ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਚਾਰ ਬਿਲਾਂ ਨੇ ਪੰਜਾਬ ਦੀ ਰਾਜਨੀਤੀ ਭਖਾਈ ਕਾਂਗਰਸੀ ਆਗੂਆਂ ਵਿੱਚ ਕੈਪਟਨ ਦੇ ਪੱਖ ਵਿੱਚ ਬਿਆਨਬਾਜੀ ਕਰਨ ਦੀ ਹੋੜ ਲੱਗੀ


ਐਸ ਏ ਐਸ ਨਗਰ, 23 ਅਕਤੂਬਰ (ਭਗਵੰਤ ਸਿੰਘ ਬੇਦੀ) ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਵਲੋਂ ਪਾਸ ਕੀਤੇ ਗਏ ਚਾਰ ਬਿਲਾਂ ਨੇ ਪੰਜਾਬ ਦੀ ਰਾਜਨੀਤੀ ਭਖਾ ਦਿਤੀ ਹੈ| ਪੰਜਾਬ ਵਿਧਾਨ ਸਭਾ ਵਿੱਚ ਭਾਵੇ ਭਾਜਪਾ ਤੋਂ ਬਿਨਾਂ ਹੋਰਨਾਂ  ਪਾਰਟੀਆਂ ਦੇ ਵਿਧਾਇਕਾਂ ਵਲੋਂ ਕਾਂਗਰਸ ਸਰਕਾਰ ਦੇ ਇਹਨਾਂ ਬਿਲਾਂ ਦਾ ਸਮਰਥਣ ਕੀਤਾ ਗਿਆ ਪਰ ਪੰਜਾਬ ਵਿਧਾਨ ਸਭਾ ਤੋਂ ਬਾਹਰ ਆਉਂਦਿਆਂ ਸਾਰ ਵੱਖ -ਵੱਖ ਪਾਰਟੀਆਂ ਦੇ  ਵਿਧਾਇਕਾਂ ਵਲੋਂ ਇਹਨਾਂ ਬਿਲਾਂ ਸਬੰਧੀ ਰਾਜਨੀਤੀ ਕਰਨੀ ਆਰੰਭ ਦਿਤੀ ਗਈ| 
ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਵਿੱਚ ਕਿਸਾਨਾਂ ਦਾ ਸੰਘਰਸ਼ ਚਲ ਰਿਹਾ ਹੈ ਅਤੇ ਹੁਣ ਪੰਜਾਬ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿਤਾ ਗਿਆ ਹੈ| ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਕਿਸਾਨਾਂ ਦੇ ਅੰਦੋਲਨ  ਨੂੰ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਵਰਤਣਾ ਚਾਹੁੰਦੀਆਂ ਹਨ ਅਤੇ ਵੱਖ- ਵੱਖ ਰਾਜਸੀ ਪਾਰਟੀਆਂ ਵਲੋਂ ਖੁੱਲ ਕੇ ਕਿਸਾਨ ਅੰਦੋਲਨ ਦੀ ਹਮਾਇਤ ਵੀ ਕੀਤੀ ਜਾ ਰਹੀ ਹੈ| 
ਕਿਸਾਨਾਂ ਦੀਆਂ ਵੋਟਾਂ ਗਵਾਊਣ ਦੇ ਡਰ ਕਾਰਨ ਅਕਾਲੀ ਦਲ ਬਾਦਲ ਨੂੰ ਵੀ ਯੂ ਟਰਨ ਲੈ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਮਜਬੂਰ ਹੋਣਾ ਪਿਆ ਹੈ ਅਤੇ ਹੁਣ ਜਦੋਂ  ਕਾਂਗਰਸ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ    ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਦਿਆਂ ਚਾਰ ਬਿਲ ਪਾਸ ਕਰ ਦਿਤੇ ਹਨ ਤਾਂ ਇਸ ਸਭ ਦਾ ਸਾਰਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਕਾਰਨ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਫਿਕਰ ਪੈ ਗਿਆ ਹੈ ਕਿ ਕਿਤੇ ਇਸ ਸਭ ਵਿੱਚ ਉਹ ਨੁਕਰੇ ਨਾ ਲੱਗ ਜਾਣ| ਇਹੀ ਕਾਰਨ ਹੈ ਕਿ ਪੰਜਾਬ ਵਿਧਾਨ ਸਭਾ ਦਾ ਸ਼ੈਸਨ ਖਤਮ ਹੁੰਦਿਆਂ ਹੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਵੱਖਰੀ ਸੁਰ ਅਪਣਾ ਲਈ ਗਈ ਹੈ ਅਤੇ ਕੈਪਟਨ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਹਨ| 
ਦੂਜੇ ਪਾਸੇ ਕਾਂਗਰਸੀ ਆਗੂਆਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਵਿੱਚ ਬਿਆਨ ਜਾਰੀ ਕਰਨ ਦੀ  ਹੋੜ ਲੱਗ ਗਈ ਹੈ, ਇਸ ਦੌੜ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕੁਝ ਗਰੁੱਪ ਵੀ ਸ਼ਾਮਲ ਹੋ ਗਏਹਨ ਅਤੇ ਹਰ ਆਗੂ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਚਾਰ ਬਿਲ ਪਾਸ ਕਰਨ ਲਈ ਕੈਪਟਨ ਸਰਕਾਰ ਦਾ ਧਨਵਾਦ ਕਰਨ ਵਿੱਚ ਮੋਹਰੀ ਬਣਨਾ ਚਾਹੁੰਦਾ ਹੈ| ਇਸ ਤਰਾਂ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਚਾਰ ਬਿਲਾਂ ਕਾਰਨ ਹੁਣ ਪੰਜਾਬ ਦੀ ਰਾਜਨੀਤੀ ਕਾਫੀ ਭਖ ਗਈ ਹੈ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨ ਅੰਦੋਲਨ, ਕੇਂਦਰੀ ਖੇਤੀ ਕਾਨੂੰਨਾਂ ਅਤੇ ਹੁਣ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤੇ ਚਾਰ ਬਿਲਾਂ  ਨੂੰ  ਆਧਾਰ ਬਣਾ ਕੇ ਆਉਣ ਵਾਲੀਆਂ ਸਾਲ 2022 ਦੀਆਂ ਚੋਣਾਂ ਲਈ ਤਿਆਰੀਆਂ ਕਰਕੇ ਆਪਣੀਆਂ ਵੋਟਾਂ ਪੱਕੀਆਂ ਕਰਨਾ ਚਾਹੁੰਦੀ ਹੈ| 
ਇਹ ਵੀ ਕਿਹਾ ਜਾ ਸਕਦਾ ਹੈ ਕਿ ਕਿਸਾਨਾਂ ਦਾ ਸੰਘਰਸ਼ ਬਾਕੀ ਰਾਜਸੀ ਮੁੱਦਿਆਂ ਉਪਰ ਭਾਰੂ ਹੋ ਗਿਆ ਹੈ| ਭਾਜਪਾ ਆਗੂ ਭਾਵੇਂ ਕੇਂਦਰੀ ਖੇਤੀ ਬਿਲਾਂ ਦੇ ਸਮਰਥਣ ਵਿੱਚ ਪ੍ਰਚਾਰ ਕਰ ਰਹੇ ਹਨ, ਪਰੰਤੂ ਭਾਜਪਾ ਦੇ ਕਿਸਾਨ ਆਗੂ ਵੀ ਇਸ ਸਬੰਧੀ ਚੁੱਪ ਹਨ| 
ਅਕਾਲੀ ਦਲ ਬਾਦਲ ਭਾਵੇਂ ਯੂ ਟਰਨ ਲੈ ਕੇ ਕਿਸਾਨੀ ਸੰਘਰਸ਼ ਵਿਚ ਕੁੱਦ ਪਿਆ ਹੈ ਪਰੰਤੂ ਅਕਾਲੀ ਦਲ ਡੈਮੋਕ੍ਰੇਟਿਕ ਅਤੇ ਅਕਾਲੀ ਦਲ ਟਕਸਾਲੀ ਕਿਸਾਨੀ ਮੁੱਦਿਆਂ ਦਾ ਸਮਰਥਣ ਕਰਨ ਵਿੱਚ ਅਕਾਲੀ ਦਲ ਬਾਦਲ ਤੋਂ ਪਿਛੜੇ ਲੱਗ ਰਹੇ ਹਨ| ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਕੇਂਦਰ ਨੂੰ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਦੀ ਦਿਤੀ ਗਈ ਸਲਾਹ ਤੋਂ ਢੀਂਡਸਾ ਵਿਰੋਧੀ ਹੁਣ ਕਹਿ ਰਹੇ ਹਨ ਕਿ ਢੀਂਡਸਾ ਗਰੁੱਪ ਭਾਜਪਾ ਨਾਲ ਅੰਦਰਖਾਤੇ ਨੇੜਤਾ ਕਾਰਨ ਨਰਮਾਈ ਵਰਤ ਰਹੇ ਹਨ|  ਬਾਦਲ ਪਰਿਵਾਰ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੇ ਢੀਂਡਸਾ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਅਜੇ ਤਕ ਖੁੱਲ ਕੇ ਬਿਆਨਬਾਜੀ ਨਹੀਂ ਕਰ ਰਹੇ| ਜਿਸ ਕਰਕੇ ਕਈ ਤਰਾਂ ਦੀਆਂ ਅਫਵਾਹਾਂ ਦਾ ਦੌਰ ਚੱਲ ਰਿਹਾ ਹੈ| ਇਸੇ ਤਰ੍ਹਾਂ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਭਾਵੇਂ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਕੋਸਦੇ ਰਹਿੰਦੇ ਹਨ ਪਰ ਭਾਜਪਾ ਪ੍ਰਤੀ ਉਹਨਾਂ ਦੀ ਸੁਰ ਵੀ ਨਰਮ ਦਿਖਦੀ ਹੈ| 
ਪੰਜਾਬ ਵਿਧਾਨ ਸਭਾ ਵਲੋਂ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂ ੰਰੱਦ ਕਰਕੇ ਚਾਰ ਨਵੇਂ ਬਿਲ ਪਾਸ ਕਰਨ ਕਾਰਨ ਸੂਬੇ ਦੀ ਰਾਜਨੀਤੀ ਪੂਰੀ ਤਰ੍ਹਾਂ ਭਖ ਗਈ ਹੈ ਅਤੇ ਪਰ ਸਭ ਦਾ ਨਿਸ਼ਾਨਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2020 ਲਈ ਵੋਟਾਂ ਪੱਕੀਆਂ ਕਰਨਾ ਹੀ ਨਜਰ ਆ ਰਿਹਾ ਹੈ|

Leave a Reply

Your email address will not be published. Required fields are marked *