ਪੰਜਾਬ ਵਿੱਚ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ

ਪੰਜਾਬ ਵਿੱਚ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ
ਮੁਹਾਲੀ ਜਿਲ੍ਹੇ ਵਿੱਚ ਨਹੀਂ ਦਿਖਿਆ ਬੰਦ ਦਾ ਕੋਈ ਅਸਰ
ਐਸ ਏ ਐਸ ਨਗਰ, 10 ਅਪ੍ਰੈਲ (ਜਗਮੋਹਨ ਸਿੰਘ) ਪੰਜਾਬ ਵਿੱਚ ਜਨਰਲ ਵਰਗਾਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਵੱਡੀ ਗਿਣਤੀ ਇਲਾਕਿਆਂ ਵਿੱਚ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਹੈ, ਉਥੇ ਹੀ ਬੰਦ ਦੌਰਾਨ ਕਈ ਖੇਤਰਾਂ ਵਿੱਚ ਦੋ ਧਿਰਾਂ ਵਿਚਾਲੇ ਝੜਪਾਂ ਹੋਣ ਦੀਆਂ ਖਬਰਾਂ ਵੀ ਪ੍ਰਾਪਤ ਹੋਈਆਂ ਹਨ|
ਮੁਹਾਲੀ ਜਿਲ੍ਹੇ ਵਿੱਚ ਜਿਥੇ ਬੰਦ ਦਾ ਕੋਈ ਖਾਸ ਅਸਰ ਵੇਖਣ ਨੂੰ ਨਹੀਂ ਮਿਲਿਆ, ਉਥੇ ਜਲੰਧਰ ਵਿੱਚ ਬੰਦ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ| ਜਲੰਧਰ ਦੇ ਕਾਲਾ ਸੰਘਿਆ ਇਲਾਕੇ ਵਿੱਚ ਜਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ| ਬਠਿੰਡਾ, ਬਰਨਾਲਾ, ਮਹਿਲ ਕਲਾਂ, ਪਟਿਆਲਾ, ਸਮਾਣਾ ਅਤੇ ਹੋਰ ਇਲਾਕਿਆਂ ਵਿੱਚ ਵੀ ਬੰਦ ਦਾ ਅਸਰ ਵੇਖਣ ਨੂੰ ਮਿਲਿਆ| ਇਹਨਾਂ ਸ਼ਹਿਰਾਂ ਵਿੱਚ ਮੁੱਖ ਬਾਜਾਰ ਬੰਦ ਰਹੇ| ਬਰਨਾਲਾ ਸ਼ਹਿਰ ਵਿੱਚ ਪਹਿਲਾਂ ਸਵੇਰ ਵੇਲੇ ਇੱਕ ਵਾਰ ਤਾਂ ਦੁਕਾਨਾਂ ਖੁਲ ਗਈਆਂ ਸਨ ਪਰ ਬਾਅਦ ਵਿੱਚ ਬਰਨਾਲਾ ਸ਼ਹਿਰ ਦੇ ਸਾਰੇ ਬਾਜਾਰ ਬੰਦ ਹੋ ਗਏ| ਬਰਨਾਲਾ ਦੇ ਵੱਡੀ ਗਿਣਤੀ ਦੁਕਾਨਦਾਰਾਂ ਨੇ ਕਿਸੇ ਅਣਸੁਖਾਂਵੀ ਘਟਨਾਂ ਤੋਂ ਡਰਦਿਆਂ ਦੁਕਾਨਾਂ ਬੰਦ ਕਰਨ ਨੂੰ ਹੀ ਤਰਜੀਹ ਦਿੱਤੀ| ਇਸੇ ਦੌਰਾਨ ਕੋਟਕਪੁਰਾ ਸ਼ਹਿਰ ਇਸ ਬੰਦ ਦੇ ਸੱਦੇ ਕਾਰਨ ਪੂਰਨ ਰੂਪ ਵਿੱਚ ਬੰਦ ਰਿਹਾ|
ਮੁਹਾਲੀ ਸ਼ਹਿਰ ਵਿੱਚ ਬੰਦ ਦਾ ਕੋਈ ਅਸਰ ਨਹੀਂ ਦਿਖਿਆ| ਇਸ ਬੰਦ ਦੌਰਾਨ ਸ਼ਹਿਰ ਦੀਆਂ ਸਾਰੀਆਂ ਹੀ ਮਾਰਕੀਟਾਂ ਆਮ ਵਾਂਗ ਖੁੱਲੀਆਂ ਸਨ|ਵੱਡੀ ਗਿਣਤੀ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਅੱਜ ਕਿਸੇ ਧਿਰ ਵਲੋਂ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ| ਸ਼ਹਿਰ ਦੇ ਵਿੱਚ ਸਾਰੇ ਹੀ ਸਰਕਾਰੀ ਦਫਤਰ ਖੁਲੇ ਸਨ ਅਤੇ ਹਰ ਮਾਰਕੀਟ ਅਤੇ ਇਲਾਕੇ ਵਿਚ ਆਮ ਵਾਂਗ ਹੀ ਕੰਮ ਕਾਜ ਹੋ ਰਹੇ ਸਨ|
ਅੰਮ੍ਰਿਤਸਰ ਵਿਖੇ ਬੰਦ ਦੌਰਾਨ ਦੁਕਾਨਾਂ ਜਬਰਦਸਤੀ ਬੰਦ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਸ਼ਾਸਤਰੀ ਮਾਰਕੀਟ ਵਿੱਚ ਸ਼ਿਵ ਸੈਨਾ ਵਰਕਰਾਂ ਅਤੇ ਦਲਿਤ ਸੰਗਠਨਾਂ ਵਿਚਾਲੇ ਬੰਦ ਦੇ ਮਾਮਲੇ ਨੂੰ ਲੈ ਕੇ ਅਤੇ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ ਦੇ ਮਾਮਲੇ ਵਿੱਚ ਤਕਰਾਰ ਹੋ ਗਈ ਪਰ ਕੋਈ ਮਾੜੀ ਘਟਨਾ ਵਾਪਰਨ ਤੋਂ ਬਚਾਓ ਰਿਹਾ|
ਨਕੋਦਰ ਵਿਖੇ ਬੰਦ ਦੌਰਾਨ ਜਬਰਦਸਤੀ ਦੁਕਾਨਾ ਬੰਦ ਕਰਵਾਉਣ ਦੇ ਮਾਮਲੇ ਦੌਰਾਨ ਦੋ ਧਿਰਾਂ ਵਿਚਾਲੇ ਇੱਟਾਂ ਰੋੜੇ ਚੱਲ ਪਏ| ਨਕੋਦਰ ਦੇ ਅੰਬੇਦਕਰ ਚੌਂਕ ਵਿੱਚ ਦੁਕਾਨਦਾਰਾਂ ਨੇ ਆਮ ਵਾਂਗ ਦੁਕਾਨਾਂ ਖੋਲੀਆਂ ਹੋਈਆਂ ਸਨ ਕਿ ਦੁਪਹਿਰ ਵੇਲੇ ਆਏ ਕੁਝ ਭਾਜਪਾ ਆਗੂਆਂ ਨੇ ਦੁਕਾਨਾਂ ਖੋਲਣ ਉਪਰ ਇਤਰਾਜ ਕੀਤਾ ਅਤੇ ਜਬਰਦਸਤੀ ਦੁਕਾਨਾਂ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ| ਦੁਕਾਨਦਾਰਾਂ ਵਲੋਂ ਇਸ ਦਾ ਵਿਰੋਧ ਕੀਤਾ ਗਿਆ| ਇਸੇ ਦੌਰਾਨ ਉਥੇ ਦਲਿਤ ਭਾਈਚਾਰੇ ਦੇ ਲੋਕ ਵੀ ਇੱਕਠੇ ਹੋ ਗਏ| ਜਿਸ ਕਾਰਨ ਉਥੇ ਦੋਵਾਂ ਧਿਰਾਂ ਵਿੱਚ ਤਨਾਓ ਉਪਰੰਤ ਇੱਟਾਂ ਰੋੜੇ ਚੱਲ ਪਏ| ਪੁਲੀਸ ਨੇ ਮੌਕੇ ਉਪਰ ਪਹੁੰਚ ਕੇ ਸਥਿਤੀ ਤੇ ਕਾਬੂ ਕੀਤਾ|
ਫਿਰੋਜਪੁਰ ਵਿੱਚ ਵੀ ਬੰਦ ਦੌਰਾਨ ਜਬਰਦਸਤੀ ਦੁਕਾਨਾਂ ਬੰਦ ਕਰਵਾਉਣ ਤੋਂ ਹੋਏ ਝਗੜੇ ਵਿੱਚ ਕਿਰਪਾਨਾਂ ਅਤੇ ਡਾਗਾਂ ਚੱਲੀਆਂ| ਫਿਰੋਜਪੁਰ ਦੀ ਸਕੁਲਰ ਰੋਡ ਉਪਰ ਬੰਦ ਦੌਰਾਨ ਦੁਕਾਨਾਂ ਖੁਲੀਆਂ ਹੋਈਆਂ ਸਨ ਜਿਹਨਾਂ ਨੂੰ ਕੁਝ ਵਿਅਕਤੀਆਂ ਵਲੋਂ ਜਬਰਦਸਤੀ ਬੰਦ ਕਰਵਾਉਣ ਦਾ ਯਤਨ ਕੀਤਾ ਗਿਆ ਤਾਂ ਉਥੇ ਤਨਾਓ ਪੈਦਾ ਹੋ ਗਿਆ| ਇਸ ਉਪਰੰਤ ਦੋ ਵੱਖ ਵੱਖ ਧਿਰਾਂ ਵਿਚਾਲੇ ਕਿਰਪਾਨਾਂ ਅਤੇ ਡਾਗਾਂ ਚਲੀਆਂ|
ਕਲਾਨੌਰ ਵਿੱਚ ਵੀ ਬੰਦ ਨੂੰ ਭਰਪੂਰ ਹੁੰਗਾਰਾ ਮਿਲਿਆ| ਵੱਡੀ ਗਿਣਤੀ ਦੁਕਾਨਦਾਰਾਂ ਨੇ ਕਿਸੇ ਅਣਸੁਖਾਂਵੀ ਘਟਨਾਂ ਤੋਂ ਡਰਦਿਆਂ ਖੁਦ ਹੀ ਦੁਕਾਨਾਂ ਬੰਦ ਰੱਖੀਆਂ|

Leave a Reply

Your email address will not be published. Required fields are marked *