ਪੰਜਾਬ ਸਕੂਲ ਸਿੱਖਿਆ ਬੋਰਡ ਕਲਰਕ ਭਰਤੀ ਮਾਮਲੇ ਵਿੱਚ ਤੋਤਾ ਸਿੰਘ ਬਰੀ

ਪੰਜਾਬ ਸਕੂਲ ਸਿੱਖਿਆ ਬੋਰਡ ਕਲਰਕ ਭਰਤੀ ਮਾਮਲੇ ਵਿੱਚ ਤੋਤਾ ਸਿੰਘ ਬਰੀ
ਬੋਰਡ ਦੇ ਸਾਬਕਾ ਅਧਿਕਾਰੀਆਂ ਨੂੰ ਤਿੰਨ ਤਿੰਨ ਸਾਲ ਦੀ ਸਜਾ
ਐਸ ਏ ਐਸ ਨਗਰ, 1 ਅਗਸਤ (ਸ.ਬ.) ਐਡੀਸ਼ਨਲ ਸ਼ੈਸ਼ਨ ਜੱਜ, ਰਜਨੀਸ਼ ਗਰਗ ਦੀ ਅਦਾਲਤ ਵਲੋਂ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਕਲਰਕ ਭਰਤੀ ਮਾਮਲੇ ਵਿੱਚ ਫੈਸਲਾ ਸੁਣਾ ਕੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਵੱਡੀ ਰਾਹਤ ਦਿੱਤੀ ਗਈ| ਮਾਣਯੋਗ ਅਦਾਲਤ ਵਲੋਂ ਸੁਣਾਏ ਗਏ ਇਸ ਫੈਸਲੇ ਵਿੱਚ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ, ਜਦੋਂਕਿ ਬੋਰਡ ਦੇ ਸਾਬਕਾ ਸਕੱਤਰ ਜਗਜੀਤ ਸਿੰਘ ਸਿੱਧੂ, ਉਸ ਸਮੇਂ ਦੀ ਚੋਣ ਕਮੇਟੀ ਦੇ ਮਂੈਬਰ ਪਵਿੱਤਰਪਾਲ ਕੌਰ, ਕਰਨਲ ਜੋਰਾ ਸਿੰਘ ਮਾਨ, ਉਸ ਸਮੇਂ ਦੇ ਪ੍ਰਾਈਵੇਟ ਸਕੱਤਰ ਅਮਰ ਸਿੰਘ ਨੂੰ ਤਿੰਨ ਤਿੰਨ ਸਾਲ ਦੀ ਕੈਦ ਅਤੇ 20-20 ਹਜਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ| ਜਿਕਰਯੋਗ ਹੈ ਕਿ ਤਿੰਨ ਸਾਲ ਤੱਕ ਦੀ ਕੈਦ ਹੋਣ ਤੇ ਤੁਰੰਤ ਹੀ ਜਮਾਨਤ ਮਿਲ ਜਾਂਦੀ ਹੈ|
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਅਕਾਲੀ ਸਰਕਾਰ ਸਮੇਂ ਹੋਈ ਭਰਤੀ ਦੀ ਸਾਲ 2002 ਦੌਰਾਨ ਬਣੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਵਿਜੀਲੈਂਸ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਇਸ ਭਰਤੀ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਸਨ ਤੇ ਇਸ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਭਰਤੀ ਹੋਏ ਮੁਲਾਜਮਾਂ ਨੂੰ ਰਿਲੀਵ ਕਰ ਦਿੱਤਾ ਗਿਆ ਸੀ| ਇਸ ਸਬੰਧੀ ਵਿਜੀਲੈਂਸ ਵਲੋਂ ਪਾਏ ਕੇਸ ਵਿੱਚ ਉਸ ਸਮੇਂ ਦੇ ਸਿੱਖਿਆ ਮੰਤਰੀ ਤੋਤਾ ਸਿੰਘ, ਬੋਰਡ ਦੇ ਉਸ ਸਮੇਂ ਦੇ ਸਕੱਤਰ ਜਗਜੀਤ ਸਿੰਘ ਸਿੱਧੂ, ਉਸ ਸਮੇਂ ਦੀ ਚੋਣ ਕਮੇਟੀ ਦੇ ਮੈਂਬਰ ਪਵਿੱਤਰਪਾਲ ਕੌਰ, ਕਰਨਲ ਜੋਰਾ ਸਿੰਘ ਮਾਨ, ਉਸ ਸਮੇਂ ਦੇ ਪ੍ਰਾਈਵੇਟ ਸਕੱਤਰ ਅਮਰ ਸਿੰਘ ਅਤੇ ਹੋਰਨਾਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ| ਸੋਲਾਂ ਸਾਲ ਚਲੇ ਇਸ ਕੇਸ ਵਿੱਚ ਮੁਹਾਲੀ ਦੀ ਮਾਣਯੋਗ ਅਦਾਲਤ ਨੇ ਅੱਜ ਫੈਸਲਾ ਸੁਣਾਇਆ ਹੈ|

Leave a Reply

Your email address will not be published. Required fields are marked *