ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਨਹੀਂ : ਕੈਪਟਨ ਅਮਰਿੰਦਰ ਸਿੰਘ 15 ਫਰਵਰੀ ਤੱਕ ਮਿਉਂਸਪਲ ਚੋਣਾਂ ਕਰਵਾ ਦੇਵੇਗੀ ਸਰਕਾਰ


ਖਰੜ, 31 ਦਸੰਬਰ (ਸ਼ਮਿੰਦਰ ਸਿੰਘ) ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਭਾਜਪਾ ਆਗੂ ਇਸ ਸੰਬੰਧੀ ਬੇਲੋੜੀ ਬਿਆਨਬਾਜੀ ਕਰ ਰਹੇ ਹਨ, ਜਦੋਂਕਿ ਇੰਡੀਆ ਟੂਡੇ ਵਲੋਂ ਕੀਤੇ ਗਏ ਸਰਵੇ ਵਿੱਚ ਪੰਜਾਬ ਨੂੰ ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਅੱਵਲ ਰਾਜ ਦਾ ਦਰਜਾ ਮਿਲਿਆ ਹੈ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਖੀ। ਉਹ ਬਲੌਂਗੀ ਤੋਂ ਖਾਨਪੁਰ ਤੱਕ ਬਣਾਏ ਗਏ ਫਲਾਈਓਵਰ ਦਾ ਰਸਮੀ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਮਿਉਂਸਪਲ ਚੋਣਾਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਚੋਣਾਂ ਛੇਤੀ ਹੀ ਕਰਵਾਈਆਂ ਜਾ ਰਹੀਆਂ ਹਨ।
ਕੇਂਦਰੀ ਸੜਕਾਂ ਅਤੇ ਆਵਾਜਾਈ ਮੰਤਰੀ ਸ੍ਰੀ ਨਿਤਿਨ ਗੜਕੜੀ ਦਾ ਧੰਨਵਾਦ ਕਰਦਿਆਂ ਉਹਨਾਂ ਕਿਹਾ ਕਿ 360 ਕਰੋੜ ਦੀ ਲਾਗਤ ਵਾਲਾ ਇਹ ਪ੍ਰੋਜੈਕਟ ਭਾਵੇਂ ਥੋੜਾ ਪਿਛੜ ਕੇ ਮੁਕੰਮਲ ਹੋਇਆ ਹੈ ਪਰੰਤੂ ਇਸ ਵਾਸਤੇ ਉਹ ਕੇਂਦਰੀ ਮੰਤਰੀ ਦੇ ਧੰਨਵਾਦੀ ਹਨ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਜਿਹੜਾ ਥੋੜਾ ਹਿੱਸਾ ਮੁਕੰਮਲ ਹੋਣ ਤੋਂ ਰਹਿ ਗਿਆ ਹੈ ਉਹ ਵੀ ਅਗਲੇ 15 ਦਿਨਾਂ ਦੌਰਾਨ ਪੂਰਾ ਕਰ ਲਿਆ ਜਾਵੇਗਾ।
ਜੀਓ ਦੇ ਟਾਵਰਾਂ ਤੇ ਹੋ ਰਹੇ ਹਮਲਿਆਂ ਬਾਰੇ ਉਹਨਾਂ ਕਿਹਾ ਕਿ ਟਾਵਰਾਂ ਦਾ ਮਾਮਲਾ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਜਿਆਦਾਤਰ ਟਾਵਰਾਂ ਦੀ ਮੁਰੰਮਤ ਕਰਵਾਈ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਅੱਜ ਵੀ ਤਿੰਨ ਥਾਵਾਂ ਤੇ ਟਾਵਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੋਈ ਸੀ ਪਰੰਤੂ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ।
ਇਸ ਮੌਕੇ ਕੈਬਿਨਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਐਸ ਡੀ ਐਮ ਹਿਮਾਂਸ਼ੂ ਜੈਨ, ਡੀ ਐਸ ਪੀ ਰੁਪਿੰਦਰ ਕੌਰ ਸੋਹੀ ਸਮੇਤ ਵੱਡੀ ਗਿਣਤੀ ਵਿਚ ਸਿਵਲ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਅਤੇ ਹੋਰ ਪਤਵੰਤੇ ਹਾਜਿਰ ਸਨ।

Leave a Reply

Your email address will not be published. Required fields are marked *