ਪੰਜਾਬ ਸਟੇਟ ਕਰਮਚਾਰੀ ਦਲ ਵਲੋਂ ਜਲ ਸਰੋਤ ਵਿਭਾਗ ਦੇ ਮੁੱਖ ਇੰਜੀਨੀਅਰ ਨਾਲ ਮੀਟਿੰਗ

ਪਟਿਆਲਾ, 27 ਅਗਸਤ (ਸ.ਬ.) ਪੰਜਾਬ ਸਟੇਟ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਅਤੇ ਲੇਬਰ ਵੈਲਫੇਅਰ ਬੋਰਡ ਦੇ ਚੇਅਰਮੈਨ ਸ੍ਰ. ਹਰੀ ਸਿੰਘ ਟੌਹੜਾ ਦੀ ਅਗਵਾਈ ਹੇਠ ਜਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਜਲ ਸਰੋਤ ਵਿਭਾਗ ਦੇ ਮੁੱਖ ਇੰਜੀਨੀਅਰ ਵਿਜੀਲੈਂਸ ਸ਼੍ਰੀ ਅਸ਼ਵਨੀ ਕੁਮਾਰ ਕਾਂਸਲ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੀਟਿੰਗ ਕੀਤੀ ਗਈ| 
ਇਸ ਬਾਰੇ ਜਾਣਕਾਰੀ ਦਿਦਿਆਂ ਸ੍ਰ. ਟੌਹੜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੁੱਖ ਇੰਜੀਨੀਅਰ ਵੱਲੋਂ                ਜਥੇਬੰਦੀ ਨੂੰ ਵਿਸ਼ਵਾਸ਼ ਦਿਵਾਇਆ ਕਿ ਵਿਭਾਗ ਵਿਚ ਜੋ ਆਸਾਮੀਆਂ ਸਰਪਲੱਸ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉਸ ਫੈਸਲੇ ਨੂੰ ਰਿਵਾਈਜ਼ ਕਰਕੇ ਮੁਲਾਜ਼ਮਾਂ ਦੇ ਪੱਖਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ| ਸ੍ਰ. ਟੌਹੜਾ ਨੇ ਦੱਸਿਆ ਕਿ ਜੱਥੇਬੰਦੀ ਵਲੋਂ ਮੁੱਖ ਇੰਜੀਨੀਅਰ ਨੂੰ ਦੱਸਿਆ ਗਿਆ ਕਿ ਸਿੰਚਾਈ ਵਿਭਾਗ ਵਿਚ ਲੰਬੇ ਸਮੇਂ ਤੋਂ ਫੀਲਡ ਦੇ ਕਰਮਚਾਰੀਆਂ ਦੀਆਂ ਤਕਰੀਬਨ 24263 ਆਸਾਮੀਆਂ ਮੰਨਜ਼ੂਸ਼ੁਦਾ ਸਨ| ਜਿਨ੍ਹਾਂ ਵਿਚ                     ਬੇਲਦਾਰ, ਮੇਟ, ਵਰਕਮੁਨਸ਼ੀ, ਵਰਕ ਮਿਸਤਰੀ, ਮਾਰਟਰਮੇਟ, ਟੈਲੀਫੋਨ ਕਲਰਕ ਆਦਿ ਦਰਜਾ-3 ਤੇ ਦਰਜਾ-4 ਕਰਮਚਾਰੀ ਕੰਮ ਕਰ ਰਹੇ ਸਨ, ਉਨ੍ਹਾਂ ਵਿਚੋਂ ਵਿਭਾਗ ਦੀਆਂ 8657 ਪੋਸਟਾਂ ਖਤਮ ਕਰਕੇ ਮੌਜੂਦਾ ਗਿਣਤੀ 15606 ਕਰ ਦਿੱਤੀ ਗਈ ਜਦਕਿ ਵਿਭਾਗ ਵਿਚ ਅਜੇ ਵੀ 17499 ਮੁਲਾਜ਼ਮ ਮੌਜੂਦ ਹਨ|
ਉਹਨਾਂ ਕਿਹਾ ਕਿ ਖਤਮ ਕੀਤੀਆਂ ਆਸਾਮੀਆਂ ਵਿੱਚ 97 ਫੀਸਦੀ ਪੋਸਟਾਂ ਦਰਜਾ-4 ਮੁਲਾਜ਼ਮਾਂ ਦੀਆਂ ਹਨ| ਜਿਸ ਕਾਰਨ ਮੁਲਾਜ਼ਮ ਵਰਗ ਵਿਚ ਬਹੁਤ ਵੱਡਾ ਰੋਸ ਹੈ| ਉਹਨਾਂ ਕਿਹਾ ਕਿ ਵਿਭਾਗ ਦੇ ਪਟਿਆਲਾ ਸਥਿਤ ਭੌਂ ਪ੍ਰਾਪਤੀ ਦਫਤਰ ਨੂੰ ਵੀ ਤੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ| ਜਿਸ ਨਾਲ ਜਿਥੇ ਮੁਲਾਜ਼ਮਾਂ ਦਾ ਨੁਕਸਾਨ ਹੋਵੇਗਾ, ਉਥੇ ਹੀ ਵਿਭਾਗ ਦੇ ਅਕਸ ਨੂੰ ਵੀ ਢਾਹ ਲੱਗੇਗੀ|
ਮੀਟਿੰਗ ਵਿਚ ਕਾਰਜਕਾਰੀ ਇੰਜੀਨੀਅਰ/ਚੌਕਸੀ ਸੁਖਜੀਤ ਸਿੰਘ ਭੁੱਲਰ, ਜਥੇਬੰਦੀ ਦੇ ਆਗੂ ਕੁਲਬੀਰ ਸਿੰਘ ਸੈਦਖੇੜੀ, ਨਾਰੰਗ ਸਿੰਘ, ਰਵੀ ਕੁਮਾਰ, ਸੁਖਵਿੰਦਰ ਸਿੰਘ ਸੈਣੀ ਆਦਿ ਆਗੂ ਹਾਜ਼ਰ ਸਨ|

Leave a Reply

Your email address will not be published. Required fields are marked *