ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈਅ : ਸਿਸੌਦੀਆ

ਐਸ ਏ ਐਸ ਨਗਰ, 10 ਜਨਵਰੀ (ਸ.ਬ.) ਪੰਜਾਬ ਦੇ ਵੋਟਰ ਇੱਕ ਕ੍ਰਾਂਤੀਕਾਰੀ ਬਦਲਾਉ ਦਾ ਮਨ ਬਣਾ ਚੁੱਕੇ ਹਨ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਣਨਾ ਤੈਅ ਹੈ| ਇਹ ਗੱਲ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੌਦੀਆ ਨੇ ਅੱਜ ਇੱਥੇ ਪਿੰਡ ਬਲੌਂਗੀ ਵਿੱਚ ਪਾਰਟੀ ਦੇ ਉਮੀਦਵਾਰ ਸ੍ਰ. ਨਰਿੰਦਰ ਸਿੰਘ ਸ਼ੇਰਗਿੱਲ ਦੇ ਚੋਣ ਪ੍ਰਚਾਰ ਦੇ ਤਹਿਤ ਆਯੋਜਿਤ ਇੱਕ ਰੈਲੀ ਵਿੱਚ ਆਖੀ| ਉਹਨਾਂ ਕਿਹਾ ਕਿ ਅੱਜ ਦਾ ਇਹ ਇਕੱਠ ਪੰਜਾਬ ਤੇ ਵਾਰੋ-ਵਾਰੀ ਰਾਜ ਕਰਨ ਵਾਲੇ ਬਾਦਲਾਂ ਅਤੇ ਕੈਪਟਨ ਲਈ ਸੁਨੇਹਾ ਹੈ ਕਿ ਪੰਜਾਬ ਕਿਸੇ ਦੀ ਬਧੋਤੀ ਨਹੀਂ ਹੈ ਅਤੇ ਪੰਜਾਬੀਆਂ ਨੇ ਬਦਲਾਉ ਦਾ ਮਨ ਬਣਾ ਲਿਆ ਹੈ|
ਸ੍ਰੀ ਸਿਸੌਦੀਆ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੀਡੀਆ ਸਾਨੂੰ ਪੁਛਦਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਕਿਹੜੀ ਨੀਤੀ ਦੇ ਰਹੀ ਹੈ ਜਿਸਤੇ ਸਾਡਾ ਕਹਿਣਾ ਹੈ ਕਿ ਅਸੀਂ ਪੰਜਾਬ ਨੂੰ ਕੁਝ ਦੇਣ ਵਾਲੇ ਕੋਣ ਹੁੰਦੇ ਹਾਂ| ਪੰਜਾਬ ਦੇ ਲੋਕ ਖੁਦ ਨੂੰ ਇੱਕ ਅਜਿਹੀ ਸਰਕਾਰ ਦੇਣ ਜਾ ਰਹੇ ਹਨ ਜਿਹੜੀ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦਾ ਖਾਤਮਾ ਕਰਨ ਵਾਲੀ ਹੋਵੇਗੀ| ਉਹਨਾਂ ਕਿਹਾ ਕਿ ਹੁਣ ਇੱਥੇ ਝਾੜੂ ਚਲੇਗਾ ਅਤੇ ਸਾਰੀ ਗੰਦਗੀ ਸਾਫ ਹੋ ਜਾਵੇਗੀ|
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ 70 ਤੋਂ 67 ਸੀਟਾਂ ਮਿਲੀਆਂ ਅਤੇ ਦਿੱਲੀ ਸਰਕਾਰ ਨੇ ਪਿਛਲੇ ਢਾਈ ਸਾਲਾਂ ਦੌਰਾਨ ਸਿਖਿਆ, ਸਿਹਤ ਅਤੇ ਖੇਡਾਂ ਦੇ ਖੇਤਰ ਵਿੱਚ ਨਾ ਮਿਸਾਲ ਕੰਮ ਕੀਤਾ ਹੈ ਜਿਸਦੀ ਤਾਰੀਫ ਪੂਰੀ ਦੂਨੀਆਂ ਕਰ ਰਹੀ ਹੈ| ਦਿੱਲੀ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ| ਦਿੱਲੀ ਸਰਕਾਰ ਵੱਲੋਂ ਬਣਾਏ ਮੁੱਹਲਾ ਕਲੀਨਿਕ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਦੇ ਰਹੇ ਹਨ ਅਤੇ ਦਿੱਲੀ ਦੇ ਖਿਡਾਰੀ ਤਮਗੇ ਜਿੱਤ ਰਹੇ ਹਨ| ਉਹਨਾਂ ਕਿਹਾ ਕਿ ਇਸਦੇ ਉਲਟ ਪੰਜਾਬ ਦੀ ਸੱਤਾ ਤੇ ਕਾਬਿਜ ਅਕਾਲੀ ਸਰਕਾਰ ਚਿੱਟੇ ਦੇ ਕਾਰੋਬਾਰ ਦੀ ਪੁਸ਼ਤ ਪਨਾਹੀ ਕਰ ਰਹੀ ਹੈ| ਇਹ ਸਰਕਾਰ ਲੋਕਾਂ ਦਾ ਖੂਨ ਚੂਸ ਰਹੀ ਹੈ| ਪ੍ਰਧਾਨਮੰਤਰੀ ਮੋਦੀ ਤੇ ਵਿਅੰਗ ਕਰਦਿਆਂ ਉਹਨਾਂ ਕਿਹਾ ਕਿ ਉਹ ਜੁਮਲੇਬਾਜ ਹਨ| ਕਹਿੰਦੇ ਸੀ ਕਾਲਾ ਧਨ ਵਾਪਸ ਲਿਆ ਕੇ ਦੇਸ਼ ਦੇ ਹਰੇਕ ਨਾਗਰਿਕ ਦੇ ਖਾਤੇ ਵਿੱਚ 15 ਲੱਖ ਜਮ੍ਹਾਂ ਕਰਵਾਏ ਜਾਣਗੇ ਪਰੰਤੂ ਬਾਅਦ ਵਿੱਚ ਕਹਿਣ ਲੱਗ ਗਏ ਕਿ ਸਾਰਾ ਕਾਲਾ ਧਨ ਦੇਸ਼ ਦੇ ਲੋਕਾਂ ਕੋਲ ਹੀ ਹੈ ਅਤੇ ਨੋਟਬੰਦੀ ਕਰਕੇ ਲੋਕਾਂ ਨੂੰ ਆਪਣੇ ਹੀ ਪੈਸੇ ਲੈਣ ਲਈ ਲਾਈਨਾਂ ਵਿੱਚ ਖੜ੍ਹਾ ਕਰ ਦਿੱਤਾ|
ਉਹਨਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਲੋਕਾਂ ਨੂੰ ਲੁੱਟਣ ਵਿੱਚ ਲੱਗੀ ਹੈ ਅਤੇ ਹਰ ਪਾਸੇ ਮਾਫੀਆ ਰਾਜ ਅਤੇ ਨਸ਼ਿਆਂ ਦਾ ਬੋਲਬਾਲਾ ਹੈ| ਉਹਨਾਂ ਕਿਹਾ ਕਿ ਮੀਡੀਆਂ ਪੁੱਛਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਮੁੱਖ ਮੰਤਰੀ ਕੋਣ ਹੋਵੇਗਾ| ਪਰ ਲੋਕਾਂ ਨੂੰ ਇਹ ਸੋਚ ਕੇ ਵੋਟ ਪਾਉਣੀ ਚਾਹੀਦੀ ਹੈ ਕਿ ਉਹ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾ ਰਹੇ ਹਨ ਅਤੇ ਪੰਜਾਬ ਵਿੱਚ ਮੁੱਖ ਮੰਤਰੀ ਕੋਈ ਵੀ ਬਣੇ ਪਰ ਸ੍ਰੀ ਕੇਜਰੀਵਾਲ ਇਹ ਯਕੀਨੀ ਕਰਣਗੇ ਕਿ ਪਾਰਟੀ ਆਗੂਆਂ ਵੱਲੋਂ ਜਨਤਾ ਨਾਲ ਜਿਹੜੇ ਵਾਇਦੇ ਕੀਤੇ ਜਾ ਰਹੇ ਹਨ ਉਹ ਪੂਰੇ ਕੀਤੇ ਜਾਣ|
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸਿਸੌਦੀਆ ਨੇ  ਕਿਹਾ ਕਿ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ| ਇਹ ਪੁੱਛਣ ਤੇ ਕਿ ਪਾਰਟੀ ਦਾ ਮੁੱਖ ਮੁਕਾਬਲਾ ਕਿਸ ਨਾਲ ਹੈ ਉਹਨਾਂ ਕਿਹਾ ਕਿ ਸਾਡਾ ਮੁਕਾਬਲਾ ਸਮੇਂ ਦੇ ਸੋਦਾਗਰਾਂ, ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਨਾਲ ਹੈ|  ਇਹ ਪੁੱਛਣ ਤੇ ਕਿ ਉਹਨਾਂ ਵੱਲੋਂ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾਉਣ ਦੇ ਨਾਮ ਤੇ ਵੋਟਾਂ ਪਾਉਣ ਦੀ ਅਪੀਲ ਦਾ ਅਰਥ ਇਹ ਹੈ ਕਿ ਸਰਕਾਰ ਬਣਨ ਤੇ ਸ੍ਰੀ ਕੇਜਰੀਵਾਲ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ  ਉਹ ਇਸ ਸਵਾਲ ਨੂੰ ਇਹ ਕਹਿ ਕੇ ਟਾਲ ਗਏ ਕਿ ਮੇਰੇ ਮੂੰਹ ਵਿੱਚ ਗੱਲ ਨਾ ਪਾਉ|
ਇਸਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਮੁਹਾਲੀ ਹਲਕੇ ਦੇ ਉਮੀਦਵਾਰ ਸ੍ਰੀ ਨਰਿੰਦਰ ਸਿੰਘ ਸ਼ੇਰਗਿੱਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੇ ਪਿੰਡ ਬਲੌਂਗੀ ਨੂੰ ਨਗਰ ਨਿਗਮ ਵਿੱਚ ਸ਼ਮਿਲ ਕੀਤਾ ਜਾਵੇਗਾ ਅਤੇ ਇਥੋ ਦੇ ਵਸਨੀਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਣਗੀਆਂ |
ਆਮ ਆਦਮੀ ਪਾਰਟੀ ਦੀ ਇਸ ਰੈਲੀ ਵਿੱਚ ਸ੍ਰੀ ਸਿਸੌਦੀਆ ਮਿਥੇ ਸਮੇਂ ਤੋਂ          ਡੇਢ ਘੰਟਾ ਪਿਛੜ ਕੇ ਆਏ| ਉਹਨਾਂ ਦੇ ਆਉਣ ਤੋਂ  ਪਹਿਲਾਂ ਤਕ ਪੰਡਾਲ ਵਿੱਚ ਲੱਗੀਆਂ ਕੁਰਸੀਆਂ ਵਿੱਚੋਂ ਵੱਡੀ ਗਿਣਤੀ ਕੁਰਸੀਆਂ ਖਾਲੀ ਸੀ ਅਤੇ ਸ੍ਰੀ ਸਿਸੌਦੀਆ ਦੇ ਆਉਣ ਵੇਲੇ ਹੀ ਅਚਾਨਕ ਕੁਰਸੀਆਂ ਭਰ ਗਈਆਂ| ਇਸ ਬਾਰੇ ਇਹ ਚਰਚਾ ਵੀ ਭਾਰੂ ਰਹੀ ਕਿ ਪਿੰਡਾਂ ਤੋਂ ਲੋਕ ਨਾ ਆਉਣ ਤੇ ਬਾਹਰੋ ਭੀੜ ਲਿਆ ਕੇ ਕੰਮ ਸਾਰਿਆ ਗਿਆ| ਸਟੇਜ ਸਕੱਤਰ ਦੀ ਜਿੰਮੇਵਾਰੀ ਸ੍ਰ. ਨੱਛਤਰ ਸਿੰਘ ਬੈਦਵਾਨ ਨੇ ਨਿਭਾਈ| ਇਸ ਮੌਕੇ ਹਲਕੇ ਦੇ ਪਾਰਟੀ ਆਗੂ ਅਤੇ ਵੰਲਟੀਅਰ ਹਾਜਿਰ                       ਸਨ|

Leave a Reply

Your email address will not be published. Required fields are marked *