ਪੰਜਾਬ ਵਿਧਾਨ ਸਭਾ ਵੱਲ ਜਾ ਰਹੇ ਅਕਾਲੀਆਂ ਉਪਰ ਪੁਲੀਸ ਨੇ ਮਾਰੀਆਂ ਪਾਣੀ ਦੀਆਂ ਵਾਛੜਾਂ ਅਤੇ ਕੀਤਾ ਲਾਠੀਚਾਰਜ

ਚੰਡੀਗੜ੍ਹ, 20 ਮਾਰਚ (ਸ.ਬ.) ਪੰਜਾਬ ਵਿਧਾਨ ਸਭਾ ਨੂੰ ਘੇਰਨ ਲਈ ਚੰਡੀਗੜ੍ਹ ਦੇ ਸੈਕਟਰ-25 ਦੀ ਰੈਲੀ ਗਰਾਊਂਡ ਵਿੱਚ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੇ ਗਏ ਇਕੱਠ ਵਿੱਚ ਅਕਾਲੀ ਵਰਕਰਾਂ ਅਤੇ ਹਮਾਇਤੀਆਂ ਦਾ ਜਿਵੇਂ ਹੜ੍ਹ ਹੀ ਆ ਗਿਆ| ਇਸ ਮੌਕੇ ਜੋਸ਼ ਵਿੱਚ ਆਏ ਅਕਾਲੀ ਵਰਕਰਾਂ ਨੇ ਨਾਹਰੇ ਮਾਰ ਮਾਰ ਕੇ ਚੰਡੀਗੜ੍ਹ ਨੂੰ ਗੂੰਜਣ ਲਾ ਦਿੱਤਾ ਅਤੇ ਅਕਾਲੀ ਆਗੂਆਂ ਨੇ ਇਸ ਮੌਕੇ ਖੁਲ੍ਹ ਕੇ ਕਾਂਗਰਸ ਵਿਰੁੱਧ ਭੜਾਸ ਕੱਢੀ| ਇਸ ਰੈਲੀ ਵਿੱਚ ਆਏ ਵਰਕਰਾਂ ਨੇ ਹੱਥਾਂ ਵਿੱਚ ਕਾਂਗਰਸ ਵਿਰੋਧੀ ਬੈਨਰ ਫੜੇ ਹੋਏ ਸਨ|
ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਪੰਜਾਬ ਵਿਧਾਨ ਸਭਾ ਵੱਲ ਜਾਣ ਤੋਂ ਰੋਕਣ ਲਈ ਚੰਡੀਗੜ੍ਹ ਦੀ ਪੁਲੀਸ ਨੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਜਦੋਂ ਅਕਾਲੀ ਆਗੂਆਂ ਤੇ ਵਰਕਰਾਂ ਨੇ ਪੁਲੀਸ ਦੇ ਬੈਰੀਕੇਡ ਤੋੜ ਕੇ ਅੱਗੇ ਵੱਧਣ ਦਾ ਯਤਨ ਕੀਤਾ ਤਾਂ ਚੰਡੀਗੜ੍ਹ ਪੁਲੀਸ ਨੇ ਪਾਣੀ ਦੀਆਂ ਵਾਛੜਾਂ ਦੇ ਨਾਲ ਹੀ ਅਕਾਲੀ ਆਗੂਆਂ ਤੇ ਵਰਕਰਾਂ ਉਪਰ ਲਾਠੀਚਾਰਜ ਵੀ ਕੀਤਾ| ਇਸ ਮੌਕੇ ਅਕਾਲੀ ਵਰਕਰਾਂ ਨੇ ਵੀ ਚੰਡੀਗੜ੍ਹ ਪੁਲੀਸ ਉਪਰ ਪੱਥਰ ਮਾਰੇ| ਇਕ ਵਾਰ ਤਾਂ ਅਕਾਲੀ ਵਰਕਰ ਬਹੁਤ ਗੁੱਸੇ ਵਿੱਚ ਆ ਗਏ ਸਨ ਪਰ ਸੀਨੀਅਰ ਆਗੂਆਂ ਦੇ ਸਮਝਾਉਣ ਤੇ ਉਹ ਸ਼ਾਂਤ ਹੋ ਗਏ| ਇਸ ਮੌਕੇ ਕਈ ਵਰਕਰਾਂ ਦੀਆਂ ਪੱਗਾਂ ਉਤਰ ਗਈਆਂ| ਇਸ ਮੌਕੇ ਚੰਡੀਗੜ੍ਹ ਪੁਲੀਸ ਨੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ 50 ਦੇ ਕਰੀਬ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੈਕਟਰ 17 ਦੇ ਪੁਲੀਸ ਥਾਣੇ ਵਿੱਚ ਲਿਆਂਦਾ ਗਿਆ|
ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਹਰ ਫਰੰਟ ਉਪਰ ਫੇਲ੍ਹ ਹੋ ਗਈ ਹੈ, ਇਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਹੀ ਦੁਖੀ ਹੈ| ਇਸ ਸਰਕਾਰ ਵਲੋਂ ਬਦਲੇ ਦੀ ਨੀਤੀ ਅਪਨਾ ਕੇ ਅਕਾਲੀ ਵਰਕਰਾਂ ਤੇ ਆਗੂਆਂ ਖਿਲਾਫ ਝੂਠੇ ਪਰਚੇ ਦਾਖਲ ਕੀਤੇ ਜਾ ਰਹੇ ਹਨ ਅਤੇ ਅਕਾਲੀ ਦਲ ਨਾਲ ਸਬੰਧਿਤ ਸਰਪੰਚਾਂ ਤੇ ਪੰਚਾਂ ਦੇ ਨਾਲ ਨਾਲ ਜਿਲ੍ਹਾ ਪ੍ਰੀਸਦ ਤੇ ਬਲਾਕ ਸੰਮਤੀ ਮਂੈਬਰਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਕਿਸੇ ਵੀ ਧੱਕੇਸ਼ਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਅਕਾਲੀ ਦਲ ਵਲੋਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ| ਇਸ ਮੌਕੇ ਸਾਬਕਾ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਅਤੇ ਹੋਰ ਸੀਨੀਅਰ ਅਕਾਲੀ ਆਗੂਆ ਨੇ ਵੀ ਸੰਬੋਧਨ ਕੀਤਾ|

ਰੈਲੀ ਦੌਰਾਨ ਠੇਕਿਆਂ ਤੇ ਰਹੀਆਂ ਰੌਣਕਾਂ
ਅਕਾਲੀ ਦਲ ਦੀ ਚੰਡੀਗੜ੍ਹ ਰੈਲੀ ਦੌਰਾਨ ਚੰਡੀਗੜ੍ਹ ਦੇ ਠੇਕਿਆਂ ਉਪਰ ਵੀ ਕਾਫੀ ਰੌਣਕਾਂ ਰਹੀਆਂ| ਰੈਲੀ ਵਿੱਚ ਸ਼ਾਮਲ ਹੋਣ ਆਏ ਅਨੇਕਾਂ ਹੀ ਵਿਅਕਤੀ ਵੱਖ ਵੱਖ ਠੇਕਿਆਂ ਤੋਂ ਸ਼ਰਾਬ ਖਰੀਦਦੇ ਵੇਖੇ ਗਏ| ਕਈ ਵਿਅਕਤੀਆਂ ਨੇ ਤਾਂ ਸੜਕ ਉੱਪਰ ਹੀ ਸਰਾਬ ਦੀਆਂ ਬੋਤਲਾਂ ਦੇ ਡਟ ਖੋਲ ਦਿੱਤੇ ਸਨ|

Leave a Reply

Your email address will not be published. Required fields are marked *