ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਿਤਾਬਾਂ ਦੀ ਛਪਾਈ ਦਾ ਕੰਮ ਵਾਪਿਸ ਲੈਣ ਦੇ ਪਿੱਛੇ ਕਿਤਾਬ ਮਾਫੀਆ: ਬੇਦੀ

ਐਸ ਏ ਐਸ ਨਗਰ, 4 ਜੁਲਾਈ (ਸ.ਬ.) ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਬਕਾ ਜਨਰਲ ਸਕੱਤਰ ਸ੍ਰ. ਭਗਵੰਤ ਸਿੰਘ ਬੇਦੀ ਨੇ ਸਰਕਾਰ ਵੱਲੋਂ ਕਿਤਾਬਾਂ ਦੀ ਛਪਾਈ ਐਸ ਸੀ ਈ ਆਰ ਟੀ ਤੋਂ ਕਰਵਾਉਣ ਦੀ ਯੋਜਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਕਾਰਵਾਈ ਬੋਰਡ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾਉਣ ਤੋਂ ਬਿਨਾਂ ਹੋਰ ਕੁਝ ਨਹੀਂ ਹੈ| ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸਰਕਾਰ ਨੇ ਬੋਰਡ ਤੋਂ ਕਿਤਾਬਾਂ ਦੀ ਛਪਾਈ ਆਪਣੇ ਹੱਥਾਂ ਵਿੱਚ ਲੈਣ ਦਾ ਨਿਰਣਾ ਕੀਤਾ ਹੋਵੇ| ਇਸ ਤੋਂ ਪਹਿਲਾਂ ਦੋ ਵਾਰ  ਭ੍ਰਿਸ਼ਟ ਅਫਸਰਸ਼ਾਹੀ ਅਤੇ ਸਿਆਸੀ ਆਗੂਆਂ ਦੀ ਜੁਡਲੀ ਬੋਰਡ ਤੋਂ ਕਿਤਾਬਾਂ ਦੀ ਛਪਾਈ ਵਾਪਸ ਲੈਣ ਦੇ ਨਿਰਣੇ ਕਰ ਚੁੱਕੀ ਹੈ ਪਰ ਹਰ ਵਾਰ ਕਿਤਾਬਾਂ ਸਿਰਫ ਕਾਗਜਾਂ ਵਿੱਚ ਹੀ ਛਪੀਆਂ ਅਤੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਗਿਆ| ਕਿਤਾਬਾਂ ਦੀ ਛਪਾਈ ਨਾ ਕਰ ਸਕਣ ਅਤੇ ਕੁਰਪਸ਼ਨ ਜਗ ਜਾਹਿਰ ਹੋਣ ਤੇ ਕਿਤਾਬਾਂ ਦੀ ਛਪਾਈ ਦਾ ਕੰਮ ਫੇਰ ਤੋਂ ਬੋਰਡ ਨੂੰ ਦਿਤਾ ਗਿਆ ਸੀ| ਸ੍ਰੀ ਬੇਦੀ ਨੇ ਕਿਹਾ ਕਿ ਜਥੇਬੰਦੀ ਦੇ ਜਨਰਲ ਸਕੱਤਰ ਦੇ ਤੌਰ ਤੇ ਸਰਕਾਰ ਦੇ ਨਿਰਣੇ ਦੇ ਖਿਲਾਫ ਪੀ ਆਈ ਐਲ ਵੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਸੀ| ਸਰਕਾਰ ਨੇ ਰਿਟ ਦੀ ਸੁਣਵਾਈ ਦੌਰਾਨ ਦੋ ਵਾਰ ਬੋਰਡ ਦੇ ਐਕਟ ਨੂੰ ਵੀ ਸੋਧ ਦਿਤਾ ਸੀ ਪਰ ਫੇਰ ਵੀ ਸਰਕਾਰ ਬੋਰਡ ਦੇ ਹੱਕ ਤੇ ਡਾਕਾ ਮਾਰਨ ਵਿੱਚ ਕਾਮਯਾਬ ਨਹੀਂ ਸੀ ਹੋਈ ਅਤੇ ਆਖਰ ਇਕ ਸਾਲ ਕਿਤਾਬਾਂ ਦੀ ਛਪਾਈ ਤੋਂ ਬਿਨਾਂ ਹੀ ਕੋਰੜਾਂ ਰੁਪਏ ਡਕਾਰਨ ਤੋਂ ਬਾਅਦ ਕਿਤਾਬਾਂ ਛਾਪਣ ਦਾ ਕੰਮ ਫੇਰ ਤੋਂ ਬੋਰਡ ਹਵਾਲੇ ਕੀਤਾ ਗਿਆ ਸੀ|
ਸ੍ਰੀ ਬੇਦੀ ਨੇ ਦੋਸ਼ ਲਾਇਆ ਕਿ ਹੁਣ ਹੋਇਆ ਨਿਰਣਾ ਵੀ ਸਿੱਖਿਆ ਘੋਟਾਲਾ ਸਾਬਤ ਹੋਵੇਗਾ| ਜਿਸ ਵਿੱਚ ਸਰਕਾਰੀ ਅਧਿਕਾਰੀ ਅਤੇ ਸਿਆਸੀ ਆਗੂ ਮਿਲ ਕੇ ਸਿਖਿਆ ਦੇ ਖੇਤਰ ਨੂੰ ਲੁੱਟਣਗੇ| ਸ੍ਰੀ ਬੇਦੀ ਨੇ ਕਿਹਾ ਕਿ ਸਰਕਾਰ ਦਾ ਨਿਰਣਾ ਰੇਤ ਮਾਫੀਆਂ, ਸ਼ਰਾਬ ਮਾਫੀਆਂ, ਕੇਬਲ ਮਾਫੀਆਂ, ਟਰਾਂਸਪੋਰਟ ਮਾਫੀਆਂ ਦੀ ਤਰ੍ਹਾਂ ਹੀ ਕੰਮ ਕਰੇਗਾ ਅਤੇ ਕਿਤਾਬਾਂ ਤੋਂ ਸ਼ੁਰੂ ਕਰਕੇ ਇਹ ਹੋਰ ਖੇਤਰਾਂ ਵਿੱਚ ਵੀ ਆਪਣੇ ਪੈਰ ਜਮਾਉਣ ਦਾ ਯਤਨ         ਕਰੇਗਾ| ਕਿਤਾਬਾਂ ਦੀ ਕਮਾਈ ਦਾ ਸਬੰਧ ਸੈਂਕੜੇ ਰਿਟਾਇਰ ਮੁਲਾਜਮ ਅਤੇ ਇਸ ਸਮੇਂ ਬੋਰਡ ਵਿੱਚ ਕੰਮ ਕਰ ਰਹੇ ਮੁਲਾਜਮਾਂ ਦੀ ਜਿੰਦਗੀ ਅਤੇ ਮੌਤ ਦਾ ਸਵਾਲ ਹੈ| ਇਹਨਾਂ ਕਿਤਾਬਾਂ ਦੀ ਕਮਾਈ ਹੀ ਉਹਨਾਂ ਦੀ ਪੈਨਸ਼ਨ ਅਤੇ ਤਨਖਾਹ ਹੈ| ਜੇਕਰ ਸਰਕਾਰ ਵਿਚਲੀ ਕਰਪਟ ਜੁਡਲੀ ਕਿਤਾਬਾਂ ਦੀ ਛਪਾਈ ਲਈ ਬਜਿਦ ਰਹੀ ਤਾਂ ਇਹ ਬੋਰਡ ਨੂੰ ਬਰਬਾਦ ਕਰਨ ਵਾਲੀ ਗਲ ਹੋਵੇਗੀ| ਉਹਨਾਂ ਕਿਹਾ ਕਿ ਸਿਖਿਆ ਵਿਭਾਗ ਦੇ ਨਵੇਂ ਪ੍ਰਮੁੱਖ ਸਕੱਤਰ ਜਿਸ ਵੀ ਮਹਿਕਮੇ ਵਿੱਚ ਜਾਂਦੇ ਹਨ ਉੱਥੇ ਜਿਨ੍ਹਾਂ ਫਾਇਦਾ ਕਰਦੇ ਹਨ, ਉਸ ਤੋਂ ਵੱਧ ਉਸ ਮਹਿਕਮੇ ਦਾ ਨੁਕਸਾਨ ਕਰਦੇ ਹਨ| ਸ੍ਰੀ ਬੇਦੀ ਨੇ ਮੰਗ ਕੀਤੀ ਕਿ ਐਸ ਸੀ ਈ ਆਰ ਟੀ ਵਲੋਂ ਕਿਤਾਬਾਂ ਛਾਪਣ ਦਾ ਨਿਰਣਾ ਤੁਰੰਤ ਵਾਪਸ ਲਿਆ ਜਾਵੇ ਅਤੇ  ਬੋਰਡ ਦਾ 200 ਕਰੋੜ ਬੋਰਡ ਨੂੰ ਦਿਤਾ ਜਾਵੇ ਅਤੇ ਬੋਰਡ ਦੀ  ਬਿਲਡਿੰਗ ਦਾ ਕਿਰਾਇਆ ਦਿਤਾ ਜਾਵੇ|

Leave a Reply

Your email address will not be published. Required fields are marked *