ਪੰਜਾਬ ਵਿੱਚ ਹਰ ਪਾਸੇ ਭਰਵੀਂ ਬਾਰਿਸ਼, ਸਾਰੇ ਪਾਸੇ ਜਲ ਥਲ

ਐਸ ਏ ਐਸ ਨਗਰ, 22 ਸਤੰਬਰ (ਸ.ਬ.) ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰ ਤੋਂ ਦੁਪਹਿਰ ਤਕ ਪਈ ਭਾਰੀ ਬਰਸਾਤ ਨੇ ਹਰ ਪਾਸੇ ਜਲ ਥਲ ਕਰ ਦਿੱਤੀ| ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਐਸ ਏ ਐਸ ਨਗਰ ਮੁਹਾਲੀ ਵਿੱਚ ਵੀ ਭਾਰੀ ਮੀਂਹ ਪਿਆ| ਇਹ ਮੀਂਹ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ| ਇਸ ਮੀਂਹ ਕਾਰਨ ਜਿਥੇ ਹਰ ਸ਼ਹਿਰ ਦੀਆਂ ਸੜਕਾਂ ਉਪਰ ਹੀ ਪਾਣੀ ਖੜ ਗਿਆ, ਉਥੇ ਹੀ ਇਸ ਬਰਸਾਤ ਕਾਰਨ ਜਨ ਜੀਵਨ ਵੀ ਅਸਤ ਵਿਅਸਤ ਹੋ ਗਿਆ|
ਬੀਤੇ ਦਿਨ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਚਿਤਾਵਨੀ ਵਿੱਚ ਦੱਸਿਆ ਗਿਆ ਸੀ ਕਿ ਮਾਲਵਾ, ਮਾਝਾ ਤੇ ਦੋਆਬਾ ਖੇਤਰ ਵਿੱਚ 7 ਤੋਂ 12 ਸੈਂਟੀਮੀਟਰ ਬਰਸਾਤ ਪੈ ਸਕਦੀ ਹੈ| ਅੱਜ ਸਵੇਰ ਤੋਂ ਹੀ ਚੰਡੀਗੜ੍ਹ ਤੋਂ ਲੈਕੇ ਮੁਹਾਲੀ, ਪਟਿਆਲਾ, ਸੰਗਰੂਰ ਤੇ ਬਰਨਾਲਾ ਤਕ ਦੂਰ-ਦੂਰ ਭਰਵਾਂ ਮੀਂਹ ਪਿਆ| ਹਾਲਾਂਕਿ, ਬਠਿੰਡਾ ਵਾਲੇ ਪਾਸੇ ਹਲਕੀ ਬਾਰਿਸ਼ ਹੋਈ ਪਰ ਤੇਜ਼ ਹਵਾਵਾਂ ਤੇ ਕਾਲੇ ਬੱਦਲਾਂ ਨੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ| ਦੂਜੇ ਪਾਸੇ ਦੋਆਬੇ ਵਿੱਚ ਕਈ ਥਾਈਂ ਹਲਕੀ ਬਰਸਾਤ ਹੋਈ ਪਰ ਤੇਜ਼ ਹਵਾਵਾਂ ਵੀ ਚੱਲੀਆਂ| ਅੰਮ੍ਰਿਤਸਰ ਵਿੱਚ ਵੀ ਸਵੇਰ ਤੋਂ ਭਾਰੀ ਬਰਸਾਤ ਹੋ ਰਹੀ ਹੈ| ਮੀਂਹ ਕਾਰਨ ਜਿੱਥੇ ਸੜਕਾਂ ਤੇ ਪਾਣੀ ਖੜ੍ਹਨ ਨਾਲ ਲੰਮੇ-ਲੰਮੇ ਜਾਮ ਲੱਗ ਗਏ, ਉੱਥੇ ਵੀ ਕਿਸਾਨਾਂ ਦੇ ਚਿਹਰੇ ਮੁਰਝਾਅ ਗਏ ਹਨ|
ਬੇਸ਼ੱਕ ਝੋਨੇ ਦੀ ਫ਼ਸਲ ਨੂੰ ਪਾਣੀ ਦੀ ਬਹੁਤਾਤ ਨਾਲ ਕੋਈ ਨੁਕਸਾਨ ਨਹੀਂ ਹੁੰਦਾ, ਪਰ ਇਸ ਸਮੇਂ ਸਾਉਣੀ ਦੀਆਂ ਫ਼ਸਲਾਂ ਪੱਕਣ ਕਿਨਾਰੇ ਹਨ ਅਤੇ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਵੀ ਸ਼ੁਰੂ ਹੋਣ ਵਾਲੀ ਹੈ| ਤੇਜ਼ ਹਵਾਵਾਂ ਕਾਰਨ ਕਿਸਾਨਾਂ ਦੇ ਮਨਾਂ ਵਿੱਚ ਫ਼ਸਲ ਦੇ ਵਿਛ ਜਾਣ ਕਾਰਨ ਖਰਾਬੇ ਅਤੇ ਮੀਂਹ ਕਾਰਨ ਇਸ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋ ਜਾਣ ਦਾ ਡਰ ਹੈ|
ਇਸ ਦੇ ਨਾਲ ਹੀ ਇਸ ਮੀਂਹ ਨੇ ਨਰਮਾ ਕਾਸ਼ਤਕਾਰਾਂ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ| ਘੱਟ ਪਾਣੀ ਵਾਲੀ ਇਸ ਫ਼ਸਲ ਦਾ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋ ਸਕਦਾ ਹੈ| ਖੇਤੀ ਮਾਹਰਾਂ ਨੇ ਵੀ ਇਸ ਮੀਂਹ ਨੂੰ ਫ਼ਸਲਾਂ ਲਈ ਨੁਕਸਾਨਦਾਇਕ ਦੱਸਿਆ ਹੈ|

Leave a Reply

Your email address will not be published. Required fields are marked *