ਪੰਜਾਬ ਵਿਧਾਨ ਸਭਾ ਵੱਲੋਂ ਉਘੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀਆਂ ਭੇਂਟ
ਚੰਡੀਗੜ੍ਹ, 12 ਫਰਵਰੀ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਨੇ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਵਿਛੜੀਆਂ ਅਨੇਕਾਂ ਉਘੀਆਂ ਸਖਸ਼ੀਅਤਾਂ ਨੂੰ ਯਾਦ ਕੀਤਾ ਹੈ| 15ਵੀਂ ਵਿਧਾਨ ਸਭਾ ਦੇ 7ਵੇਂ ਸਮਾਗਮ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਸਦਨ ਵਿੱਚ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਜ਼, ਪੰਜਾਬ ਦੇ ਸਾਬਕਾ ਮੰਤਰੀ ਦਲੀਪ ਸਿੰਘ ਪਾਂਧੀ ਤੇ ਗੋਬਿੰਦ ਸਿੰਘ ਕਾਂਝਲਾ, ਉਘੇ ਆਜ਼ਾਦੀ ਘੁਲਾਟੀਏ ਚੰਨਣ ਸਿੰਘ ਤੋਂ ਇਲਾਵਾ ਸ਼ਹੀਦ ਕਾਂਸਟੇਬਲ ਮੁਖਤਿਆਰ ਸਿੰਘ, ਗਨਰ ਲੇਖ ਰਾਜ ਅਤੇ ਲੈਸ ਨਾਇਕ ਸੁਖਚੈਨ ਸਿੰਘ ਨੂੰ ਸਰਧਾਂਜ਼ਲੀ ਭੇਟ ਕੀਤੀ ਗਈ|
ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਲਪਾਲ ਸਿੰਘ ਨੇ ਪ੍ਰਸਤਾਵ ਕੀਤਾ ਕਿ ਉਨ੍ਹਾਂ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ ਜੋ ਪਿਛਲੇ ਸੈਸ਼ਨ ਤੋਂ ਬਾਅਦ ਵਿਛੜ ਗਏ ਹਨ| ਉਘੀਆਂ ਸਖਸ਼ੀਅਤਾਂ ਦੇ ਵਿਵਰਣ ਤੋਂ ਬਾਅਦ ਸਦਨ ਵਿੱਚ ਸ਼ੋਕ ਮਤਾ ਪਾਸ ਕੀਤਾ ਗਿਆ| ਵਿਛੜੀਆਂ ਰੂਹਾਂ ਦੇ ਸਤਿਕਾਰ ਵੱਜੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ| ਸਪੀਕਰ ਨੇ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂ ਦੀ ਵੀਰ ਚੱਕਰ ਪ੍ਰਾਪਤ ਕੈਪਟਨ ਹਰਭਜਨ ਸਿੰਘ ਨੂੰ ਸਰਧਾਂਜਲੀ ਦੇਣ ਦੀ ਬੇਨਤੀ ਨੂੰ ਪ੍ਰਵਾਨ ਕਰ ਲਿਆ|
ਸਪੀਕਰ ਨੇ ਗੁਰੂ ਹਰ ਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੌਢੀ ਦੀ ਬੇਨਤੀ ਨੂੰ ਵੀ ਪ੍ਰਵਾਨ ਕਰ ਲਿਆ ਜਿਨ੍ਹਾਂ ਨੇ ਦੋ ਸਹਾਇਕ ਐਡਵੋਕੇਟ ਜਨਰਲ ਸੰਦੀਪ ਸਿੰਘ ਮਾਨ ਅਤੇ ਅਤਿੰਦਰ ਪਾਲ ਸਿੰਘ ਨੂੰ ਵੀ ਸ਼ਰਧਾਂਜਲੀ ਸੂਚੀ ਵਿੱਚ ਸ਼ਾਮਲ ਕਰਨ ਲਈ ਬੇਨਤੀ ਕੀਤੀ ਸੀ| ਇਹ ਦੋਵੇਂ ਹਾਲ ਹੀ ਵਿੱਚ ਫਿਰੋਜ਼ਪੁਰ-ਮੋਗਾ ਸੜਕ ਤੇ ਇਕ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਸਨ|