ਪੰਜਾਬ ਵਿੱਚ ਤੀਜੇ ਰਾਜਸੀ ਬਦਲ ਦੀ ਸੰਭਾਵਨਾ ਮੱਧਮ ਪਈ

ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸੀਟਾਂ ਤੇ ਮੁੱਖ ਮੁਕਾਬਲਾ ਅਕਾਲੀ ਦਲ- ਭਾਜਪਾ ਗਠਜੋੜ ਅਤੇ ਕਾਂਗਰਸ ਵਿਚਾਲੇ ਹੋਣ ਦੀ ਸੰਭਾਵਨਾ
ਐਸ ਏ ਐਸ ਨਗਰ, 7 ਜਨਵਰੀ (ਸ.ਬ.) ਪੰਜਾਬ ਵਿੱਚ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦੇ ਮੁਕਾਬਲੇ ਤੀਜਾ ਰਾਜਸੀ ਬਦਲ ਖੜਾ ਕਰਨ ਦੀ ਸੰਭਾਵਨਾ ਮੱਧਮ ਪੈ ਗਈ ਹੈ| ਭਾਵੇਂ ਕਿ ਆਮ ਆਦਮੀ ਪਾਰਟੀ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਚਾਰ ਸੀਟਾਂ ਜਿੱਤ ਕੇ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਤੀਜਾ ਰਾਜਸੀ ਬਦਲ ਦੇਣ ਦਾ ਦਾਅਵਾ ਕੀਤਾ ਸੀ ਪਰ ਇਸ ਪਾਰਟੀ ਦੀ ਅੰਦਰੂਨੀ ਫੁੱਟ ਇਸ ਪਾਰਟੀ ਨੂੰ ਲੈ ਕੇ ਬੈਠ ਗਈ ਲੱਗਦੀ ਹੈ| ਹੁਣ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਆਪ ਦੀ ਮੁੱਢਲੀ ਮੈਂਬਰਸ਼ਿਪ ਵੀ ਛੱਡ ਦੇਣ ਕਾਰਨ ਇਸ ਪਾਰਟੀ ਵਿਚਲਾ ਅੰਦਰੂਨੀ ਸੰਕਟ ਹੋਰ ਵੀ ਡੂੰਘਾ ਹੋ ਗਿਆ ਅਤੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਤੀਜਾ ਰਾਜਸੀ ਬਦਲ ਦੇਣ ਦੀ ਸਕੀਮ ਬਿਲਕੁਲ ਠੁੱਸ ਹੋ ਗਈ|
ਆਮ ਆਦਮੀ ਪਾਰਟੀ ਦੀ ਪੰਜਾਬ ਵਿਚਲੀ ਇਕਾਈ ਵਿੱਚ ਮਚੇ ਘਮਸਾਨ ਤੋਂ ਬਾਅਦ ਇੱਕ ਵਾਰ ਤਾਂ ਇਸ ਪਾਰਟੀ ਦੀ ਹੋਂਦ ਉਪਰ ਸਵਾਲ ਖੜੇ ਹੋਣ ਲੱਗ ਗਏ ਸਨ| ਭਾਵੇਂ ਕਿ ਬੇਅਦਬੀ ਕਾਂਡ ਦੀ ਜਾਂਚ ਕਰ ਚੁੱਕੇ ਸਾਬਕਾ ਜਸਟਿਸ ਜੌਰਾ ਸਿੰਘ ਮਾਨ ਵਲੋਂ ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਬਾਅਦ ਇਸ ਪਾਰਟੀ ਨੂੰ ਕੁਝ ਸਹਾਰਾ ਮਿਲਿਆ ਪਰੰਤੂ ਉਸ ਤੋਂ ਬਾਅਦ ਲਗਾਤਾਰ ਵਾਪਰੇ ਘਟਨਾਕ੍ਰਮ ਅਤੇ ਵਿਧਾਇਕ ਐਚ ਐਸ ਫੂਲਕਾ ਵਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਨਵੀਂ ਪਾਰਟੀ ਬਣਾਉਣ ਦੇ ਕੀਤੇ ਐਲਾਨ ਨਾਲ ਆਪ ਦੀ ਸਥਿਤੀ ਕਾਫੀ ਕਮਜੋਰ ਹੋ ਗਈ ਹੈ| ਵਿਧਾਇਕ ਐਚ ਐਸ ਫੂਲਕਾ ਦੇ ਇਕ ਕੇਂਦਰੀ ਮੰਤਰੀ ਨਾਲ ਮੁਲਾਕਾਤਾਂ ਨੇ ਕਈ ਕਿਆਸ ਅਰਾਈਆਂ ਨੂੰ ਵੀ ਜਨਮ ਦੇ ਦਿੱਤਾ ਹੈ ਤੇ ਰਾਜਨੀਤੀ ਵਿੱਚ ਨਵੇਂ ਸਮੀਕਰਨ ਬਣਨ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ|
ਬੇਅਦਬੀ ਮਾਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਦੋ ਨੌਜਵਾਨਾਂ ਦੇ ਕਤਲ ਮਾਮਲਿਆਂ ਵਿੱਚ ਇਨਸਾਫ ਦੀ ਪ੍ਰਾਪਤੀ ਲਈ ਲਗਾਤਾਰ 6 ਮਹੀਨੇ ਤਕ ਬਰਗਾੜੀ ਵਿਖੇ ਲੱਗਿਆ ਰਿਹਾ ਪੰਥਕ ਮੋਰਚਾ ਵੀ ਬਿਨਾਂ ਕਿਸੇ ਵੱਡੀ ਪ੍ਰਾਪਤੀ ਦੇ ਖਤਮ ਹੋ ਗਿਆ ਹੈ ਅਤੇ ਇਹ ਮੋਰਚਾ ਚਲਾ ਰਹੀਆਂ ਪੰਥਕ ਧਿਰਾਂ ਵੀ ਜਿੱਤ ਕੇ ਅੰਤ ਨੂੰ ਹਾਰ ਗਈਆਂ ਹਨ| ਪੰਜਾਬ ਵਾਸੀਆਂ ਨੂੰ ਆਸ ਬਣੀ ਹੋਈ ਸੀ ਕਿ ਬਰਗਾੜੀ ਮੋਰਚੇ ਵਿਚੋਂ ਪੰਜਾਬ ਦੀ ਨਵੀਂ ਲੀਡਰਸ਼ਿਪ ਪੈਦਾ ਹੋ ਸਕਦੀ ਹੈ, ਪਰ ਇਹਨਾਂ ਆਸਾਂ ਨੂੰ ਵੀ ਬੂਰ ਨਾ ਪਿਆ ਅਤੇ ਇਹ ਮੋਰਚਾ ਬਿਨਾਂ ਕੋਈ ਅਹਿਮ ਪ੍ਰਾਪਤੀ ਕਰਨ ਦੇ ਸਮਾਪਤ ਹੋ ਗਿਆ|
ਇਸਤੋਂ ਪਹਿਲਾਂ ਵੀ ਕਈ ਪਾਰਟੀਆਂ ਨੇ ਸੂਬੇ ਦੀਆਂ ਰਵਾਇਤੀ ਪਾਰਟੀਆਂ (ਅਕਾਲੀ ਦਲ ਬਾਦਲ ਅਤੇ ਕਾਂਗਰਸ) ਦੇ ਮੁਕਾਬਲੇ ਤੀਜਾ ਰਾਜਸੀ ਬਦਲ ਦੇਣ ਦਾ ਯਤਨ ਕੀਤਾ ਹੈ ਅਤੇ ਪੰਜਾਬੀਆਂ ਨੇ ਵੀ ਇਹਨਾਂ ਤੀਜੇ ਮੋਰਚੇ ਦੇ ਯਤਨਾਂ ਨੂੰ ਭਰਪੂਰ ਹੁੰਗਾਰਾ ਭਰਿਆ ਹੈ| ਇੱਕ ਵਾਰ ਤਾਂ ਅਜਿਹਾ ਵੀ ਹੋਇਆ ਸੀ ਕਿ ਲੋਕਸਭਾ ਚੋਣਾਂ ਦੌਰਾਨ ਪੰਜਾਬੀਆਂ ਨੇ ਅਕਾਲੀ ਦਲ ਮਾਨ ਦੇ 9 ਉਮੀਦਵਾਰਾਂ ਨੂੰ ਜੇਤੂ ਬਣਾਇਆ ਸੀ ਪਰ ਇਹ ਪਾਰਟੀ ਵੀ ਪੰਜਾਬੀਆਂ ਦੀਆਂ ਆਸਾਂ ਉਪਰ ਖਰੀ ਨਹੀਂ ਸੀ ਉਤਰ ਪਾਈ| ਕੁਝ ਅਜਿਹਾ ਹੀ ਹਾਲ ਹੁਣ ਆਮ ਆਦਮੀ ਪਾਰਟੀ ਦਾ ਵੀ ਹੋਇਆ ਹੈ| ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਉਪਰ ਭਰੋਸਾ ਕਰਦਿਆਂ ਪੰਜਾਬ ਵਿੱਚ ਪੂਰੀਆਂ ਚਾਰ ਸੀਟਾਂ ਉਪਰ ਜੇਤੂ ਬਣਾਇਆ ਸੀ ਪਰ ਆਮ ਆਦਮੀ ਪਾਰਟੀ ਵੀ ਪੰਜਾਬੀਆਂ ਦੀਆਂ ਉਮੀਦਾਂ ਉਪਰ ਖਰਾ ਨਹੀਂ ਉਤਰ ਸਕੀ ਤੇ ਆਪਸੀ ਫੁੱਟ ਕਾਰਨ ਖੇਰੂੰ ਖੇਰੂੰ ਹੋ ਗਈ|
ਪੰਜਾਬ ਵਿੱਚ ਹੁਣ ਕੋਈ ਅਜਿਹੀ ਧਿਰ ਨਜਰ ਨਹੀਂ ਆ ਰਹੀ ਹੈ ਜਿਹੜੀ ਕਾਂਗਰਸ ਅਤੇ ਅਕਾਲੀਆਂ ਦੇ ਮੁਕਾਬਲੇ ਤੀਜਾ ਰਾਜਸੀ ਬਦਲ ਖੜਾ ਕਰ ਸਕੇ ਅਤੇ ਇਹ ਤੈਅ ਲੱਗਦਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚਲੀਆਂ ਸੀਟਾਂ ਉਪਰ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ- ਭਾਜਪਾ ਗਠਜੋੜ ਵਿਚਾਲੇ ਹੀ ਹੋਵੇਗਾ|

Leave a Reply

Your email address will not be published. Required fields are marked *