਵੋਟਰਾਂ ਨੇ ਹਰ ਹਲਕੇ ਵਿਚ ਹੀ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਉਤਸ਼ਾਹ ਨਾਲ ਸੁਣਿਆ ਅਤੇ ਵੋਟਾਂ ਪਾਉਣ ਦਾ ਭਰੋਸਾ ਦਿੱਤਾ|
ਇਸ ਸਮੇਂ ਪੰਜਾਬ ਵਿਚ ਸਥਿਤੀ ਇਹ ਹੈ ਕਿ ਕਿਸੇ ਵੀ ਪਾਰਟੀ ਦੇ ਹੱਕ ਵਿਚ ਹਵਾ ਨਹੀਂ ਚਲ ਰਹੀ ਹੈ ਭਾਵੇਂ ਕਿ ਵੱਖ ਵੱਖ ਟੀ ਵੀ ਚੈਨਲਾਂ ਵਾਲੇ  ਆਪੋ ਆਪਣੇ ਸਰਵੇਖਣਾਂ ਵਿਚ  ਕਦੇ ਕਾਂਗਰਸ ਦੀ ਸਰਕਾਰ ਬਣਨ ਦੀ ਗਲ ਕਰ ਦਿੰਦੇ ਹਨ ਅਤੇ ਕਦੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਗਲ ਕਰ ਦਿੰਦੇ ਹਨ| ਇਸਦੇ ਨਾਲ ਹੀ ਪੰਜਾਬ ਦੀ ਅਗਲੀ ਸਰਕਾਰ ਸਬੰਧੀ ਲੱਖਾਂ ਕਰੋੜਾਂ ਰੁਪਏ ਦਾ ਸੱਟਾ ਵੀ ਲੱਗ ਗਿਆ ਹੈ|
ਪੰਜਾਬ ਦੇ ਵੱਡੀ ਗਿਣਤੀ ਵੋਟਰ ਭਾਵੇਂ ਚੋਣ ਜਲਸਿਆਂ ਵਿਚ ਜਾ ਰਹੇ ਹਨ ਅਤੇ ਚੋਣਾਂ ਸਬੰਧੀ ਗੱਲਾਂ ਬਾਤਾਂ ਵੀ ਕਰ ਰਹੇ ਹਨ| ਵੱਖ ਵੱਖ ਪਿੰਡਾਂ ਵਿਚ ਖੁੰਢ ਚਰਚਾ ਵੀ ਹੁਣ ਚੋਣਾਂ ਸਬੰਧੀ ਹੀ ਹੋ ਰਹੀ ਹੈ ਅਤੇ ਮੁਹਾਲੀ ਵਰਗੇ ਸ਼ਹਿਰਾਂ ਵਿਚ ਵੀ ਪਾਰਕਾਂ ਵਿਚ ਧੁੱਪ ਸੇਕ ਰਹੇ ਲੋਕ ਚੋਣਾਂ ਉਪਰ ਹੀ ਚਰਚਾ ਕਰ ਰਹੇ ਹਨ ਪਰ ਫਿਰ ਵੀ ਵੱਡੀ ਗਿਣਤੀ ਵੋਟਰਾਂ ਨੇ ਵੋਟ ਕਿਸਨੂੰ ਪਾਉਣੀ ਹੈ , ਵਿਸ਼ੇ ਉਪਰ ਚੁੱਪ ਧਾਰੀ ਹੋਈ ਹੈ| ਜਿਸ ਕਰਕੇ ਇਹ ਅੰਦਾਜਾ ਲਾਉਣਾ ਇਸ ਸਮੇਂ ਮੁਸਕਿਲ ਹੋਇਆ ਪਿਆ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਕਿਸ ਦੀ ਬਣੇਗੀ|
ਸ਼ਹਿਰਾਂ ਵਿਚ ਭਾਵੇਂ ਲੋਕ ਚੋਣ ਪ੍ਰਚਾਰ ਘੱਟ ਹੀ ਹਿਸਾ ਲੈ ਰਹੇ ਹਨ ਪਰ ਪੰਜਾਬ ਦੇ ਵੱਡੀ ਗਿਣਤੀ ਪਿੰਡ ਤਾਂ ਪੁਰੀ ਤਰਾਂ ਚੋਣ ਅਮਲ ਵਿਚ ਰੰਗੇ ਗਏ ਹਨ| ਵੱਡੀ ਗਿਣਤੀ ਪਿੰਡਾਂ ਵਿਚ ਰਹਿੰਦੇ ਵਸਨੀਕਾਂ ਨੇ ਆਪੋ ਆਪਣੇ ਘਰਾਂ ਉਪਰ ਆਪੋ ਆਪਣੀ ਪਸੰਦ ਦੇ ਉਮੀਦਵਾਰਾਂ ਦੀਆਂ ਝੰਡੀਆ ਲਗਾ ਰੱਖੀਆਂ ਹਨ| ਕਈਆਂ ਨੇ ਤਾਂ ਆਪਣੀ ਪਸੰਦ ਦੀ ਪਾਰਟੀ ਦੇ ਵੱਡੇ ਝੰਡੇ ਅਤੇ ਬੈਨਰ ਹੀ ਆਪਣੇ ਘਰਾਂ ਉਪਰ ਲਗਾ ਰਖੇ ਹਨ| ਇਸ ਤੋਂ ਇਲਾਵਾ ਪੇਂਡੂ ਔਰਤਾਂ ਵੀ ਚੋਣਾਂ ਸਬੰਧੀ ਗਲਾਂ ਬਾਤਾਂ ਕਰਦੀਆਂ ਵੇਖੀਆਂ ਜਾਂਦੀਆਂ ਹਨ| ਜਿਸ ਤੋਂ ਪਤਾ ਚਲਦਾ ਹੈ ਕਿ ਪਿੰਡਾਂ ਦੇ ਲੋਕਾਂ ਵਿਚ ਚੋਣਾਂ ਸਬੰਧੀ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਵਾਰ ਵੋਟਾਂ ਦੀ ਪੋਲਿੰਗ ਪ੍ਰਤੀਸ਼ਤ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿਚ               ਵਧੇਰੇ ਰਹਿਣ ਦੀ ਸੰਭਾਵਨਾਂ ਬਣ ਗਈ ਹੈ|
ਪੰਜਾਬ ਦੇ ਵੱਡੀ ਗਿਣਤੀ ਲੋਕ ਇਸ ਸਮੇਂ 4 ਫਰਵਰੀ ਦੀ ਉਡੀਕ ਕਰ ਰਹੇ ਹਨ ਤਾਂ ਕਿ ਉਹ ਆਪਣੀ ਵੋਟ ਪਾ ਕੇ ਆਪਣੀ ਸਰਕਾਰ ਦੀ ਚੋਣ ਕਰ ਸਕਣ|

Leave a Reply

Your email address will not be published. Required fields are marked *