ਪੰਜਾਬ ਵਿੱਚ ਗੰਭੀਰ ਸਮੱਸਿਆ ਬਣੇ ਆਵਾਰਾ ਪਸ਼ੂ, ਆਵਾਰਾ ਕੁੱਤੇ ਅਤੇ ਬਾਂਦਰ ਗਊ ਟੈਕਸ ਦੇ ਨਾਮ ਉਪਰ ਇਕੱਠੇ ਹੁੰਦੇ ਅਰਬਾਂ ਰੁਪਏ ਆਖਰ ਜਾਂਦੇ ਨੇ ਕਿਹੜੇ ਖਾਤੇ ਵਿਚ?

ਐਸ ਏ ਐਸ ਨਗਰ,25 ਫਰਵਰੀ (ਸ.ਬ.) ਪੂਰੇ ਪੰਜਾਬ ਵਿਚ ਹੀ ਇਸ     ਸਮੇਂ ਆਵਾਰਾ ਪਸ਼ੂ, ਆਵਾਰਾ ਕੁੱਤੇ ਅਤੇ ਬਾਂਦਰ ਇਕ ਬਹੁਤ ਵੱਡੀ ਸਿਰਦਰਦੀ ਬਣੇ ਹੋਏ ਹਨ| ਲਹਿਰਾਗਾਗਾ ਅਤੇ ਹੋਰ ਇਲਾਕਿਆਂ ਵਿਚ ਤਾਂ ਲੋਕਾਂ ਨੇ ਬਾਂਦਰਾਂ ਤੋਂ ਬਚਾਓ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਜਾਲੀਆ ਵੀ ਲਵਾਉਣੀਆਂ ਸ਼ੁਰੂ ਕਰ ਦਿਤੀਆਂ ਹਨ| ਇਸਦੇ ਬਾਵਜੂਦ ਇਹਨਾਂ ਆਵਾਰਾ ਪਸ਼ੂਆਂ,ਆਵਾਰਾ ਕੁਤਿਆਂ ਤੇ ਬਾਂਦਰਾਂ ਦੀ ਦਹਿਸ਼ਤ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ|
ਸਿਰਫ ਮੁਹਾਲੀ ਹੀ ਨਹੀਂ ਸਗੋਂ ਪਟਿਆਲਾ, ਨਾਭਾ ਅਤੇ ਹੋਰ ਇਲਾਕਿਆਂ ਵਿਚ ਇਸ ਸਮੇਂ ਆਵਾਰਾ ਪਸ਼ੂ ਵੱਡੀ ਗਿਣਤੀ ਵਿਚ ਗਲੀਆਂ ਅਤੇ ਮੁੱਖ ਸੜਕਾਂ ਉਪਰ ਫਿਰਦੇ ਹਨ, ਇਹ ਆਵਾਰਾ ਪਸ਼ੂ ਜਿਥੇ ਕੂੜਾ ਕਰਕਟ ਫਰੋਲ ਕੇ ਗੰਦਗੀ ਫੈਲਾਉਂਦੇ ਹਨ, ਉਥੈ ਹੀ ਇਹਨਾਂ ਆਵਾਰਾ ਪਸ਼ੂਆਂ ਕਾਰਨ ਬਹੁਤ ਹਾਦਸੇ ਵਾਪਰ ਚੁਕੇ ਹਨ| ਇਥੇ ਇਹ ਵੀ ਜਿਕਰਯੋਗ ਹੈ ਕਿ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਅਨੇਕਾਂ ਗਊਸਾਲਾਵਾਂ ਬਣਾਈਆਂ ਹੋਈਆਂ ਹਨ ਪਰ ਫਿਰ ਵੀ ਆਵਾਰਾ ਪਸ਼ੂ ਸੜਕਾਂ ਤੇ ਗਲੀਆਂ ਵਿਚ ਹੀ ਘੁੰਮਦੇ ਰਹਿੰਦੇ ਹਨ| ਗਊਸਾਲਾਵਾਂ ਵਾਲੇ ਵੀ ਦੁਧਾਰੂ ਪਸੂਆਂ ਨੂੰ ਹੀ ਵਧੇਰੇ ਕਰਕੇ ਰੱਖਦੇ ਹਨ ਜਿਸ ਕਰਕੇ ਦੁੱਧ ਨਾ ਦੇਣ ਵਾਲੇ ਪਸ਼ੂ ਆਵਾਰਾ ਹੀ ਘੁੰਮਦੇ ਰਹਿੰਦੇ ਹਨ| ਲੋਕਾਂ ਵਿਚ ਇਸ ਗੱਲ ਦੀ ਵੀ ਚਰਚਾ ਹੋ ਰਹੀ ਹੈ ਕਿ ਅਜ ਪੰਜਾਬ ਵਿਚ ਹਰ ਚੀਜ ਉਪਰ ਹੀ ਗਊ ਟੈਕਸ ਲਾ ਕੇ ਪੈਸੇ ਵਸੂਲੇ ਜਾ ਰਹੇ ਹਨ, ਇਥੋਂ ਤਕ ਕਿ ਬਿਜਲੀ ਬਿਲਾਂ ਉਪਰ ਵੀ ਗਊ ਸੈਸ ਦੇ ਨਾਮ ਉਪਰ ਮੋਟਾ ਟੈਕਸ ਲਗਾਇਆ ਹੋਇਆ ਹੈ ਇਸ ਤਰਾਂ ਗਊ ਟੈਕਸ ਦੇ ਨਾਮ ਉਪਰ ਇਕਠਾ ਕੀਤਾ ਜਾਂਦਾ ਅਰਬਾਂ ਰੁਪਇਆ ਆਖਰ ਜਾਂਦਾ ਕਿਹੜੇ ਖਾਤੇ ਵਿਚ ਹੈ, ਜਦੋਂ ਕਿ ਆਵਾਰਾ ਪਸ਼ੂਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ| ਇਹ ਆਵਾਰਾ ਪਸ਼ੂ ਖੇਤਾਂ ਵਿਚ ਜਾ ਕੇ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਕਰ ਦਿੰਦੇ ਹਨ, ਜੇ ਕੋਈ ਕਿਸਾਨ ਇਹਨਾਂ ਆਵਾਰਾ ਪਸ਼ੂਆਂ ਦੇ ਆਪਣੀ ਫਸਲ ਬਚਾਉਣ ਲਈ ਸੋਟੀ ਵੀ ਮਾਰ ਦੇਵੇ ਤਾਂ ਕਈ ਗਊ ਭਗਤ ਉਸ ਕਿਸਾਨ ਦੇ ਗਲ ਪੈ ਜਾਂਦੇ ਹਨ| ਜਿਸ ਕਰਕੇ ਡਰਦੇ ਮਾਰੇ ਕਿਸਾਨ ਆਪਣੀਆਂ ਅੱਖਾਂ ਸਾਹਮਣੇ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਦਾ ਆਵਾਰਾ ਪਸ਼ੂਆਂ ਵਲੋਂ ਕੀਤਾ ਜਾਂਦਾ ਨੁਕਸਾਨ ਵੇਖਣ ਲਈ ਮਜਬੂਰ ਹਨ|
ਇਸੇ ਤਰਾਂ ਆਵਾਰਾ ਕੁੱਤੇ ਵੀ ਪੂਰੇ ਪੰਜਾਬ ਵਿਚ ਹੀ ਗੰਭੀਰ ਸਮਸਿਆ ਬਣ ਗਏ ਹਨ| ਭਾਵੇਂ ਕਿ ਮੁਹਾਲੀ ਵਰਗੇ ਸ਼ਹਿਰ ਵਿਚ ਪਹਿਲਾਂ ਕੁਤਿਆਂ ਦੀ ਨਸਬੰਦੀ ਮੁਹਿੰਮ ਵੀ ਚਲਾਈ ਗਈ ਸੀ ਪਰ ਫਿਰ ਵੀ ਇਸ ਸ਼ਹਿਰ ਵਿਚ ਵੀ ਆਵਾਰਾ ਕੁਤਿਆਂ ਦੀ ਭਰਮਾਰ ਹੈ| ਇਸੇ ਤਰਾਂ ਨਾਭਾ ਅਤੇ ਪਟਿਆਲਾ ਇਲਾਕਿਆਂ ਵਿਚ ਵੀ ਖੂੰਖਾਰ ਆਵਾਰਾ ਕੁੱੇਤੇ ਗਲੀਆਂ ਅਤੇ ਸੜਕਾਂ ਉਪਰ ਘੁੰਮਦੇ ਰਹਿੰਦੇ ਹਨ ਜੋ ਕਿ ਅਕਸਰ ਹੀ ਰਾਹਗੀਰਾਂ ਉਪਰ ਹਮਲਾ ਕਰ ਦਿੰਦੇ ਹਨ ਅਤੇ ਇਸ ਕਾਰਨ        ਅਨੇਕਾਂ ਲੋਕ ਜਖਮੀ ਹੋ ਚੁਕੇ ਹਨ| ਇਥੇ ਹੀ ਬਸ ਨਹੀਂ ਪਿਛਲੇ ਦਿਨੀਂ ਇਕ ਛੋਟੇ ਬੱਚੇ ਨੂੰ ਤਾਂ ਆਵਾਰਾ ਕੁੱਤੇ ਨੋਚ ਨੋਚ ਕੇ ਹੀ ਖਾ ਗਏ ਸਨ| ਇਸ ਤੋਂ ਪਹਿਲਾਂ ਵੀ ਇਸ ਤਰਾਂ ਦੀਆਂ ਘਟਨਾਵਾਂ ਵਾਪਰ ਚੁਕੀਆਂ ਹਨ, ਜਿਸ ਕਰਕੇ ਆਵਾਰਾ ਕੁੱਤੇ ਹਰ ਸ਼ਹਿਰ ਵੀ ਇਕ ਸਿਰਦਰਦੀ ਬਣੇ ਹੋਏ ਹਨ| ਇਹਨਾਂ ਆਵਾਰਾ ਕੁਤਿਆਂ ਕਾਰਨ ਸੜਕ ਹਾਦਸੇ ਵੀ ਬਹੁਤ ਹੋ ਰਹੇ ਹਨ|
ਇਸ ਤੋਂ ਇਲਾਵਾ ਬਾਂਦਰ ਵੀ ਨਾਭਾ ਅਤੇ ਪਟਿਆਲਾ ਸਮੇਤ  ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ਵਿਚ ਸਿਰਦਰਦੀ ਬਣੇ ਹੋਏ ਹਨ| ਇਹ ਬਾਂਦਰ ਵੀ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਫਸਲਾਂ ਦਾ ਨੁਕਸਾਨ ਕਰ ਦਿੰਦੇ ਹਨ ਅਤੇ ਰਿਹਾਇਸੀ ਇਲਾਕਿਆਂ ਵਿਚ ਜਾ ਕੇ ਘਰਾਂ ਦੀਆਂ ਛੱਤਾਂ ਉਪਰ ਸੁੱਕਣ ਲਈ ਪਾਏ ਹੋਏ ਕਪੜੇ ਪਾੜ ਦਿੰਦੇ ਹਨ| ਕਈ ਵਾਰ ਤਾਂ ਬਾਂਦਰਾ ਵਲੋਂ ਵੀ ਬੱਚਿਆਂ ਉਪਰ ਹਮਲਾ ਕਰਨ ਦੀਆਂ ਘਟਨਾਵਾਂ ਵਾਪਰ ਚੁਕੀਆਂ ਹਨ| ਕਈ ਇਲਾਕਿਆਂ ਵਿਚ ਤਾਂ ਲੋਕਾਂ ਨੇ ਬਾਂਦਰਾਂ ਦੇ ਡਰ ਕਾਰਨ ਆਪਣੇ ਘਰਾਂ ਦੇ ਅ ਾਲੇ ਦੁਆਲੇ ਜਾਲੀਆ ਲਗਵਾ ਲਈਆਂ ਹਨ ਅਤੇ ਅਨੇਕਾਂ ਲੋਕ ਇਸ ਤਰਾਂ ਦੀਆਂ ਜਾਲੀਆਂ ਲਗਵਾ ਰਹੇ ਹਨ|
ਕਹਿਣ ਦਾ ਭਾਵ ਇਹ ਹੈ ਕਿ ਆਵਾਰਾ ਪਸ਼ੂ, ਆਵਾਰਾ ਕੁੱਤੇ ਅਤੇ ਬਾਂਦਰ ਪੰਜਾਬ ਵਾਸੀਆਂ ਲਈ ਇਕ ਬਹੁਤ ਵੱਡੀ ਸਿਰਦਰਦੀ ਬਣ ਗਏ ਹਨ,ਪਰ ਇਹਨਾ ਦੀ ਰੋਕਥਾਮ ਲਈ ਪ੍ਰਸ਼ਾਸਨ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਇਹਨਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਹੀ ਜਾ ਰਹੀ ਹੈ|

Leave a Reply

Your email address will not be published. Required fields are marked *