ਪੰਜਾਬ ਵਿੱਚ ਕਾਂਗਰਸ ਦੀ ਝੰਡੀ, ਕਾਂਗਰਸ ਨੂੰ 8, ਅਕਾਲੀ ਭਾਜਪਾ ਗਠਜੋੜ ਨੂੰ 4 ਅਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ

ਪੰਜਾਬ ਵਿੱਚ ਕਾਂਗਰਸ ਦੀ ਝੰਡੀ, ਕਾਂਗਰਸ ਨੂੰ 8, ਅਕਾਲੀ ਭਾਜਪਾ ਗਠਜੋੜ ਨੂੰ 4 ਅਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ
ਐਸ.ਏ.ਐਸ ਨਗਰ, 23 ਮਈ(ਸ.ਬ.) ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਝੰਡੀ ਰਹੀ ਹੈ| ਖਬਰ ਲਿਖੇ ਜਾਣ ਤੱਕ ਭਾਵੇਂ ਵੋਟਾਂ ਦੀ ਗਿਣਤੀ ਦਾ ਕੰਮ ਪੰਜਾਬ ਵਿੱਚ ਕਾਂਗਰਸ ਵਲੋਂ 8, ਅਕਾਲੀ ਭਾਜਪਾ ਗਠਜੋੜ ਦੀਆਂ 4 ਅਤੇ ਆਮ ਆਦਮੀ ਪਾਰਟੀ ਵਲੋਂ 1 ਸੀਟ ਹਾਸਿਲ ਕਰਨ ਦੀ ਸੰਭਾਵਨਾ ਬਣ ਚੁੱਕੀ ਹੈ|
ਚੋਣ ਕਮਿਸ਼ਨ ਵਲੋਂ ਬਾਅਦ ਦੁਪਹਿਰ 4 ਵਜੇ ਤੱਕ ਹੋਈ ਗਿਣਤੀ ਸੰਬਧੀ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਤੋਂ 99062 ਵੋਟਾਂ ਤੋਂ ਅੱਗੇ ਸਨ|
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਮਨੀਸ਼ ਤਿਵਾੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੋਂ 46795 ਵੋਟਾਂ ਅੱਗੇ ਚਲ ਰਹੇ ਸਨ ਜਦੋਂਕਿ ਬਠਿੰਡਾ ਵਿੱਚ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਕਾਂਗਰਸ ਦੇ ਉਮੀਦਵਾਰ ਅਮਨਿੰਦਰ ਸਿੰਘ ਰਾਜਾ ਵੜਿਗ ਤੋਂ 21399 ਵੋਟਾਂ ਅੱਗੇ ਚਲ ਰਹੇ ਸਨ|
ਫਰੀਦਕੋਟ ਵਿੱਚ ਕਾਂਗਰਸ ਪਾਰਟੀ ਦੇ ਮੁਹੰਮਦ ਸਦੀਕ ਸ਼੍ਰੋਮਣੀ ਅਕਾਲੀ ਦਲ ਦੇ ਗੁਲਜਾਰ ਸਿੰਘ ਰਣੀਕੇ ਤੋਂ 83252 ਵੋਟਾਂ ਤੋਂ ਅੱਗੇ ਚਲ ਰਹੇ ਸਨ ਅਤੇ ਫਤਿਹਗੜ੍ਹ ਸਾਹਿਬ ਵਿੱਚ ਕਾਂਗਰਸ ਦੇ ਉਮੀਦਵਾਰ ਡਾ. ਅਮਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਤੋਂ 92004 ਵੋਟਾਂ ਤੋਂ ਅੱਗੇ ਸਨ|
ਫਿਰੋਜ਼ਪੁਰ ਵਿੱਚ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਤੋਂ 197008 ਵੋਟਾਂ ਤੋਂ ਅੱਗੇ ਚਲ ਰਹੇ ਸਨ ਜਦੋਂਕਿ ਗੁਰਦਾਸਪੁਰ ਵਿੱਚ ਭਾਜਪਾ ਉਮੀਦਵਾਰ ਅਤੇ ਮਸ਼ਹੂਰ ਫਿਲਮ ਅਭਿਨੇਤਾ ਸੰਨੀ ਦਿਓਲ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਤੋਂ 77950 ਵੋਟਾਂ ਤੋਂ ਅੱਗੇ ਸਨ|
ਹੁਸ਼ਿਆਰਪੁਰ ਵਿੱਚ ਭਾਜਪਾ ਉਮੀਦਵਾਰ ਸੋਮ ਪ੍ਰਕਾਸ਼ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਰਾਜ ਕੁਮਾਰ ਚੱਬੇਵਾਲ ਤੋਂ 46993 ਵੋਟਾਂ ਤੋਂ ਅੱਗੇ ਚਲ ਰਹੇ ਸਨ ਅਤੇ ਜਲੰਧਰ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਤੋਂ 19204 ਵੋਟਾਂ ਤੋਂ ਅੱਗੇ ਸਨ|
ਖਡੂਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਗਿੱਲ (ਡਿੰਪਾ) ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਤੋਂ 140157 ਵੋਟਾਂ ਤੋਂ ਅੱਗੇ ਸਨ ਅਤੇ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰ. ਰਵਨੀਤ ਸਿੰਘ ਬਿੱਟੂ ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਤੋਂ 76617 ਵੋਟਾਂ ਤੋਂ ਅੱਗੇ ਚਲ ਰਹੇ ਸਨ| ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਤੋਂ 155351 ਵੋਟਾਂ ਅੱਗੇ ਸਨ|
ਸੰਗਰੂਰ ਦੀ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਪਈ ਹੈ| ਸੰਗਰੂਰ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰ. ਭਗਵੰਤ ਮਾਨ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੋਂ 97995 ਵੋਟਾਂ ਤੋਂ ਅੱਗੇ ਚਲ ਰਹੇ ਸਨ| ਇਸ ਦੌਰਾਨ ਵੋਟਾਂ ਦੀ ਗਿਣਤੀ ਲਗਭਗ ਖਤਮ ਹੋ ਚੁੱਕੀ ਸੀ ਪਰੰਤੂ ਵੀ ਵੀ ਪੈਟ ਮਸ਼ੀਨਾਂ ਦੀਆਂ ਪਰਚੀਆਂ ਦਾ ਮਿਲਾਜਨ ਕੀਤਾ ਜਾਣਾ ਬਾਕੀ ਹੋਣ ਕਾਰਨ ਨਤੀਜਿਆਂ ਦਾ ਐਲਾਨ ਥੋੜ੍ਹਾ ਪਛੜ ਕੇ ਹੋਣ ਦੀ ਸੰਭਾਵਨਾ ਹੈ|

Leave a Reply

Your email address will not be published. Required fields are marked *