ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ: ਨਵਜੋਤ ਸਿੰਘ ਸਿੱਧੂ

ਐਸ. ਏ. ਐਸ. ਨਗਰ 28 ਜਨਵਰੀ (ਸ.ਬ.) ਸਾਬਕਾ ਐਮ ਪੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸ੍ਰ. ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਬਣੇਗੀ| ਸ੍ਰ. ਨਵਜੋਤ ਸਿੰਘ ਸਿੱਧੂ ਮੁਹਾਲੀ ਦੇ ਦੁਸ਼ਹਿਰਾ ਗ੍ਰਾਊਂਡ ਵਿਖੇ ਕਾਂਗਰਸੀ ਉਮੀਦਵਾਰ ਸ੍ਰ. ਬਲਬੀਰ ਸਿੰਘ ਸਿੱਧੂ  ਦੇ ਹੱਕ ਵਿਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ|
ਸ੍ਰ. ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀਆਂ ਨੇ ਹੁਣ ਤੱਕ ਰਾਜ ਕਰਦਿਆਂ ਪੰਜਾਬ ਦਾ ਵਿਨਾਸ਼ ਹੀ ਕੀਤਾ ਹੈ ਭਾਵੇਂ ਕਿ ਉਹ ਵਿਕਾਸ ਦੇ ਦਾਅਵੇ ਕਰ ਰਹੇ ਹਨ| ਉਹਨਾਂ ਕਿਹਾ ਕਿ ਅੱਜ ਅਕਾਲੀਆਂ ਕਾਰਨ ਪੰਜਾਬ ਭ੍ਰਿਸ਼ਟਾਚਾਰ ਦੀ ਦਲ ਦਲ ਵਿੱਚ ਫਸ ਚੁੱਕਿਆ ਹੈ ਅਤੇ ਪੰਜਾਬ ਨੂੰ ਸਿਰਫ ਕਾਂਗਰਸ ਪਾਰਟੀ ਹੀ ਬਚਾਅ ਸਕਦੀ ਹੈ| ਉਹਨਾਂ ਕਿਹਾ ਕਿ ਅਕਾਲੀਆਂ ਨੇ ਤਾਂ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ ਹੈ|
ਉਹਨਾਂ ਕਿਹਾ ਕਿ ਉਹ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਸਨ, ਇਸੇ ਲਈ ਹੀ ਉਹਨਾਂ ਨੇ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਜਦੋਂ ਕਿ ਭਾਜਪਾ ਉਹਨਾਂ ਨੂੰ ਪੰਜਾਬ ਤੋਂ ਦੂਰ ਰੱਖਣਾ ਚਾਹੁੰਦੀ ਸੀ|
ਉਹਨਾਂ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਨੂੰ ਪਹਿਲ ਦਿੱਤੀ ਅਤੇ ਹੁਣ ਵੀ ਪੰਜਾਬ ਵਾਸੀਆਂ ਨਾਲ ਡਟ ਕੇ ਖੜੇ ਹਨ|
ਉਹਨਾਂ  ਕਿਹਾ ਕਿ ਪੰਜਾਬ ਵਾਸੀ ਬਾਦਲਾਂ ਦੇ ਰਾਜ ਤੋਂ ਅੱਕੇ ਪਏ ਹਨ ਅਤੇ ਹੁਣ ਪੰਜਾਬ ਵਾਸੀਆਂ ਨੇ  ਬਾਦਲਾਂ ਨੂੰ ਚਲਦਾ ਕਰਨ ਦਾ ਮਨ ਬਣਾ ਲਿਆ ਹੈ ਅਤੇ ਪੰਜਾਬ ਦੇ ਲੋਕਾਂ ਵਲੋਂ ਕਾਂਗਰਸ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੀ ਬਣੇਗੀ|

Leave a Reply

Your email address will not be published. Required fields are marked *