ਪੰਜਾਬ ਵਿੱਚ ਕਾਂਗਰਸ ਲਈ ਵੀ ਆਸਾਨ ਨਹੀਂ ਹੈ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਦਾ ਰਾਹ

ਪੰਜਾਬ ਵਿੱਚ ਕਾਂਗਰਸ ਲਈ ਵੀ ਆਸਾਨ ਨਹੀਂ ਹੈ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਦਾ ਰਾਹ
ਆਮ ਆਦਮੀ ਪਾਰਟੀ ਦੀ ਮਾੜੀ ਹਾਲਤ ਕਾਰਨ ਕਾਂਗਰਸ ਨੂੰ ਵੀ ਹੋਵੇਗਾ ਨੁਕਸਾਨ

ਭੁਪਿੰਦਰ ਸਿੰਘ
ਐਸ ਏ ਐਸ ਨਗਰ, 8 ਜੂਨ

ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਸਿਆਸੀ ਸਰਗਰਮੀਆਂ ਵੀ ਸ਼ੁਰੂ ਹੁੰਦੀਆਂ ਦਿਖ ਰਹੀਆਂ ਹਨ| ਪੰਜਾਬ ਦੀ ਸੱਤਾ ਤੇ ਕਾਬਿਜ ਕਾਂਗਰਸ ਪਾਰਟੀ ਲਈ ਅਗਲੇ ਸਾਲ ਹੋਣ ਵਾਲੀਆਂ ਇਹ ਚੋਣਾਂ ਹੋਰ ਵੀ ਅਹਿਮ ਹਨ ਕਿਉਂਕਿ ਉਸਦੇ ਸਾਮ੍ਹਣੇ ਸਵਾ ਸਾਲ ਪਹਿਲਾਂ ਹੋਈਆਂ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ ਦੀ ਚੁਣੌਤੀ ਹੈ|
ਕੁੱਝ ਦਿਨ ਪਹਿਲਾਂ ਹੋਈ ਸ਼ਾਹਕੋਟ ਵਿਧਾਨਸਭਾ ਹਲਕੇ ਦੀ ਜਿਮਣੀ ਚੋਣ ਵਿੱਚ ਕਾਂਗਰਸ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ ਨੇ ਭਾਵੇਂ ਪੰਜਾਬ ਦੇ ਕਾਂਗਰਸੀਆਂ ਆਗੂਆਂ ਦਾ ਹੌਂਸਲਾ ਬੁਲੰਦ ਕਰ ਦਿੱਤਾ ਹੈ ਪਰੰਤੂ ਪੰਜਾਬ ਕਾਂਗਰਸ ਲਈ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਦਾ ਰਾਹ ਇੰਨਾ ਆਸਾਨ ਵੀ ਨਹੀਂ ਹੈ, ਇਸਦਾ ਸਭਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ ਸਵਾ ਸਾਲ ਦੇ ਸਮੇਂ ਦੌਰਾਨ ਕਾਂਗਰਸ ਦੀ ਸੱਤਾਧਾਰੀ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਗਏ ਆਪਣੇ ਚੋਣ ਵਾਇਦਿਆਂ ਨੂੰ ਪੂਰਾ ਕਰਨ ਦੀ ਸਮਰਥ ਨਹੀਂ ਹੋ ਪਾਈ ਹੈ ਅਤੇ ਆਮ ਜਨਤਾ ਵਿੱਚ ਸਰਕਾਰ ਦੀ ਕਾਰਗੁਜਾਰੀ ਦੇ ਖਿਲਾਫ ਨਾਰਾਜਗੀ ਨਜਰ ਵੀ ਆਉਣ ਲੱਗ ਪਈ ਹੈ|
ਪਿਛਲੇ ਸਵਾ ਸਾਲ ਦੇ ਸਮੇਂ ਦੌਰਾਨ ਪੰਜਾਬ ਵਿੱਚ ਸਿਆਸੀ ਤੌਰ ਤੇ ਲਗਾਤਾਰ ਕਮਜੋਰ ਹੁੰਦੀ ਜਾ ਰਹੀ ਆਮ ਆਦਮੀ ਪਾਰਟੀ ਦੀ ਮੌਜੂਦਾ ਹਾਲਤ ਵੀ ਕਾਂਗਰਸ ਪਾਰਟੀ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ| ਇਸਦਾ ਮੁੱਖ ਕਾਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਖੜ੍ਹੇ ਹੋਣ ਵਾਲੇ ਵੋਟਰਾਂ ਵਿੱਚ ਵੱਡਾ ਹਿੱਸਾ ਉਹਨਾ ਵੋਟਰਾਂ ਦਾ ਸੀ ਜਿਹੜੇ ਕਾਂਗਰਸ ਤੋਂ ਪੱਕੀ ਦੂਰੀ ਬਣਾ ਕੇ ਚਲਦੇ ਸਨ ਪਰੰਤੂ ਅਕਾਲੀ ਦਲ ਨਾਲ ਨਾਰਾਜਗੀ ਹੋਣ ਕਾਰਨ ਉਹ ਆਪ ਦੇ ਨਾਲ ਖੜ੍ਹੇ ਹੋ ਗਏ ਸਨ| ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਇਸ ਮਜਬੂਤੀ ਦਾ ਸਿੱਧਾ ਨੁਕਸਾਨ ਅਕਾਲੀ ਦਲ ਨੂੰ ਹੀ ਹੋਇਆ ਸੀ ਕਿਉਂਕਿ ਕਾਂਗਰਸ ਪਾਰਟੀ ਨਾਲ ਨਫਰਤ ਕਰਨ ਵਾਲੇ ਅਜਿਹੇ ਵੋਟਰ (ਭਾਵੇਂ ਮਜਬੂਰੀ ਵਿੱਚ ਹੀ) ਉਸਦੇ ਪੱਖ ਵਿੱਚ ਭੁਗਤਦੇ ਹੁੰਦੇ ਸਨ| ਇਸਤੋਂ ਇਲਾਵਾ ਅਕਾਲੀ ਦਲ ਦੇ ਅਜਿਹੀ ਵੱਡੀ ਗਿਣਤੀ ਆਗੂ ਅਤੇ ਵਰਕਰ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਕੰਮ ਕਰਨ ਦੇ ਤਰੀਕੇ ਤੋਂ ਨਾਰਾਜ ਹੋ ਕੇ ਜਾਂ ਪਾਰਟੀ ਵਿੱਚ ਆਪਣੀ ਬਣਦੀ ਸੁਣਵਾਈ (ਜਾਂ ਕਦਰ) ਨਾ ਹੋਣ ਕਾਰਨ ਪਾਰਟੀ ਛੱਡ ਗਏ ਸਨ|
ਪੰਰਤੂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਜਿੱਥੇ ਪੰਜਾਬ ਭਰ ਵਿੱਚ ਸਿਆਸੀ ਸਰਗਰਮੀਆਂ ਤੇਜ ਕੀਤੀਆਂ ਹੋਈਆਂ ਹਨ ਉੱਥੇ ਉਹਨਾਂ ਵਲੋਂ ਅਜਿਹੇ ਤਮਾਮ ਆਗੂਆਂ ਅਤੇ ਵਰਕਰਾਂ ਨੂੰ ਮਣਾ ਕੇ ਵਾਪਸ ਲਿਆਉਣ ਲਈ ਵੀ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਉਹ ਪਾਰਟੀ ਵਰਕਰਾਂ ਨਾਲ ਨਿੱਜੀ ਮੀਟਿੰਗਾਂ ਵੀ ਕਰ ਰਹੇ ਹਨ| ਸ਼ਾਹਕੋਟ ਦੀ ਜਿਮਣੀ ਚੋਣ ਮੌਕੇ ਉਹਨਾਂ ਵਲੋਂ ਨਾ ਸਿਰਫ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਬਲਕਿ ਕਾਂਗਰਸ ਦੇ ਇੱਕ ਸਾਬਕਾ ਮੰਤਰੀ ਅਤੇ ਕੁੱਝ ਹੋਰ ਆਗੂਆਂ ਨੂੰ ਵੀ ਉਹਨਾਂ ਨੇ ਆਪਣੇ ਨਾਲ ਜੋੜਣ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ ਅਤੇ ਉਹ ਆਪਣੀ ਤਾਕਤ ਲਗਾਤਾਰ ਵਧਾ ਰਹੇ ਹਨ|
ਦੂਜੇ ਪਾਸੇ ਕਾਂਗਰਸ ਪਾਰਟੀ ਦੇ ਕੇਡਰ ਵਿੱਚ ਇਸ ਵੇਲੇ ਨਿਰਾਸ਼ਾ ਦਾ ਆਲਮ ਦਿਖਦਾ ਹੈ ਅਤੇ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਤਕ ਵਿੱਚ ਸਰਕਾਰ ਦੀ ਕਾਰਗੁਜਾਰੀ ਪ੍ਰਤੀ ਨਿਰਾਸ਼ਾ ਜਾਹਿਰ ਹੁੰਦੀ ਹੈ| ਕਾਂਗਰਸੀ ਆਗੂ ਆਮ ਗੱਲਬਾਤ ਵਿੱਚ ਕਹਿੰਦੇ ਹਨ ਕਿ ਸਰਕਾਰ ਵਿੱਚ ਪਾਰਟੀ ਵਰਕਰਾਂ ਦੀ ਕੋਈ ਪੁੱਛ ਨਹੀਂ ਹੈ ਅਤੇ ਸਰਕਾਰ ਦੇ ਸਾਰੇ ਫੈਸਲੇ ਅਫਸਰਸ਼ਾਹੀ ਵਲੋਂ ਹੀ ਲਏ ਜਾਂਦੇ ਹਨ ਅਤੇ ਆਮ ਪਾਰਟੀ ਵਰਕਰ ਤਾਂ ਇੱਕ ਪਾਸੇ ਅਧਿਕਾਰੀ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਤਕ ਦੀ ਸੁਣਵਾਈ ਨਹੀਂ ਕਰਦੇ| ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੇ ਐਮ ਪੀ ਚੁਣੇ ਜਾਣ ਤੋਂ ਬਾਅਦ ਉਹਨਾਂ ਦੀਆਂ ਸਿਆਸੀ ਸਰਗਰਮੀਆਂ ਵੀ ਪਹਿਲਾਂ ਨਾਲੋਂ ਘੱਟ ਗਈਆਂ ਹਨ|
ਇੰਨਾ ਹੀ ਨਹੀਂ ਪੰਜਾਬ ਦੀ ਜਨਤਾ ਵਿੱਚ ਸਰਕਾਰ ਦੀ ਕਾਰਗੁਜਾਰੀ ਕਾਰਨ ਰੋਸ ਵੱਧ ਰਿਹਾ ਹੈ| ਸਰਕਾਰੀ ਕਰਮਚਾਰੀ, ਵਪਾਰੀ, ਮਜਦੂਰ, ਕਿਸਾਨ ਗੱਲ ਕੀ ਸਮਾਜ ਦੇ ਵੱਖ ਵੱਖ ਵਰਗਾਂ ਵਿੱਚ ਸਰਕਾਰ ਪ੍ਰਤੀ ਵੱਧਦਾ ਰੋਸ ਵੀ ਲੋਕਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਵਾਸਤੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ ਅਤੇ ਵੇਖਣਾ ਇਹ ਹੈ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਇਸ ਚੁਣੌਤੀ ਦਾ ਸਾਮ੍ਹਣਾ ਕਰਨ ਵਿੱਚ ਕਿਸ ਹੱਦ ਤਕ ਕਾਮਯਾਬ ਰਹਿੰਦੀ ਹੈ|

Leave a Reply

Your email address will not be published. Required fields are marked *