ਪੰਜਾਬ ਵਿੱਚ ਸਸਤੇ ਰਾਸ਼ਨ ਦੇ ਸਰਕਾਰੀ ਡਿਪੂਆਂ ਵਿੱਚ ਬਾਇਓਮੈਟ੍ਰਿਕ ਪ੍ਰਣਾਲੀ ਰਾਹੀਂ ਰਾਸ਼ਨ ਦੀ ਵੰਡ ਕੀਤੀ ਜਾਵੇਗੀ : ਸਿਨਹਾ

ਐਸ.ਏ.ਐਸ. ਨਗਰ, 1 ਨਵੰਬਰ (ਸ.ਬ.)  ਪੰਜਾਬ ਵਿੱਚ ਸਸਤੇ ਰਾਸ਼ਨ ਦੇ ਸਰਕਾਰੀ ਡਿਪੂਆਂ ਵਿੱਚ ਹੁਣ ਬਾਇਓਮੈਟ੍ਰਿਕ ਪ੍ਰਣਾਲੀ ਰਾਹੀਂ ਰਾਸ਼ਨ ਦੀ ਵੰਡ ਕੀਤੀ ਜਾਵੇਗੀ| ਜਿਸ ਨਾਲ ਜਨਤਕ ਵੰਡ ਪ੍ਰਣਾਲੀ ਵਿੱਚ ਪੂਰੀ ਪਾਰਦਰਸ਼ਤਾ ਆਵੇਗੀ| ਇਸ ਗੱਲ ਦੀ ਜਾਣਕਾਰੀ ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਪੰਜਾਬ ਸ੍ਰੀ ਕੇ.ਏ.ਪੀ. ਸਿਨਹਾ ਨੇ ਮੁਹਾਲੀ ਦੇ ਫੇਜ਼-11 ਤੋਂ ਸਸਤੇ ਸਰਕਾਰੀ ਰਾਸ਼ਨ ਡਿਪੂ ਤੋਂ ਬਾਇਓਮੈਟ੍ਰਿਕ ਪ੍ਰਣਾਲੀ ਰਾਹੀਂ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਕਣਕ ਵੰਡਣ ਦੀ ਰਸਮੀ ਸ਼ੁਰੂਆਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ|
ਸ੍ਰੀ ਸਿਨਹਾ ਨੇ ਦੱਸਿਆ ਕਿ ਐਸ.ਏ.ਐਸ. ਨਗਰ ਜ਼ਿਲ੍ਹੇ ਤੋਂ ਜਨਤਕ ਵੰਡ ਪ੍ਰਣਾਲੀ ਵਿਚ ਸਸਤੇ ਸਰਕਾਰੀ ਰਾਸ਼ਨ ਡਿਪੂਆਂ ਤੋਂ ਬਾਇਓਮੈਟ੍ਰਿਕ ਸਿਸਟਮ ਸ਼ੁਰੂ ਕੀਤਾ ਗਿਆ ਹੈ ਅਤੇ 31 ਮਾਰਚ ਤੱਕ ਰਾਜ ਦੇ ਸਾਰੇ ਜਿਲ੍ਹਿਆਂ ਦੇ ਡਿਪੂਆਂ ਵਿੱਚ ਇਸ ਸਿਸਟਮ ਨੂੰ ਲਾਗੂ ਕਰ ਦਿੱਤਾ ਜਾਵੇਗਾ|  ਉਨ੍ਹਾਂ ਦੱਸਿਆ ਕਿ ਪਹਿਲਾਂ ਆਟਾ ਦਾਲ ਦੇ ਲਾਭਪਾਤਰੀਆਂ ਵੱਲੋਂ ਕਣਕ ਵਿਚ ਹੇਰਾਫੇਰੀ ਅਤੇ ਕਣਕ ਸਮੇਂ ਸਿਰ ਨਾ ਮਿਲਣ, ਅਤੇ ਸਹੀ ਲਾਭਪਾਤਰੀਆਂ ਕੋਲ ਨਾ ਪੁੱਜਣ ਸਬੰਧੀ ਕਈ ਕਿਸਮ ਦੀਆਂ ਸ਼ਿਕਾਇਤਾਂ ਮਿਲਦੀਆਂ ਸਨ| ਇਨ੍ਹਾਂ ਸਾਰੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਬਾਇਓਮੈਟ੍ਰਿਕ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸਰਕਾਰੀ ਡਿਪੂਆਂ ਵਿੱਚ ਇਹ ਪ੍ਰਣਾਲੀ ਸ਼ੁਰੂ ਹੋਣ ਨਾਲ ਜਨਤਕ ਵੰਡ ਪ੍ਰਣਾਲੀ ਵਿੱਚ ਪੂਰੀ ਪਾਰਦਰਸ਼ਤਾ ਆਵੇਗੀ ਅਤੇ ਇਸ ਸਕੀਮ ਦੇ ਸਹੀ ਲਾਭਪਾਤਰੀਆਂ ਨੂੰ ਹੀ ਕਣਕ ਮਿਲ ਸਕੇਗੀ| ਹੁਣ ਜਨਤਕ ਵੰਡ ਪ੍ਰਣਾਲੀ ਵਿਚ ਕਿਸੇ ਕਿਸਮ ਦੀ ਹੇਰਾਫੇਰੀ ਨਹੀਂ ਹੋ ਸਕੇਗੀ| ਉਨ੍ਹਾਂ ਹੋਰ ਕਿਹਾ ਕਿ ਔਰਤ ਦਾ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਇਸ ਸਿਸਟਮ ਦੇ ਸ਼ੁਰੂ ਹੋਣ ਨਾਲ ਔਰਤਾਂ ਦੇ ਸ਼ਸਕਤੀਕਰਨ ਨੂੰ ਵੀ ਬੜਾਵਾ ਮਿਲੇਗਾ|
ਸ੍ਰੀ ਸਿਨਹਾ ਨੇ ਦੱਸਿਆ ਕਿ ਪੰਜਾਬ ਵਿੱਚ ਕਰੀਬ 17 ਹਜ਼ਾਰ ਦੇ ਕਰੀਬ ਸਸਤੇ ਸਰਕਾਰੀ ਰਾਸ਼ਨ ਦੇ ਡਿਪੂ ਹਨ| ਜਿੱਥੇ ਕਿ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਸਲਾਨਾ 8 ਲੱਖ 70 ਹਜ਼ਾਰ ਮੀਟਰਿਕ ਟਨ ਕਣਕ ਵੰਡੀ ਜਾਂਦੀ ਹੈ| ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਕਣਕ 2 ਰੁਪਏ ਕਿੱਲੋ ਅਤੇ ਪ੍ਰਤੀ ਮੈਂਬਰ ਨੂੰ 5 ਕਿੱਲੋ ਪ੍ਰਤੀ ਮਹੀਨਾ ਅਤੇ ਪੰਜਾਬ ਵਿੱਚ 6 ਮਹੀਨੇ ਦੀ ਇਕੱਠੀ ਕਣਕ ਜੋ ਕਿ 30 ਕਿਲੋ ਬਣਦੀ ਹੈ ਦਿੱਤੀ ਜਾਂਦੀ ਹੈ| ਉਨ੍ਹਾਂ ਇਸ ਮੌਕੇ ਕਣਕ ਦੇ ਮਿਆਰ ਨੂੰ ਚੈਕ ਕੀਤਾ ਜਿਸ ਤੇ ਉਨ੍ਹਾਂ ਤਸੱਲੀ ਦਾ ਪ੍ਰਗਟਾਵਾ ਕੀਤਾ|
ਇਸ ਮੌਕੇ ਸੰਯੁਕਤ ਡਾਇਰਕੈਟਰ  ਸ੍ਰੀਮਤੀ ਸਿਮਰਨਜੋਤ ਕੌਰ ਨੇ ਦੱਸਿਆ ਕਿ ਐਸ.ਏ.ਐਸ. ਨਗਰ ਜ਼ਿਲ੍ਹੇ ਤੋਂ ਇਹ ਪ੍ਰਣਾਲੀ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਗਈ ਹੈ ਹੁਣ ਲਾਭਪਾਤਰੀਆਂ ਨੂੰ ਰਾਸ਼ਨ ਕਾਰਡ ਲਿਆਉਣ ਦੀ ਲੋੜ ਨਹੀਂ ਹੋਵੇਗੀ ਸਗੋਂ ਉਨ੍ਹਾਂ ਨੂੰ ਆਪਣਾ ਆਧਾਰ ਕਾਰਡ ਨੰਬਰ  ਅਤੇ  ਆਪਣੇ  ਫਿੰਗਰ ਪ੍ਰਿੰਟ ਦੇ ਕੇ ਕਣਕ ਪ੍ਰਾਪਤ ਕਰ ਸਕਣਗੇ|
ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈਜ਼ ਸ੍ਰੀਮਤੀ ਹਰਜੀਤ ਕੌਰ ਨੇ ਦੱਸਿਆ ਕਿ ਐਸ.ਏ.ਐਸ. ਨਗਰ ਜ਼ਿਲ੍ਹੇ ਵਿਚ 264 ਸਸਤੇ ਰਾਸ਼ਨ ਦੇ ਸਰਕਾਰੀ ਡਿਪੂ ਹਨ ਅਤੇ 99 ਹਜਾਰ ਦੇ ਕਰੀਬ ਆਟਾ ਦਾਲ ਸਕੀਮ ਦੇ ਕਾਰਡ ਹੋਲਡਰ ਹਨ ਅਤੇ 3 ਲੱਖ 73 ਹਜ਼ਾਰ ਦੇ ਕਰੀਬ ਲਾਭਪਾਤਰੀ ਹਨ  ਜ਼ਿਨ੍ਹਾਂ ਨੂੰ ਕਿ ਛੇ ਮਹੀਨੇ ਬਾਅਦ 11 ਹਜਾਰ 218 ਮੀਟਰਿਕ ਟਨ ਕਣਕ 2 ਰੁਪਏ ਕਿਲੋ ਦਿੱਤੀ ਜਾਂਦੀ ਹੈ| ਇਸ ਮੌਕੇ ਡੀ.ਐਫ.ਐਸ.ਓ. ਸੰਜੀਵ ਗੁਪਤਾ, ਮਧੂ, ਹੇਮ ਰਾਜ ਸ਼ਰਮਾ, ਏ.ਐਫ. ਐਸ.ਓ. ਰਾਜਨ ਗੁਪਤਾ, ਅਨਿਲ ਬਾਵਾ, ਪਰਮਿੰਦਰ ਸਿੰਘ, ਇੰਸਪੈਕਟਰ ਸਿੰਘ ਬਿਕਰਮ, ਰੇਨੁਕਾ ਬੱਤਰਾ, ਸਿਮਰਨਜੀਤ ਸਿੰਘ ਅਤੇ ਟੈਕਨੀਕਲ ਟੀਮ ਦੇ ਗੌਰਵ ਅਤੇ ਪੁਨਿਤ ਅਤੇ ਅਮਿਤ ਵੀ ਮੌਜੂਦ ਸਨ|

Leave a Reply

Your email address will not be published. Required fields are marked *