ਪੰਜਾਬ ਵਿੱਚ ਅਜੇ ਨਹੀਂ ਖੋਲ੍ਹੇ ਜਾਣਗੇ ਸਿਨੇਮਾ ਹਾਲ : ਕੈਪਟਨ ਅਮਰਿੰਦਰ ਸਿੰਘ


ਚੰਡੀਗੜ੍ਹ, 15 ਅਕਤੂਬਰ (ਸ.ਬ.)  ਦੇਸ਼ ਦੇ ਕਈ ਸੂਬਿਆਂ ਵਿੱਚ 7 ਮਹੀਨਿਆਂ ਬਾਅਦ ਅੱਜ ਸਿਨੇਮਾ ਘਰ, ਥੀਏਟਰ ਅਤੇ ਮਲਟੀਪਲੈਕਸ ਖੁੱਲ੍ਹਣ ਜਾ ਰਹੇ ਹਨ ਪਰੰਤੂ ਪੰਜਾਬ ਸਰਕਾਰ ਵਲੋਂ ਫਿਲਹਾਲ ਸੂਬੇ ਵਿੱਚ ਸਿਨੇਮਾਹਾਲ ਆਦਿ ਨਾ ਖੋਲ੍ਹੇ ਜਾਣ ਦਾ ਫੈਸਲਾ ਕੀਤਾ ਹੈ| ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਪੰਜਾਬ ਵਿੱਚ ਸਿਨੇਮਾ ਹਾਲ, ਮਲਟੀਪਲੈਕਸਸ ਅਤੇ ਮਨੋਰੰਜਕ ਪਾਰਕ ਨਹੀਂ ਖੋਲ੍ਹੇ ਜਾਣਗੇ| ਹਾਲਾਂ ਸਰਕਾਰ ਵਲੋਂ ਸੂਬੇ ਵਿੱਚ ਰਾਮਲੀਲਾ ਦਾ ਆਯੋਜਨ ਕਰਨ ਦੀ ਇਜਾਜਤ ਦੇ ਦਿੱਤੀ ਗਈ ਹੈ| 
ਪੰਜਾਬ ਦੇ ਮੁੱਖ ਮੰਤਰੀ ਕਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵਲੋਂ ਇਸ ਸੰਬੰਧੀ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਗਈ ਹੈ ਕਿ ਪੰਜਾਬ ਵਿੱਚ ਫਿਲਹਾਲ ਸਿਨੇਮਾ ਹਾਲ, ਮਲਟੀਪਲੈਕਸਸ ਅਤੇ ਮਨੋਰੰਜਕ ਪਾਰਕ ਨਹੀਂ ਖੋਲ੍ਹੇ ਜਾਣਗੇ| 
ਉਹਨਾਂ ਲਿਖਿਆ ਹੈ ਕਿ ਸਰਕਾਰ ਵਲੋਂ ਕੋਵਿਡ ਦੇ ਸਖ਼ਤ ਪ੍ਰੋਟੋਕਾਲ ਦੇ ਨਾਲ ਰਾਮਲੀਲਾ ਦਾ ਆਯੋਜਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਕੋਵਿਡ ਰੀਵੀਊ ਮੀਟਿੰਗ ਤੋਂ ਬਾਅਦ ਵਿਸਥਾਰ ਵਿੱਚ ਵੇਰਵਾ ਦਿੱਤਾ ਜਾਵੇਗਾ|
ਇੱਥੇ ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਦੇਸ਼ ਭਰ ਵਿੱਚ 15 ਅਕਤੂਬਰ ਤੋਂ ਸਿਨੇਮਾਘਰਾਂ, ਥੀਏਟਰ, ਮਲਟੀਪਲੈਕਸਾਂ ਅਤੇ ਮਨੋਰੰਜਨ ਪਾਰਕਾਂ ਲੂੰ ਖੋਲ੍ਹਣ ਦੀ ਇਜਾਜਤ ਦਿੱਤੀ ਗਈ ਹੈ| ਇਹ ਅਦਾਰੇ ਆਪਣੀ ਸਮਰਥਾ ਦੇ 50 ਫੀਸਦੀ ਲੋਕਾਂ ਨੂੰ ਦਾਖਲਾ ਦੇਣ ਨਾਲ ਕੰਮ ਕਰ ਸਕਣਗੇ ਅਤੇ ਸਿਨੇਮਾਘਰਾਂ ਵਿੱਚ ਦਰਸ਼ਕਾਂ ਨੂੰ ਇੱਕ ਸੀਟ ਛੱਡ ਕੇ ਬਿਲਾਇਆ           ਜਾਵੇਗਾ ਪਰੰਤੂ ਸੂਬੇ ਵਿੱਚ ਕੋਵਿਡ 19 ਦੀ ਤਾਜਾ ਹਾਲਤ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿੱਚ ਫਿਲਹਾਲ ਸਿਨੇਮਾਹਾਲ ਨਾ ਖੋਲ੍ਹਣ ਦੇਣ ਦਾ ਫੈਸਲਾ ਕੀਤਾ ਹੈ|

Leave a Reply

Your email address will not be published. Required fields are marked *