ਪੰਜਾਬ ਵਿੱਚ ਸਹਿਕਾਰਤਾ ਲਹਿਰ ਨੂੰ ਮੁੜ ਕੀਤਾ ਜਾਵੇਗਾ ਮਜ਼ਬੂਤ: ਸੁਖਜਿੰਦਰ ਰੰਧਾਵਾ

ਪੰਜਾਬ ਵਿੱਚ ਸਹਿਕਾਰਤਾ ਲਹਿਰ ਨੂੰ ਮੁੜ ਕੀਤਾ ਜਾਵੇਗਾ ਮਜ਼ਬੂਤ: ਸੁਖਜਿੰਦਰ ਰੰਧਾਵਾ
ਪੰਜਾਬ ਵਿੱਚੋਂ ਨਕਲੀ ਖ਼ੁਰਾਕ ਪਦਾਰਥਾਂ ਦਾ ਕਰਾਂਗੇ ਖਾਤਮਾ : ਬਲਬੀਰ ਸਿੱਧੂ
ਐਸ.ਏ.ਐਸ. ਨਗਰ, 24 ਅਗਸਤ (ਸ.ਬ.) ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਥੱਲਿਓਂ ਕੱਢ ਕੇ ਸੂਬੇ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਲਈ ਸਹਿਕਾਰਤਾ ਮੁਹਿੰਮ ਨੂੰ ਮੁੜ ਤੋਂ ਮਜ਼ਬੂਤ ਕੀਤਾ ਜਾਵੇਗਾ ਅਤੇ ਜਾਣਬੁੱਝ ਕੇ ਕਰਜ਼ਾ ਨਾ ਮੋੜਨ ਵਾਲੇ ਧੰਨਾਢ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ੍ਹ ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਲਾਈਵਸਟਾਕ ਭਵਨ, ਸੈਕਟਰ-68, ਐਸ.ਏ.ਐਸ. ਨਗਰ ਵਿਖੇ ਇੰਡੀਅਨ ਫਾਰਮਰਜ਼ ਐਲਾਇੰਸ (ਆਈਫਾ) ਵੱਲੋਂ ਪੰਜਾਬ ਦੇ ਸਫ਼ਲ ਕਿਸਾਨਾਂ ਦੇ ਸਨਮਾਨ ਅਤੇ ਸਫ਼ਲ ਕਿਸਾਨਾਂ ਦੀਆਂ ਕਹਾਣੀਆਂ ਦੇ ਆਧਾਰ ਤੇ ਤਿਆਰ ਕੀਤੇ ਕਿਤਾਬਚਾ ‘ਉੱਨਤ ਕਿਸਾਨ’ ਰਿਲੀਜ਼ ਕਰਨ ਲਈ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ|
ਸਮਾਗਮ ਨੂੰ ਸੰਬੋਧਨ ਕਰਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕੀਤਾ ਜਾਣਾ ਲਾਜ਼ਮੀ ਹੈ ਤੇ ਇਸ ਦੇ ਮੱਦੇਨਜ਼ਰ ਮਾਰਕਫੈਡ ਵੱਲੋਂ ਸੂਬੇ ਵਿੱਚ ਮੀਟ ਪ੍ਰੋਸੈਸਿੰਗ ਪਲਾਂਟ ਲਾਇਆ ਜਾਵੇਗਾ| ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਲਈ ਸਹਿਕਾਰਤਾ ਵਿਭਾਗ, ਪਸ਼ੂ ਪਾਲਣ ਵਿਭਾਗ ਅਤੇ ਡੇਅਰੀ ਵਿਕਾਸ ਵਿਭਾਗ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ| ਸ. ਰੰਧਾਵਾ ਨੇ ਦੱਸਿਆ ਕਿ ਛੇਤੀ ਹੀ ਸੂਬੇ ਵਿੱਚ ਸਹਿਕਰਤਾ ਵਿਭਾਗ ਵੱਲੋਂ ਇੱਕ ਵਿਸ਼ੇਸ਼ ਹੈਲਪਲਾਈਨ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਜ਼ਰੀਏ ਲੋਕਾਂ ਨੂੰ ਸੁਸਾਇਟੀਆਂ ਆਦਿ ਦੀ ਪੂਰਨ ਜਾਣਕਾਰੀ ਮਿਲੇਗੀ ਤੇ ਉਹ ਆਪਣੇ ਦੁੱਧ ਅਤੇ ਦੁੱਧ ਉਤਪਾਦਾਂ ਦੀ ਜਾਂਚ ਕਰਵਾ ਸਕਣਗੇ| ਇਸ ਦੇ ਨਾਲ-ਨਾਲ ਨਕਲੀ ਦੁੱਧ ਜਾਂ ਦੁੱਧ ਉਤਪਾਦ ਵੇਚਣ ਵਾਲਿਆਂ ਦੀ ਸ਼ਿਕਾਇਤ ਵੀ ਇਸ ਹੈਲਪਲਾਈਨ ਤੇ ਦਿੱਤੀ ਜਾ ਸਕੇਗੀ|
ਸਮਾਗਮ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚੋਂ ਨਕਲੀ ਖ਼ੁਰਾਕ ਪਦਾਰਥਾਂ ਦਾ ਬਹੁਤ ਛੇਤੀ ਹੀ ਖ਼ਾਤਮਾ ਕਰ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਇਸ ਲਹਿਰ ਵਿੱਚ ਵੀ ਲੋਕ ਸਰਕਾਰ ਦਾ ਉਸੇ ਤਰ੍ਹਾਂ ਸਾਥ ਦੇਣ ਜਿਵੇਂ ਨਸ਼ਾ ਵਿਰੋਧੀ ਮੁਹਿੰਮ ਵਿੱਚ ਦੇ ਰਹੇ ਹਨ| ਸ. ਸਿੱਧੂ ਨੇ ਕਿਹਾ ਕਿ ਸਹਾਇਕ ਧੰਦਿਆਂ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਸੰਭਾਵਨਾਵਾਂ ਮੌਜੂਦ ਹਨ| ਇਨ੍ਹਾਂ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਧੇਗੀ, ਉਥੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ| ਪਸ਼ੂ ਪਾਲਣ ਵਿਭਾਗ ਵੱਲੋਂ ਮੀਟ ਦੇ ਕਾਰੋਬਾਰ ਨੂੰ ਵਧਾਉਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਉੱਤਰ-ਪੂਰਬੀ ਰਾਜਾਂ ਵਿੱਚ ਸੂਰ ਦੇ ਮੀਟ ਦੀ ਮੰਗ ਬਹੁਤ ਜ਼ਿਆਦਾ ਹੈ ਤੇ ਸੂਰ ਪਾਲਣ ਦੇ ਧੰਦੇ ਸਦਕਾ ਕਿਸਾਨਾਂ ਦੀ ਆਮਦਨ ਵਿੱਚ ਚੋਖਾ ਵਾਧਾ ਹੋ ਸਕਦਾ ਹੈ| ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਇਹ ਲਾਜ਼ਮੀ ਹੋ ਗਿਆ ਹੈ ਕਿ ਸਹਾਇਕ ਧੰਦੇ ਅਪਨਾਉਣ ਦੇ ਨਾਲ-ਨਾਲ ਕਿਸਾਨ ਵਪਾਰੀ ਬਣ ਕੇ ਆਪਣੇ ਉਤਪਾਦ ਖ਼ੁਦ ਵੇਚੇ, ਜਿਹੜੇ ਕਿਸਾਨ ਅਜਿਹਾ ਕਰ ਰਹੇ ਹਨ, ਉਹ ਖੁਸ਼ਹਾਲ ਜ਼ਿੰਦਗੀ ਵੀ ਬਸਰ ਕਰ ਰਹੇ ਹਨ ਤੇ ਸੂਬੇ ਦੀ ਤਰੱਕੀ ਵਿੱਚ ਯੋਗਦਾਨ ਵੀ ਪਾ ਰਹੇ ਹਨ|
ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸਹਾਇਕ ਧੰਦਿਆਂ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ| ਉਨ੍ਹਾਂ ਨੇ ਇਸ ਸਬੰਧੀ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਦੁਨੀਆਂ ਦੇ ਕਈ ਦੇਸ਼ ਸਿਰਫ ਡੇਅਰੀ ਦੇ ਧੰਦੇ ਸਦਕਾ ਹੀ ਵਿਕਸਤ ਦੇਸ਼ ਬਣੇ ਹਨ| ਇਸ ਲਈ ਪੰਜਾਬ ਵਿੱਚ ਇਸ ਧੰਦੇ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ|
ਸਮਾਗਮ ਦੌਰਾਨ ਸ੍ਰੀ ਅਸ਼ੋਕ ਝਾਂਜੀ ਦਾ ਕਿਤਾਬਚਾ ‘ਉੱਨਤ ਕਿਸਾਨ’ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਰਾਜ ਭਰ ਦੇ 27 ਸਫ਼ਲ ਕਿਸਾਨਾਂ ਦੀਆਂ ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ ਇਸ ਮੌਕੇ ਸਫ਼ਲ ਕਿਸਾਨਾਂ ਦਾ ਸਨਮਾਨ ਵੀ ਕੀਤਾ ਗਿਆ|
ਸਮਾਗਮ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਡਾ. ਬੀ.ਐਸ. ਢਿੱਲੋਂ, ਗੁਰੂ ਅੰਗਦ ਦੇਵ ਵੈਰਟਰਨਰੀ ਅਤੇ ਐਨੀਲਮ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਸ੍ਰੀ ਏ.ਐਸ.ਨੰਦਾ, ਡਾਇਰੈਕਟਰ ਡੇਅਰੀ ਵਿਕਾਸ ਸ. ਇੰਦਰਜੀਤ ਸਿੰਘ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਅਮਰਜੀਤ ਸਿੰਘ, ਸੁਖਪਾਲ ਸਿੰਘ ਸੇਖੋਂ, ਆਈਫਾ ਦੇ ਪ੍ਰਧਾਨ ਸ੍ਰੀ ਸੰਜੀਵ ਨਾਗਪਾਲ, ਆਈਫਾ ਦੇ ਸੀਨੀਅਰ ਮੈਂਬਰ ਸ. ਤੇਜਿੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ| ਸਮਾਗਮ ਵਿੱਚ ਸ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐਡਵੋਕੇਟ ਕੰਵਰਵੀਰ ਸਿੰਘ ਸਿੱਧੂ, ਜੁਆਇੰਟ ਡਾਇਰੈਕਟਰ ਡੇਅਰੀ ਵਿਭਾਗ ਪੰਜਾਬ ਸ.ਜਸਵੀਰ ਸਿੰਘ, ਡਿਪਟੀ ਡਾਇਰੈਕਟਰ ਕਰਨੈਲ ਸਿੰਘ ਸਮੇਤ ਵੱਡੀ ਵਿੱਚ ਕਿਸਾਨ ਤੇ ਪਸ਼ੂ ਪਾਲਕ ਅਤੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *