ਪੰਜਾਬ ਵਿੱਚ ਕਾਂਗਰਸ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ: ਕੈਪਟਨ ਅਮਰਿੰਦਰ

ਪਟਿਆਲਾ, 17 ਜਨਵਰੀ (ਸ.ਬ.) ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਵੀ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਇਨਕਾਰ ਕਰਦਿਆਂ ਕਿਹਾ ਹੈ ਕਿ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਦੋ-ਤਿਹਾਈ ਬਹੁਮਤ ਹਾਸਿਲ ਕਰਕੇ ਵਿਰੋਧੀਆਂ ਨੂੰ ਬਾਹਰ ਦਾ ਰਸਤਾ ਦਿਖਾ ਦੇਵੇਗੀ|
ਕੈਪਟਨ ਅਮਰਿੰਦਰ ਨੇ ਅਰਵਿੰਦ ਕੇਜਰੀਵਾਲ ਵੱਲੋਂ ਲਗਾਏ ਗਏ ਉਨ੍ਹਾਂ ਦੋਸ਼ਾਂ ਦਾ ਹਾਸਾ ਉਡਾਇਆ ਕਿ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਹਾਇਤਾ ਕਰਨ ਵਾਸਤੇ ਲੰਬੀ, ਤੋਂ ਚੋਣ ਲੜਨ ਦਾ ਫੈਸਲਾ ਲਿਆ ਹੈ| ਜਿਸ ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਆਗੂ ਆਪਣੇ ਦਿਮਾਗ ਦਾ ਇਸਤੇਮਾਲ ਕੀਤੇ ਬਗੈਰ ਬਿਨ੍ਹਾਂ ਸੋਚੇ ਸਮਝੇ ਬੋਲ ਰਹੇ ਹਨ| ਇਸ ਲੜੀ ਹੇਠ ਪਹਿਲਾਂ ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬਾਦਲ ਖਿਲਾਫ ਲੜਨਾ ਚਾਹੀਦਾ ਹੈ ਅਤੇ ਹੁਣ ਆਪ ਆਗੂ ਕਹਿੰਦੇ ਹਨ ਕਿ ਉਹ ਮੁੱਖ ਮੰਤਰੀ ਖਿਲਾਫ ਚੋਣ ਲੜ ਕੇ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ| ਉਨ੍ਹਾਂ ਦੇ ਕੇਜਰੀਵਾਲ ਦੇ ਬਿਆਨਾਂ ਨੂੰ ਬੇਤੁਕਾ ਦੱਸਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਲੰਬੀ ਤੋਂ ਚੋਣ ਲੜਨਾ ਕੇਜਰੀਵਾਲ ਤੋਂ ਮਿਲੀ ਕਿਸੇ ਵੀ ਕਥਿਤ ਜਾਂ ਅਸਲੀ ਚੁਣੌਤੀ ਦਾ ਜਵਾਬ ਨਹੀਂ ਹੈ, ਸਗੋਂ ਇਸਦਾ ਉਦੇਸ਼ ਸਿਰਫ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਤੋਂ ਬਚਾਉਣ ਦੀ ਇੱਛਾ ਤੋਂ ਪ੍ਰੇਰਿਤ ਹੈ|
ਪਟਿਆਲਾ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਵਾਸਤੇ ਪਟਿਆਲਾ ਤੇ ਲੰਬੀ ਦੋਨਾਂ ਮਹੱਤਵਪੂਰਨ ਵਿਧਾਨ ਸਭਾ ਹਲਕੇ ਹਨ ਅਤੇ ਇਹ ਫੈਸਲਾ ਕਿ ਉਹ ਦੋਨਾਂ ਵਿੱਚੋਂ ਕਿਸਨੂੰ ਛੱਡਣਗੇ, ਉਚਿਤ ਸਮੇਂ ਤੇ ਲਿਆ ਜਾਵੇਗਾ|
ਹਾਲਾਂਕਿ, ਉਨ੍ਹਾਂ ਨੇ ਇਹ ਜ਼ਰੂਰ ਸਪੱਸ਼ਟ ਕੀਤਾ ਕਿ ਪਟਿਆਲਾ ਦਾ ਵਿਕਾਸ ਉਨ੍ਹਾਂ ਦੇ ਏਜੰਡੇ ਵਿੱਚ ਰਹੇਗਾ ਤੇ ਉਨ੍ਹਾਂ ਦੀ ਸਰਕਾਰ ਫੰਡ ਜ਼ਾਰੀ            ਕਰੇਗੀ ਤੇ ਇਲਾਕੇ ਦੇ ਵਿਕਾਸ ਵਾਸਤੇ ਮੁੜ ਤੋਂ ਪਟਿਆਲਾ ਡਿਵਲਪਮੇਂਟ ਅਥਾਰਿਟੀ ਬਣਾਏਗੀ|
ਇਸ ਦੌਰਾਨ ਕੈਪਟਨ ਅਮਰਿੰਦਰ ਨੇ ਇਕ ਸਵਾਲ ਦੇ ਜਵਾਬ ‘ਚ ਸਪੱਸ਼ਟ ਕੀਤਾ ਕਿ ਉਹ ਪੰਜਾਬ ਵਿੱਚ ਚੋਣ ਪ੍ਰਚਾਰ ਲਈ ਰੁੱਝੇ ਹੋਣ ਕਾਰਨ ਨਵੀਂ ਦਿੱਲੀ ਵਿੱਚ ਨਵਜੋਤ ਸਿੰਘ ਸਿੱਧੂ ਦੀ ਸ਼ਮੂਲਿਅਤ ਵਾਸਤੇ ਮੌਜ਼ੂਦ ਨਹੀਂ ਰਹਿ ਸਕੇ ਸਨ| ਉਨ੍ਹਾਂ ਨੇ ਕਿਹਾ ਕਿ ਸਿੱਧੂ ਨਾਲ ਉਨ੍ਹਾਂ ਦੇ ਪਟਿਆਲਾ ਨੂੰ ਲੈ ਕੇ ਡੂੰਘੇ ਸਬੰਧ ਹਨ ਅਤੇ ਉਹ ਉਨ੍ਹਾਂ ਨੂੰ ਉਦੋਂ ਤੋਂ ਜਾਣਦੇ ਹਨ, ਜਦੋਂ ਸਿੱਧੂ ਬੱਚੇ ਸਨ| ਜਿਸਨੂੰ ਲੈ ਕੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਤੇ ਸਾਬਕਾ ਕ੍ਰਿਕੇਟ ਵਿਚਾਲੇ ਕੋਈ ਤਨਾਅ ਨਹੀਂ ਹੈ, ਜਿਹੜੇ ਬਗੈਰ ਕਿਸੇ ਸ਼ਰਤ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ|
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿੱਧੂ ਤੇ ਉਨ੍ਹਾਂ ਦੀ ਭੂਮਿਕਾਵਾਂ ਉਪਰ ਕਾਂਗਰਸ ਹਾਈ ਕਮਾਂਡ ਵੱਲੋਂ ਫੈਸਲਾ ਲਿਆ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਉਹ ਤੇ ਸਿੱਧੂ 19 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਇਕ ਸਾਂਝੇ ਰੋਡ ਸ਼ੋਅ ਰਾਹੀਂ ਪਾਰਟੀ ਵਾਸਤੇ ਚੋਣ ਪ੍ਰਚਾਰ ਕਰਨਗੇ| ਉਨ੍ਹਾਂ ਨੇ ਦੁਹਰਾਇਆ ਕਿ ਪੰਜਾਬ ਚੋਣਾਂ ‘ਚ ਸਿੱਧੂ ਕਾਂਗਰਸ ਲਈ ਇਕ ਸਟਾਰ ਪ੍ਰਚਾਰਕ ਹੋਣਗੇ|
ਇਕ ਹੋਰ ਸਵਾਲ ਦੇ ਜਵਾਬ ਵਿੱਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਕੁਝ ਰਾਖਵੀਆਂ ਸੀਟਾਂ ਨੂੰ ਛੱਡ ਕੇ ਕਿਸੇ ਤੇ ਵੀ ਕੋਈ ਉਮੀਦਵਾਰ ਨਹੀਂ ਬਦਲਿਆ ਗਿਆ ਹੈ ਅਤੇ ਪਾਰਟੀ ਇਕ ਪਰਿਵਾਰ-ਇਕ ਟਿਕਟ ਤੇ ਜਿੱਤਣ ਦੀ ਕਾਬਲਿਅਤ ਦੇ ਅਧਾਰ ਤੇ ਟਿਕਟ ਦੇਣ ਨੂੰ ਲੈ ਕੇ ਕਾਇਮ ਹੈ|
ਜਦਕਿ ਐਸ.ਵਾਈ.ਐਲ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਨੇ ਇਕ ਵਾਰ ਫਿਰ ਤੋਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਾਣੀ ਉਪਰ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਇਕ ਨਵਾਂ ਕਾਨੂੰਨ ਲਿਆਏਗੀ ਅਤੇ ਪੁਖਤਾ ਕਰੇਗੀ ਕਿ ਇਕ ਬੂੰਦ ਪਾਣੀ ਵੀ ਸੂਬੇ ਤੋਂ ਬਾਹਰ ਨਾ ਜਾਵੇ| ਇਸ ਤੋਂ ਪਹਿਲਾਂ, ਕੈਪਟਨ ਅਮਰਿੰਦਰ ਨੇ ਕਈ ਮੁੱਖ ਆਪ ਆਗੂਆਂ ਦਾ ਕਾਂਗਰਸ ਵਿੱਚ ਸਵਾਗਤ ਕੀਤਾ|
ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਵਿੱਚ ਡਾ. ਕਰਮਜੀਤ ਸਿੰਘ (ਰਿਟਾਇਰਡ ਆਈ.ਏ.ਐਸ), ਕਾਬੁਲ ਸਿੰਘ (ਆਪ ਲੀਗਲ ਵਿੰਗ, ਖਡੂਰ ਸਾਹਿਬ), ਰਾਮ ਕੰਬੋਜ (ਆਪ ਬੁੱਧੀਜੀਵੀ ਵਿੰਗ, ਖਡੂਰ ਸਾਹਿਬ), ਬਾਬੂ ਸਿੰਘ ਬਰਾੜ (ਆਪ ਬੁੱਧੀਜੀਵੀ ਵਿੰਗ, ਫਰੀਦਕੋਟ) ਤੇ ਸੁਰਿੰਦਰ ਸਿੰਘ (ਫਿਰੋਜ਼ਪੁਰ ਤੋਂ ਆਪ ਵਲੰਟੀਅਰ) ਵੀ ਸਨ, ਜਿਹੜੇ ਪਟਿਆਲਾ ਤੋਂ ਆਪ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਾਲੀ ਉਮੀਦਵਾਰਾਂ ਨੂੰ ਸੀਟਾਂ ਅਲਾਟ ਕਰਨ ਵਾਲੀ ਆਪ ਸਕ੍ਰੀਨਿੰਗ ਕਮੇਟੀ ਦੇ ਮੈਂਬਰ ਸਨ|

Leave a Reply

Your email address will not be published. Required fields are marked *