ਪੰਜਾਬ ਵਿੱਚ ਕਾਂਗਰਸ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਇੰਗਲੈਂਡ, ਕਨੇਡਾ ਤੋਂ ਆ ਰਹੇ ਨੇ 400 ਤੋਂ ਵੱਧ ਐਨ.ਆਰ.ਆਈਜ਼

ਚੰਡੀਗੜ੍ਹ, 20 ਜਨਵਰੀ (ਸ.ਬ.) ਇੰਗਲੈਂਡ ਤੇ ਕਨੇਡਾ ਵਿੱਚ 400 ਤੋਂ ਵੱਧ ਐਨ.ਆਰ.ਆਈਜ਼ ਨੇ ਪੰਜਾਬ ਵਿੱਚ ਕਾਂਗਰਸ ਨੂੰ ਸਮਰਥਨ ਦਿੱਤਾ ਹੈ ਅਤੇ ਉਹ ਚੋਣ ਪ੍ਰਚਾਰ ਦੌਰਾਨ ਪਾਰਟੀ ਨਾਲ ਸ਼ਾਮਿਲ ਹੋਣ ਦੀ ਤਿਆਰੀ ਕਰ ਰਹੇ ਹਨ| ਇਸ ਲੜੀ ਹੇਠ ਹਫਤੇ ਦੇ ਅਖੀਰ ਤੱਕ ਨਵੀਂ ਦਿੱਲੀ ਤੋਂ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇਕ ਜੱਥੇ ਨੂੰ ਝੰਡੀ ਵੀ ਦਿਖਾਈ ਜਾ ਸਕਦੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਡੀਅਨ ਓਵਰਸੀਜ ਕਾਂਗਰਸ ਇੰਗਲੈਂਡ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ 250 ਦੇ ਕਰੀਬ ਐਨ.ਆਰ.ਆਈਜ਼ ਇੰਡੀਅਨ ਓਵਰਸੀਜ਼ ਕਾਂਗਰਸ, ਇੰਗਲੈਂਡ ਦੀ ਅਗਵਾਈ ਹੇਠ ਪੰਜਾਬ ਆ ਰਹੇ ਹਨ, ਜਦਕਿ ਕਨੇਡਾ ਤੋਂ ਵੱਖ-ਵੱਖ ਹਿੱਸਿਆਂ ਤੋਂ 150 ਤੋਂ ਵੱਧ ਅਪ੍ਰਵਾਸੀ ਭਾਰਤੀ ਵੀ ਕਾਂਗਰਸ ਦੇ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਹਨ|
ਇਸ ਦਿਸ਼ਾ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ (ਕਨੇਡਾ) ਦੇ ਅਮਰਪ੍ਰੀਤ ਓਲਖ ਪਹਿਲਾਂ ਹੀ ਭਾਰਤ ਪਹੁੰਚ ਚੁੱਕੇ ਹਨ ਤੇ ਉਨ੍ਹਾਂ ਨੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਹੈ| ਉਹਨਾਂ ਕਿਹਾ ਕਿ ਕਨੇਡਾ ਦੇ ਐਨ.ਆਰ.ਆਈਜ਼ ਸੂਬੇ ਅੰਦਰ ਜ਼ਮੀਨੀ ਪੱਧਰ ਤੇ ਪਾਰਟੀ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਕਾਂਗਰਸ ਦੇ ਪ੍ਰਚਾਰ ਵਿੱਚ ਸਹਾਇਤਾ ਕਰਨਗੇ|
ਉਹਨਾਂ ਨੇ ਏ.ਆਈ.ਸੀ.ਸੀ ਦੇ  ਵਿਦੇਸ਼ ਮਾਮਲਿਆਂ ਸਬੰਧੀ ਸੈਲ ਦੇ ਚੇਅਰਮੈਨ ਡਾ. ਕਰਨ ਸਿੰਘ ਨੂੰ ਲਿੱਖੀ ਇਕ ਚਿੱਠੀ ਵਿੱਚ ਕਿਹਾ ਹੈ ਕਿ ਪੰਜਾਬ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਵਾਸਤੇ ਇੰਗਲੈਂਡ ਤੋਂ ਐਨ.ਆਰ.ਆਈਜ਼ ਆਉਣਗੇ ਤੇ ਇਥੇ ਜ਼ੋਰ ਸ਼ੋਰ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ|

Leave a Reply

Your email address will not be published. Required fields are marked *