ਪੰਜਾਬ ਵਿੱਚ ਫਲੇਵਰਡ ਚਬਾਉਣ ਵਾਲੇ ਤੰਬਾਕੂ, ਗੁਟਕਾ ਅਤੇ ਤੰਬਾਕੂ/ਨਿਕੋਟੀਨ ਯੁਕਤ ਪਾਨ ਮਸਾਲੇ ਤੇ ਪਾਬੰਦੀ

ਚੰਡੀਗੜ੍ਹ, 12 ਅਕਤੂਬਰ (ਸ.ਬ.) ਪੰਜਾਬ ਸਰਕਾਰ ਵਲੋਂ ਰਾਜ ਵਿੱਚ ਗੁਟਖੇ, ਅਤੇ ਪਾਨ ਮਸਾਲੇ (ਜਿਸ ਵਿੱਚ ਤੰਬਾਕੂ ਜਾਂ ਨਿਕੋਟੀਨ ਦੀ ਮਾਤਰਾ ਹੋਵੇ), ਚਬਾਉਣ ਯੋਗ ਤੰਬਾਕੂ ਜਾਂ ਤੰਬਾਕੂ ਜਾਂ ਨਿਕੋਟੀਨ ਮਿਲਾ ਕੇ ਤਿਆਰ ਕੀਤੇ ਗਏ ਕਿਸੇ ਵੀ ਉਤਪਾਦ ਦੀ ਵਿਕਰੀ ਜਾਂ ਵੰਡ ਅਤੇ ਸਟੋਰੇਜ ਤੇ ਇੱਕ ਸਾਲ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ|
ਪੰਜਾਬ ਦੇ ਫੂਡ ਐਂਡ ਡ੍ਰਗ ਐਡਮਿਨਸਟ੍ਰੇਸ਼ਨ ਵਿਭਾਗ ਦੇ ਕਮਿਸ਼ਨਰ ਸ੍ਰ. ਕੇ ਐਸ ਪੰਨੂੰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਇਸ ਸੰਬੰਧੀ 9 ਅਕਤੂਬਰ ਨੂੰ ਨੋਟਿਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ| ਉਹਨਾਂ ਕਿਹਾ ਕਿ ਭਾਵੇਂ ਇਹ ਉਤਪਾਦ ਪੈਕ ਕੀਤੇ ਜਾਂ ਨਾ ਕੀਤੇ ਹੋਣ, ਇਕੱਲੇ ਜਾਂ ਵੱਖ-ਵੱਖ ਪੈਕਟ ਸਾਂਝੇ ਤੌਰ ਤੇ ਵੇਚੇ ਜਾਣ, ਇਹਨਾਂ ਤੇ ਪਾਬੰਦੀ ਸਬੰਧੀ ਇਹ ਨਿਯਮ ਸਖ਼ਤੀ ਨਾਲ ਲਾਗੂ ਹੋਣਗੇ|
ਉਹਨਾਂ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਗੁਟਕੇ ਦੀ ਵਿਕਰੀ ਤੇ ਲਗਾਈ ਪਾਬੰਦੀ ਨੂੰ ਨਾਕਾਮ ਬਣਾਉਣ ਲਈ ਉਤਪਾਦਕਾਂ ਵਲੋਂ ਜੋ ਪਾਨ ਮਸਾਲਾ (ਬਿਨਾਂ ਤੰਬਾਕੂ) ਵੇਚਿਆ ਜਾਂਦਾ ਹੈ ਅਤੇ ਫਲੇਵਰਡ ਚਬਾਉਣ ਵਾਲਾ ਤੰਬਾਕੂ ਵੱਖਰੇ ਸੈਸ਼ੇ ਵਿਚ ਪੈਕ ਕਰਕੇ ਦਿੱਤਾ ਜਾਂਦਾ ਹੈ| ਅਜਿਹਾ ਇਕੋ ਵਿਕਰੇਤਾ ਵਲੋਂ ਇਕੋ ਥਾਂ ਤੇ ਦੋਵਾਂ ਚੀਜ਼ਾਂ ਨੂੰ ਇਕੱਠਿਆਂ ਵੇਚਿਆ ਜਾਂਦਾ ਹੈ| ਇਹ ਜਾਣਬੁੱਝ ਕੇ ਕੀਤਾ ਜਾਂਦਾ ਹੈ ਤਾਂ ਜੋ ਉਪਭੋਗਤਾ ਪਾਨ ਮਸਾਲਾ ਅਤੇ ਫਲੇਵਰਡ ਚਬਾਉਣ ਵਾਲਾ ਤੰਬਾਕੂ ਇਕੋ ਥਾਂ ਤੋਂ ਖਰੀਦ ਕੇ ਇਸ ਦਾ ਮਿਸ਼ਰਣ ਬਣਾ ਕੇ ਇਸ ਨੂੰ ਗੁਟਕੇ ਦੀ ਥਾਂ ਵਰਤ ਸਕਣ| ਉਹਨਾਂ ਕਿਹਾ ਕਿ ਗੁਟਕਾ ਜੋ ਕਿ ਸੇਵਨ ਲਈ ਪਹਿਲਾਂ ਤੋਂ ਹੀ ਤਿਆਰ ਮਿਸ਼ਰਣ ਹੁੰਦਾ ਹੈ, ਉਸ ਦੀ ਥਾਂ ‘ਤੇ ਪਾਨ ਮਸਾਲਾ ਅਤੇ ਫਲੇਵਰਡ/ਸੁਗੰਧਿਤ ਚਬਾਉਣ ਵਾਲੇ ਤੰਬਾਕੂ ਵੀ ਵਰਤੇ ਜਾ ਰਹੇ ਹਨ| ਇਸ ਦੇ ਮੱਦੇਨਜ਼ਰ ਸੂਬੇ ਵਿਚ ਪ੍ਰੋਸੈਸਡ/ਫਲੇਵਰਡ/ ਸੁਗੰਧਿਤ ਚਬਾਉਣ ਵਾਲੇ ਤੰਬਾਕੂ, ਗੁਟਕਾ ਅਤੇ ਤੰਬਾਕੂ ਯੁਕਤ ਪਾਨ ਮਸਾਲੇ ‘ਤੇ ਪਾਬੰਦੀ ਲਗਾਈ ਗਈ ਹੈ|

Leave a Reply

Your email address will not be published. Required fields are marked *